Close
Menu

ਵਿਰਕ ਕਤਲ ਕਾਂਡ : ਐਲਰਡ ਨੂੰ ਨਿਗਰਾਨੀ ਹੇਠ ਜੇਲ੍ਹ ਤੋਂ ਬਾਹਰ ਜਾਣ ਦੀ ਮਿਲੀ ਇਜਾਜ਼ਤ

-- 28 February,2017

ਐਬਸਫੋਰਡ, ਬੀਸੀ:  ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਈ ਗਈ ਕੈਲੀ ਐਲਰਡ ਨੂੰ ਡਾਕਟਰੀ ਜਾਂਚ ਤੇ ਆਪਣੇ ਬੱਚੇ ਲਈ ਪੇਰੈਂਟਿੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਸਤੇ ਜੇਲ੍ਹ ਵਿੱਚੋਂ ਆਰਜ਼ੀ ਤੌਰ ਉੱਤੇ ਛੁੱਟੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਪੈਰੋਲ ਬੋਰਡ ਮੈਂਬਰ ਐਲੈਕਸ ਡੈਂਟਜ਼ਰ ਦਾ ਕਹਿਣਾ ਹੈ ਕਿ ਭਾਵੇਂ ਐਲਰਡ ਦਾ ਜੁਰਮ ਕਾਫੀ ਵੱਡਾ ਸੀ ਪਰ ਉਸਦੇ ਚੰਗੇ ਵਿਵਹਾਰ ਕਾਰਨ ਉਸ ਨੂੰ ਇਹ ਰਾਹਤ ਦਿੱਤੀ ਗਈ ਹੈ। ਜਿ਼ਕਰਯੋਗ ਹੈ ਕਿ 1997 ਵਿੱਚ 14 ਸਾਲਾ ਰੀਨਾ ਵਿਰਕ ਨੂੰ ਵਿਕਟੋਰੀਆ ਨੇੜੇ ਕੁੱਟਣ ਤੇ ਉਸ ਤੋਂ ਬਾਅਦ ਡੁਬੋ ਕੇ ਉਸ ਦੀ ਜਾਨ ਲੈਣ ਵਾਲੀ ਐਲਰਡ ਨੂੰ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਪਾਇਆ ਗਿਆ ਸੀ। ਜੇਲ੍ਹ ਵਿੱਚ ਐਲਰਡ 15 ਸਾਲ ਗੁਜ਼ਾਰ ਚੁੱਕੀ ਹੈ। ਜੁਰਮ ਸਮੇਂ ਐਲਰਡ ਦੀ ਉਮਰ 15 ਸਾਲ ਸੀ, ਉਸ ਦੀ ਇਸ ਮਾਮਲੇ ਵਿੱਚ ਤਿੰਨ ਵਾਰੀ ਸੁਣਵਾਈ ਹੋਈ ਤੇ ਹੁਣ ਉਸ ਨੇ ਕਤਲ ਦੀ ਵਧੇਰੇ ਜਿੰ਼ਮੇਵਾਰੀ ਵੀ ਕਬੂਲ ਕੀਤੀ ਹੈ। ਉਸ ਨੇ ਪਿੱਛੇ ਜਿਹੇ ਦੱਸਿਆ ਕਿ ਵਿਰਕ ਦੇ ਬੇਸੁੱਧ ਸ਼ਰੀਰ ਨੂੰ ਉਸ ਨੇ ਹੀ ਰੋੜ੍ਹ ਕੇ ਪਾਣੀ ਵਿੱਚ ਸੁੱਟਿਆ।
ਸੁਣਵਾਈ ਵਿੱਚ ਇਹ ਸਾਹਮਣੇ ਆਇਆ ਸੀ ਕਿ ਐਲਰਡ ਨੇ ਵਿਰਕ ਦਾ ਸਿਰ ਕਾਫੀ ਸਮਾਂ ਪਾਣੀ ਵਿੱਚ ਡੁਬੋ ਕੇ ਰੱਖਿਆ ਸੀ। ਪੈਰੋਲ ਬੋਰਡ ਦੇ ਫੈਸਲੇ ਦਾ ਮਤਲਬ ਹੋਵੇਗਾ ਕਿ ਤਿੰਨ ਮਹੀਨਿਆਂ ਦੇ ਅਰਸੇ ਦੌਰਾਨ ਐਲਰਡ ਨੂੰ ਮਹੀਨੇ ਵਿੱਚ ਚਾਰ ਵਾਰੀ ਚਾਰ ਚਾਰ ਘੰਟਿਆਂ ਲਈ ਨਿਗਰਾਨੀ ਹੇਠ ਜੇਲ੍ਹ ਤੋਂ ਬਾਹਰ ਲਿਜਾਇਆ ਜਾਵੇਗਾ।
ਐਲਰਡ ਨੇ ਪਿਛਲੇ ਮਹੀਨੇ ਵੀ ਇਹੋ ਜਿਹੀ ਹੀ ਬੇਨਤੀ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਬੱਚੇ ਦੇ ਜਨਮ ਤੋਂ ਬਾਅਦ ਹੁਣ ਉਹ ਮੈਡੀਕਲ ਜਾਂਚ ਤੇ ਪੇਰੈਂਟਿੰਗ ਪ੍ਰੋਗਰਾਮਾਂ ਲਈ ਐਬਸਫੋਰਡ, ਬੀਸੀ ਦੀ ਜੇਲ੍ਹ ਵਿੱਚੋਂ ਬਾਹਰ ਜਾਣਾ ਚਾਹੁੰਦੀ ਹੈ। ਉਸ ਸਮੇਂ ਦੋ ਮੈਂਬਰੀ ਪੈਰੋਲ ਬੋਰਡ ਪੈਨਲ ਦਰਮਿਆਨ ਸਹਿਮਤੀ ਨਹੀਂ ਬਣੀ ਤੇ ਉਸ ਦੀ ਇਸ ਬੇਨਤੀ ਨੂੰ ਨਾਮਨਜੂ਼ਰ ਕਰ ਦਿੱਤਾ ਗਿਆ।

Facebook Comment
Project by : XtremeStudioz