Close
Menu

ਵਿਮੁਕਤ ਜਾਤੀਆਂ ਅਤੇ ਬਾਜ਼ੀਗਰ ਬਰਾਦਰੀ ਨੂੰ ਰਾਖਵਾਂਕਰਨ ਦੇਣ ਸਬੰਧੀ ਸਖ਼ਤ ਹਦਾਇਤਾਂ ਜਾਰੀ

-- 02 September,2015

ਚੰਡੀਗੜ੍ਹ, 2 ਸਤੰਬਰ:     ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਵਿਭਾਗਾਂ ਨੂੰ ਵਿਮੁਕਤ ਜਾਤੀਆਂ ਅਤੇ ਬਾਜ਼ੀਗਰ ਬਰਾਦਰੀ ਨੂੰ ਨਿਰਧਾਰਤ ਰਿਜ਼ਰਵੇਸ਼ਨ ਦੇਣੀ ਯਕੀਨੀ ਬਣਾਏ ਜਾਣ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਪੰਜਾਬ ਸਰਕਾਰ ਦੇ ਭਲਾਈ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਨੇ ਵਿਮੁਕਤ ਜਾਤੀਆਂ/ਬਾਜ਼ੀਗਰਾਂ ਨੂੰ ਰਾਖਵਾਂਕਰਨ ਉਪਲੱਬਧ ਕਰਾਉਣ ਲਈ ਬਾਲਮੀਕੀ/ਮਜ਼ਬੀਆਂ, ਜਿਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਦੇ ਰਾਖਵੇਂਕਰਨ ਦਾ 50 ਫੀਸਦੀ ਹਿੱਸਾ ਪਹਿਲ ਦੇ ਆਧਾਰ ‘ਤੇ ਮਿਲਦਾ ਹੈ, ਦੇ ਕੋਟੇ ਅਤੇ ਅਨੁਸੂਚਿਤ ਜਾਤੀ ਦੇ ਸਾਬਕਾ ਫੌਜੀ, ਅਨੁਸੂਚਿਤ ਜਾਤੀ ਦੇ ਖਿਡਾਰੀਆਂ ਦੇ ਕੋਟੇ ਵਿੱਚੋਂ ਨਾ ਭਰੀਆਂ ਬਾਕੀ ਆਸਾਮੀਆਂ ਵਿਮੁਕਤ ਜਾਤੀਆਂ ਵਿੱਚੋਂ ਪਹਿਲ ਦੇ ਆਧਾਰ ‘ਤੇ ਭਰਨਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਬੁਲਾਰੇ ਅਨੁਸਾਰ ਇਸ ਤਰ੍ਹਾਂ ਕੀਤਾ ਰਾਖਵਾਂਕਰਨ 2 ਫੀਸਦੀ ਤੋਂ ਵੱਧ ਨਹੀਂ ਹੋਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਮੁਕਤ ਜਾਤੀਆਂ ਅਤੇ ਬਾਜ਼ੀਗਰ ਬਰਾਦਰੀ ਦੇ ਯੋਗ ਉਮੀਦਵਾਰ ਉਪਲੱਬਧ ਨਾ ਹੋਣ ‘ਤੇ ਇਹ ਆਸਾਮੀਆਂ ਅਨੁਸੂਚਿਤ ਜਾਤੀ ਨਾ ਸਬੰਧਤ ਦੂਸਰੇ ਉਮੀਦਵਾਰਾਂ ਰਾਹੀਂ ਭਰੀਆਂ ਜਾਣਗੀਆਂ। ਬੁਲਾਰੇ ਅਨੁਸਾਰ ਵਿਮੁਕਤ ਜਾਤੀਆਂ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁੱਝ ਵਿਭਾਗਾਂ ਵਲੋਂ ਸਰਕਾਰ ਦੁਆਰਾ ਦਿੱਤਾ ਜਾਂਦਾ ਰਾਖਵੇਂਕਰਨ ਦਾ ਲਾਭ ਇਨ੍ਹਾਂ ਜਾਤੀਆਂ ਦੇ ਉਮੀਦਵਾਰਾਂ ਨੂੰ ਨਹੀਂ ਦਿੱਤਾ ਜਾ ਰਿਹਾ। ਬੁਲਾਰੇ ਅਨੁਸਾਰ ਸੂਬਾ ਸਰਕਾਰ ਨੇ ਵਿਮੁਕਤ ਜਾਤੀਆਂ/ਬਾਜ਼ੀਗਰਾਂ ਨੂੰ ਨਿਰਧਾਰਤ ਕੀਤੇ ਰਾਖਵਾਂਕਰਨ ਨੂੰ ਇੰਨ-ਬਿੰਨ ਲਾਗੂ ਕਰਨ ਲਈ ਸਖ਼ਤ ਆਦੇਸ਼ ਦਿੱਤੇ ਹਨ।

Facebook Comment
Project by : XtremeStudioz