Close
Menu

ਵਿਟੋਰੀ ਵੱਲੋਂ ਕ੍ਰਿਕਟ ਨੂੰ ਅਲਵਿਦਾ

-- 01 April,2015

ਆਕਲੈਂਡ, ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ ਇਕ ਰੋਜ਼ਾ ਕ੍ਰਿਕਟ ਮੈਚ ਖੇਡ ਚੁੱਕੇ ਸਪਿੰਨਰ ਡੇਨੀਅਲ ਵਿਟੋਰੀ ਨੇ ਅੱਜ ਵਨ-ਡੇਅ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਹੈ। ਇਹ ਖਿਡਾਰੀ ਟੈਸਟ ਅਤੇ ਟੀ-20 ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕਾ ਹੈ। ਇਸ ਦੇ ਨਾਲ ਹੀ ਵਿਟੋਰੀ ਦਾ ਅਠਾਰਾਂ ਸਾਲਾਂ ਦਾ ਸੁਨਹਿਰੀ ਕਰੀਅਰ ਸਮਾਪਤ ਹੋ ਗਿਆ। ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਨਿਊਜ਼ੀਲੈਂਡ ਦੀ ਸੱਤ ਵਿਕਟਾਂ ਨਾਲ ਮਾਤ ਬਾਅਦ ਵਤਨ ਪਹੁੰਚ ਕੇ ਵਿਟੋਰੀ ਨੇ ਸੰਨਿਆਸ ਦਾ ਅੈਲਾਨ ਕਰ ਦਿੱਤਾ। ਕਿਵੀ ਟੀਮ ਦੇ ਸਪਿੰਨਰ ਨੇ ਕਿਹਾ, ‘ਇਹ ਨਿਊਜ਼ੀਲੈਂਡ ਟੀਮ ਲਈ ਮੇਰਾ ਆਖਰੀ ਮੈਚ ਸੀ। ਜਿੱਤਦੇ ਤਾਂ ਹੋਰ ਚੰਗਾ ਲੱਗਦਾ ਪਰ ਮੈਨੂੰ ਸਾਰੇ ਖਿਡਾਰੀਆਂ ’ਤੇ ਮਾਣ ਹੈ। ਅਸੀਂ ਪਿਛਲੇ ਹਫ਼ਤੇ ਬਿਹਤਰੀਨ ਕ੍ਰਿਕਟ ਖੇਡੀ। ਫਾਈਨਲ ਵਿੱਚ ਪਹੁੰਚਣਾ ਹੀ ਮਾਣ ਵਾਲੀ ਗੱਲ ਸੀ। ਮੈਂ ਬ੍ਰੈਂਡਨ ਮੈੱਕਲਮ ਤੇ ਮਾਈਕ ਹੇਸਨ ਤੋਂ ਮਿਲੇ ਸਹਿਯੋਗ ਲਈ ਧੰਨਵਾਦੀ ਹਾਂ।’ ਅਠਾਰਾਂ ਸਾਲ ਦੀ ਉਮਰ ਵਿੱਚ 1997 ਵਿੱਚ ਇਕ ਰੋਜ਼ਾ ਕ੍ਰਿਕਟ ਵਿੱਚ ਅਾਗਾਜ਼ ਕਰਨ ਵਾਲੇ ਵਿਟੋਰੀ ਨੇ 295 ਮੈਚਾਂ ਵਿੱਚ 31.71 ਦੀ ਅੌਸਤ ਨਾਲ 305 ਵਿਕਟਾਂ ਹਾਸਲ ਕੀਤੀਆਂ ਅਤੇ ਪੰਜ ਵਿਸ਼ਵ ਕੱਪ ਟੂਰਨਾਮੈਂਟਾਂ ਦੇ 32 ਮੈਚਾਂ ਵਿੱਚ 36 ਵਿਕਟਾਂ ਝਟਕਾਈਆਂ। ਟੈਸਟ ਕ੍ਰਿਕਟ ਵਿੱਚ 113 ਮੈਚ ਖੇਡ ਕੇ ਉਸ ਨੇ 362 ਵਿਕਟਾਂ ਹਾਸਲ ਕੀਤੀਆਂ। ਉਹ 300 ਵਿਕਟਾਂ ਝਟਕਾਉਣ ਤੇ 4000 ਦੌਡ਼ਾਂ ਬਣਾਉਣ ਵਾਲਾ ਕਪਿਲ ਦੇਵ ਅਤੇ ਇਯਾਨ ਬਾਥਮ ਬਾਅਦ ਤੀਜਾ ਕ੍ਰਿਕਟਰ ਹੈ। ਟੈਸਟ ਕ੍ਰਿਕਟ ਵਿੱਚ ਉਸ ਨੇ 4531 ਦੌਡ਼ਾਂ ਬਣਾਈਆਂ ਹਨ। ਵਿਟੋਰੀ ਨੇ ਸਾਲ 2011 ਤਕ 32 ਟੈਸਟ ਅਤੇ 82 ਇਕ ਰੋਜ਼ਾ ਮੈਚਾਂ ਵਿੱਚ ਕਿਵੀ ਟੀਮ ਦੀ ਕਪਤਾਨੀ ਕੀਤੀ ਸੀ।

Facebook Comment
Project by : XtremeStudioz