Close
Menu

ਵਿਦੇਸ਼ ਮੰਤਰੀ ਵੱਲੋਂ ਗੈਰਕਾਨੂੰਨੀ ਟਰੈਵਲ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ’ਤੇ ਜ਼ੋਰ

-- 28 July,2018

ਨਵੀਂ ਦਿੱਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਲਈ ਜ਼ਿੰਮੇਵਾਰ ਟਰੈਵਲ ਏਜੰਟ ਅਜੇ ਵੀ ਦੇਸ਼ ਵਿੱਚ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਾਂ ਦੇ ਮਹਿਲਾ ਕਮਿਸ਼ਨਾਂ ਨੂੰ ਕਿਹਾ ਹੈ ਕਿ ਅਜਿਹੇ ਗੈਰਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ। ਸਵਰਾਜ ਨੇ ਮਾਰਚ ਵਿੱਚ ਸੰਸਦ ਵਿੱਚ ਜਾਣਕਾਰੀ ਦਿੱਤੀ ਸੀ ਕਿ ਭਾਰਤ ’ਚੋਂ ਇਰਾਕ ਗਏ 39 ਭਾਰਤੀਆਂ ਨੂੰ ਆਈਐਸਆਈਐਸ ਨੇ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਸੂਬਾਈ ਮਹਿਲਾ ਕਮਿਸ਼ਨਾਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਟਰੈਵਲ ਏਜੰਟਾਂ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਬਾਹਰ ਭੇਜਣ ਦੇ ਨੈੱਟਵਰਕ ਨੂੰ ਤੋੜਿਆ ਜਾਵੇ। ਉਨ੍ਹਾਂ ਕਿਹਾ ਕਿ ਐਂਟੀ ਟ੍ਰੈਫਿਕਿੰਗ ਬਿੱਲ ਇਕ ਬਹੁਤ ਹੀ ਵਧੀਆ ਕਦਮ ਹੈ ਪਰ ਜਦ ਤਕ ਅਜਿਹੇ ਗੈਰਕਾਨੂੰਨੀ ਏਜੰਟਾਂ ਦਾ ਨੈੱਟਵਰਕ ਨਹੀਂ ਤੋੜਿਆ ਜਾਂਦਾ ਉਦੋਂ ਤਕ ਇਹ ਪੂਰੀ ਤਰ੍ਹਾਂ ਸਾਰਥਕ ਨਹੀਂ ਹੋ ਸਕਦਾ।
ਵਿਦੇਸ਼ ਮੰਤਰੀ ਨੇ ਲੋਕਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਹੀ ਵਿਦੇਸ਼ ਜਾਣ ਅਤੇ ਇਸ ਲਈ ਸਰਕਾਰੀ ਮਾਨਤਾ ਪ੍ਰਾਪਤ ਏਜੰਟਾਂ ਦੀ ਹੀ ਮਦਦ ਲਈ ਜਾਵੇ। ਉਨ੍ਹਾਂ ਕਿਹਾ ਕਿ ਮੰਤਰਾਲੇ ਕੋਲ ਵੀ ਉਸ ਵਿਅਕਤੀ ਸਬੰਧੀ ਸਾਰੀ ਜਾਣਕਾਰੀ ਹੁੰਦੀ ਹੈ ਜੋ ਸਰਕਾਰੀ ਮਾਨਤਾ ਪ੍ਰਾਪਤ ਏਜੰਟਾਂ ਦੀ ਸਹਾਇਤਾ ਨਾਲ ਵਿਦੇਸ਼ ਜਾਂਦੇ ਹਨ ਅਤੇ ਜੇ ਉਥੇ ਉਨ੍ਹਾਂ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਇਸ ਲਈ ਏਜੰਟ ਜ਼ਿੰਮੇਵਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੂਬਾਈ ਕਮਿਸ਼ਨ ਗੈਰਕਾਨੂੰਨੀ ਏਜੰਟਾਂ ਦਾ ਪਤਾ ਲਗਾਉਣ ਅਤੇ ਅਜਿਹਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਨਾਂ ਮੁੱਖ ਮੰਤਰੀ ਨੂੰ ਦੇਣ ਅਤੇ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਘੱਟੋ ਘੱਟ ਅੱਧੀ ਸਮੱਸਿਆ ਦਾ ਹੱਲ ਹੋ ਜਾਵੇਗਾ।

Facebook Comment
Project by : XtremeStudioz