Close
Menu

ਵਿਦੇਸ਼ੀ ਧਰਤੀ ‘ਤੇ ‘ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਕੇਂਦਰ ਪੂਰੀ ਤਰ੍ਹਾਂ ਨਾਕਾਮ : ਹਰਸਿਮਰਤ ਬਾਦਲ

-- 09 August,2013

hsb1

ਨਵੀਂ ਦਿੱਲੀ/ਚੰਡੀਗੜ੍ਹ, 9 ਅਗਸਤ (ਦੇਸ ਪ੍ਰਦੇਸ ਟਾਈਮਜ਼)- ਵਿਦੇਸ਼ੀ ਧਰਤੀ ‘ਤੇ ਸਿੱਖਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਧਾਰਮਿਕ ਵਿਤਕਰੇ ਪ੍ਰਤੀ ਭਾਰਤ ਸਰਕਾਰ ਵੱਲੋਂ ਅਪਣਾਏ ਗਏ ਨਰਮ ਵਤੀਰੇ ‘ਤੇ ਸਵਾਲ ਕਰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਵਿੱਚ ਬੋਲਦਿਆਂ ਪ੍ਰਸ਼ਨ ਕਾਲ ਰੱਦ ਕਰਨ ਦਾ ਮਤਾ ਰੱਖਿਆ। ਮਤੇ ‘ਤੇ ਬੋਲਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਵਿਸ਼ਵ ਵਿੱਚ ਅੱਜ ਆਏ ਦਿਨ ਸਿੱਖ ਆਪਣੇ ਪਹਿਰਾਵੇ ਕਾਰਨ ਗਲਤ ਪਛਾਣ ਕਾਰਨ ਨਫ਼ਰਤ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸਕਾਨਸਿਨ ਵਿਖੇ ਜਦੋਂ ਸਿੱਖ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸੀ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰਕੇ ਕਈਆਂ ਨੂੰ ਮਾਰ ਦਿੱਤਾ। ਇਸੇ ਤਰ੍ਹਾਂ ਫਰਾਂਸ ਵਿੱਚ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਨਹੀਂ ਦਿੱਤਾ ਗਿਆ। ਹੁਣ ਇਸ ਤਰ੍ਹਾਂ ਹੀ ਇਟਲੀ ਦੇ ਏਅਰਪੋਰਟਾਂ ‘ਤੇ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੂੰ ਰੋਮ ਏਅਰਪੋਰਟ ‘ਦੇ ਜ਼ਲੀਲ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਵਿੱਚ ਇਟਾਲੀਅਨ ਏਅਰਪੋਰਟ ‘ਤੇ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਗੋਲਫਰ ਜੀਵ ਮਿਲਖਾ ਸਿੰਘ ਦੇ ਕੋਚ ਸ.ਅਮ੍ਰਿਤਇੰਦਰ ਸਿੰਘ ਨੂੰ ਮਿਲਾਨ ਏਅਰਪੋਰਟ ਦੇ ਸਟਾਫ ਵੱਲੋਂ ਉਥੇ ਪਹੁੰਚਣ ਦੇ ਨਾਲ ਨਾਲ ਉਥੋਂ ਵਾਪਸ ਰਵਾਨਾ ਹੋਣ ‘ਤੇ ਵੀ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਜੈਟ ਏਅਰਵੇਜ਼ ਦੇ ਕੈਪਟਨ ਧੂਪੀਆ ਨੂੰ ਮਿਲਾਨ ਤੋਂ ਦਿੱਲੀ ਦੀ ਫਲਾਇਟ 141 ਦੀ ਉਡਾਣ ਭਰਨ ਮੌਕੇ ਸੁਰੱਖਿਆ ਕਾਰਨਾਂ ਲਈ ਦਸਤਾਰ ਉਤਾਰਨ ਲਈ ਕਿਹਾ ਗਿਆ। ਇਸ ਤਰ੍ਹਾਂ ਹੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਕੀਤਾ ਗਿਆ। ਉਨ੍ਹਾਂ ਵੱਲੋਂ ਦਸਤਾਰ ਉਤਾਰਨ ਤੋਂ ਮਨ੍ਹਾਂ ਕਰਨ ‘ਤੇ ਉਨ੍ਹਾਂ ਨੂੰ 24 ਘੰਟੇ ਤੱਕ ਏਅਰਪੋਰਟ ‘ਤੇ ਬਿਠਾਈ ਰੱਖਿਆ।

ਦਸਤਾਰ ਨੂੰ ਸਿੱਖ ਧਰਮ ਦਾ ਇਕ ਮਹੱਤਵਪੂਰਨ ਚਿੰਨ੍ਹ ਦੱਸਦਿਆਂ ਸ੍ਰੀਮਤੀ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ‘ਤੇ ਦਬਾਅ ਪਾਉਣ ਕਿ ਉਹ ਏਅਰਪੋਰਟਾਂ ‘ਤੇ ਸੁਰੱਖਿਆ ਦੇ ਨਾਂ ‘ਤੇ ਸਿੱਖਾਂ ਦੀ ਦਸਤਾਰ ਦੀ ਬੇਅਦਬੀ ਨਾ ਕਰਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸੁਰੱਖਿਆ ਚੈਕਿੰਗ ਦੇ ਨਾਂ ‘ਤੇ ਦਸਤਾਰ ਦੀ ਬੇਅਦਬੀ ਕਰਨਾ ਸਿੱਖਾਂ ਦੀ ਪਛਾਣ ‘ਤੇ ਹਮਲਾ ਹੈ ਅਤੇ ਜੋ ਸਿੱਖਾਂ ਲਈ ਬਹੁਤ ਕਸ਼ਟਦਾਇਕ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਇਸ ਤਰ੍ਹਾਂ ਦਾ ਭੇਦਭਾਵ ਬਰਦਾਸ਼ਤ ਤੋਂ ਬਾਹਰ ਹੈ।

ਕੇਂਦਰ ਸਰਕਾਰ ਦੇ ਸਿੱਖਾਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਵਿੱਚ ਫੇਲ੍ਹ ਰਹਿਣ ‘ਤੇ ਨਿੰਦਾ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਕੇਂਦਰੀ ਵਿਦੇਸ਼ ਮੰਤਰਾਲਾ ਵੱਖ ਵੱਖ ਦੇਸ਼ਾਂ ਦੇ ਦੂਤਾਵਾਸਾਂ ਰਾਹੀਂ ਉਨ੍ਹਾਂ ਤੱਕ ਇਹ ਸੰਦੇਸ਼ ਪਹੁੰਚਾਉਣ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਮੌਕੇ ਉਹ ਦਸਤਾਰ ਦਾ ਸਨਮਾਨ ਕਰਨ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਿੱਖੀ ਭਾਵਨਾਵਾਂ ਦੀ ਬੇਕਦਰੀ ਹੁੰਦੀ ਹੈ। ਕੇਂਦਰ ਸਰਕਾਰ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਤੋਂ ਇਹ ਯਕੀਨੀ ਬਣਾਵੇ ਕਿ ਉਹ ਆਪਣੇ ਸਕਿਊਰਿਟੀ ਸਟਾਫ ਨੂੰ ਸਿੱਖਾਂ ਨਾਲ ਢੁਕਵਾਂ ਵਿਵਹਾਰ ਕਰਨ ਲਈ ਕਹਿਣ ਜਿਨ੍ਹਾਂ ਨਾਲ ਸਿੱਖਾਂ ਦੇ ਹਿੱਤ ਸੁਰੱਖਿਅਤ ਰਹਿ ਸਕਣ।

ਉਨ੍ਹਾਂ ਕਿਹਾ ਕਿ ਅੰਤਰਾਸ਼ਟਰੀ ਕਾਨੂੰਨ ਮੁਤਾਬਕ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਨਹੀਂ ਕਿਹਾ ਜਾ ਸਕਦਾ ਪਰ ਇਟਲੀ ਵਿੱਚ ਇਸ ਤਰ੍ਹਾਂ ਕਈ ਵਾਰ ਕੀਤਾ ਜਾ ਚੁੱਕਾ ਹੈ। ਇਹ  ਉਸ ਸਮੇਂ ਹੋਰ ਵੀ ਦੁਖਦਾਇਕ ਹੁੰਦਾ ਹੈ ਜਦੋਂ ਸਿੱਖ ਇਸਦਾ ਵਿਰੋਧ ਕਰਦੇ ਹਨ ਪਰ ਕੂਟਨੀਤਕ ਪੱਧਰ ‘ਤੇ ਕੁਝ ਵੀ ਨਹੀਂ ਹੁੰਦਾ।

ਸਿੱਖ ਧਰਮ ਵਿੱਚ ਦਸਤਾਰ ਦਾ ਮਹੱਤਵ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਿੱਖੀ ਦਾ ਇਕ ਅਨਿਖੜਵਾ ਹਿੱਸਾ ਹੈ ਜਿਸ ਨੂੰ ਸਿੱਖਾਂ ਵੱਲੋਂ ਕਦੇ ਵੀ ਉਤਾਰਿਆ ਨਹੀਂ ਜਾ ਸਕਦਾ। ਦਸਤਾਰ ਉਨ੍ਹਾਂ ਦੇ ਪਹਿਰਾਵੇ ਦਾ ਹਿੱਸਾ ਨਹੀਂ ਬਲਕਿ ਇਹ ਸਿੱਖੀ ਦਾ ਅਤੁੱਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸਦਾ ਇਸ ਅਕੀਦੇ ‘ਤੇ ਕਾਇਮ ਰਹੇ ਹਨ ਕਿ ”ਤੁਸੀਂ ਮੇਰਾ ਸਿਰ ਕਲਮ ਕਰ ਸਕਦੇ ਹੋ ਪਰ ਮੇਰੀ ਦਸਤਾਰ ਨਹੀਂ।” ਸ੍ਰੀਮਤੀ ਬਾਦਲ ਨੇ ਕਿਹਾ ਕਿ ਇਤਿਹਾਸ ਵਿੱਚ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਸਿੱਖਾਂ ‘ਤੇ ਜ਼ੁਲਮ ਦੀ ਇੰਤਹਾ ਕੀਤੀ ਪਰ ਸਿੱਖਾਂ ਨੇ ਦਸਤਾਰ ਨੂੰ ਸਿਰ ਨਾਲੋਂ ਵੱਖ ਨਾ ਹੋਣ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਭਾਰਤ ਸਰਕਾਰ ਮਨੁੱਖੀ ਅਧਿਕਾਰਾਂ ਦੇ ਵਿਸ਼ੇ ‘ਤੇ ਯੂਰਪੀਅਨ ਕਨਵੈਨਸ਼ਨ, ਮਨੁੱਖੀ ਅਧਿਕਾਰਾਂ ਦੀ ਬ੍ਰਹਿਮੰਡੀ ਘੋਸ਼ਣਾ ਅਤੇ ਸਿਆਸੀ ਅਤੇ ਸਿਵਲ ਅਧਿਕਾਰਾਂ ਬਾਰੇ ਅੰਤਰ ਰਾਸ਼ਟਰੀ ਕਨਵੈਨਸ਼ਨ ਵੱਲੋਂ ਐਲਾਨੀ ਗਈ ਧਾਰਮਿਕ ਆਜ਼ਾਦੀ ਸਿੱਖਾਂ ਲਈ ਕਦੋਂ ਯਕੀਨੀ ਬਣਾਏਗੀ।

ਸ੍ਰੀਮਤੀ ਬਾਦਲ ਨੇ ਕਿਹਾ ਕਿ ਸਿੱਖਾਂ ਸਮੇਤ ਹੋਰਨਾਂ ਧਾਰਮਿਕ ਅਕੀਦਿਆਂ ਨੂੰ ਮੰਨਣ ਵਾਲੇ ਨਾਗਰਿਕਾਂ ‘ਤੇ ਕੀਤੇ ਜਾਂਦੇ ਧਾਰਮਿਕ ਵਿਤਕਰੇ ਬਾਰੇ ਸਖ਼ਤ ਕੂਟਨੀਤਿਕ ਯਤਨ ਤੇਜ਼ ਕਰਨ ਦੀ ਅਪੀਲ ਕੀਤੇ।

Facebook Comment
Project by : XtremeStudioz