Close
Menu

ਵਿਰੋਧੀ ਪਾਰਟੀਆਂ ਅੱਤਵਾਦ ਦੇ ਮੁੱਦੇ ਤੇ ਘਟੀਆਂ ਰਾਜਨੀਤੀ ਨਾ ਕਰਨ –ਸ. ਬਾਦਲ

-- 30 July,2015

ਦੀਨਾ ਨਗਰ (ਗੁਰਦਾਸਪੁਰ) , 30 ਜੁਲਾਈ – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਪਾਰਟੀਆਂ ਨੂੰ ਦੀਨਾ ਨਗਰ ਵਿਖੇ ਹੋਏ ਅੱਤਵਾਦੀ ਹਮਲੇ ਤੇ ਰਾਜਨੀਤੀਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਰਾਸ਼ਟਰੀ ਹਿੱਤਾਂ ਦੇ ਮੁੱਦੇ ਤੇ
ਘਟੀਆ ਰਾਜਨੀਤੀ ਕਰਨੀ ਰਾਸ਼ਟਰ ਦੇ ਹਿੱਤ ਵਿਚ ਨਹੀਂ ਹੈ.
ਦੀਨਾ ਨਗਰ ਪੁਲਿਸ ਥਾਣੇ ਵਿਚ ਹੋਏ ਅੱਤਵਾਦੀ ਮੁਕਾਬਲੇ ਵਾਲੇ ਸਥਾਨ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਰਾਜਨੀਤੀ ਆਰਥਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਵਿਚ ਤਾਂ ਕੀਤੀ ਜਾ ਸਕਦੀ ਹੈ ਪਰ ਜਿਥੇ ਦੇਸ਼ ਦੀ ਏਕਤਾ ਜਾਂ ਦੇਸ਼ ਦੇ ਹਿੱਤ ਜੁੜੇ ਹੋਣ ਸਬੰਧੀ, ਰਾਜਨੀਤੀ ਕਰਨੀ ਆਪਣੇ ਆਪ ਵਿਚ ਸ਼ਰਮ ਵਾਲੀ ਗੱਲ ਹੈ। ਉਨਾਂ ਕਿਹਾ ਕਿ ਹੁਣ ਅਜਿਹਾ ਸਮਾਂ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਨੇਤਾ ਅੱਤਵਾਦੀ ਵਰਗੀ ਭਿਆਨਕ ਸਮੱਸਿਆ ਨੂੰ ਖਤਮ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੁਝ ਨੇਤਾ ਇਸ ਮੁੱਦੇ ਦਾ ਰਾਜੀਨੀਤੀਕਰਨ ਕਰਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ ਜੋ ਕਿ ਬਹੁਤ ਹੀ ਹੇਠਲੇ ਪੱਧਰ ਦੀ ਰਾਜਨੀਤੀ ਤੇ ਸ਼ਰਮ ਵਾਲੀ ਗੱਲ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਪੁਲਿਸ ਵਿਭਾਗ ਦਾ ਆਧੁਨਿਕੀ ਕਰਨ ਲਈ ਯਤਨਸ਼ੀਲ ਹੈ। ਉਨਾਂ ਕਿਹਾ ਕਿ ਅੱਜ ਦੇ ਹਾਲਤਾਂ ਦੇ ਮੁਤਾਬਿਕ ਪੁਲਿਸ ਨੂੰ ਮੁੱਢਲੀਆਂ ਸੇਵਾਵਾਂ ਦੇਣ ਦੇ ਨਾਲ-ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦੀ ਵੀ ਜਰੂਰਤ ਹੈ। ਉਨਾਂ ਦੱਸਿਆ ਕਿ ਸੜਕਾਂ ਤੇ ਪੁਲਾਂ ਦਾ ਨਿਰਮਾਣ ਲਈ ਫੰਡ ਤੇ ਸਮੇਂ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ ਪਰ ਪੁਲਿਸ ਨੂੰ ਹੋਰ ਆਧੁਨਿਕ ਕਰਨ ਸਬੰਧੀ ਢਿੱਲਮੱਠ ਨਹੀ ਕੀਤੀ ਜਾ ਸਕਦੀ।
ਪੱਤਰਕਾਰਾਂ ਦੇ ਇਕ ਸਵਾਲ ਦਾ ਜਾਵਾਬ ਦੇਦਿੰਆਂ ਸ. ਬਾਦਲ ਨੇ ਅੱਗੇ ਕਿਹਾ ਕਿ ਕਿਸੇ ਵੀ ਇਲਾਕੇ ਵਿਚ ਬਿਨਾਂ ਲੋਕਾਂ ਦੀ ਮਦਦ ਤੋਂ ਅੱਤਵਾਦੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕਦੇ । ਉਨਾਂ ਕਿਹਾ ਕਿ ਸੂਬੇ ਦੇ ਲੋਕ ਅੱਤਵਾਦ ਦੇ ਖਿਲਾਫ ਹਨ ਅਤੇ ਉਹ ਅੱਤਵਾਦ ਨੂੰ ਮੁੱਢੋ ਨਕਾਰਦੇ ਹਨ। ਉਨਾਂ ਕਿਹਾ ਕਿ ਇਹੀ ਕਾਰਨ ਹੈ ਇਸ ਖਿੱਤੇ ਵਿਚ ਅੱਤਵਾਦ ਮੁੜ ਆਪਣਾ ਭਿਆਨਕ ਕਿਰਦਾਰ ਨਹੀ ਨਿਭਾ ਸਕਦਾ ।
ਪੰਜਾਬ ਪੁਲਿਸ ਦੀ ਸਰਾਹਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਢੁੱਕਵੀ ਕਾਰਵਾਈ ਨਾ ਕਰਦੀ ਤਾਂ ਅੱਤਵਾਦੀ ਕੋਈ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਸਨ। ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਅੰਦਰ ਅਮਨ ਤੇ ਸਾਂਤੀ ਦੀ ਬਹਾਲੀ  ਲਈ ਆਪਣੇ ਆਪ ਨੂੰ ਨਸਾਵਰ ਕਰ ਦਿੱਤਾ, ਸਾਰਾ ਦੇਸ਼ ਇਨਾਂ ਬਹਾਦਰਾਂ ਨੂੰ ਸਲਾਮ ਕਰਦਾ ਹੈ। ਪੰਜਾਬ ਪੁਲਿਸ ਨੇ ਇਕ ਵਾਰ ਦੇਸ਼ ਦੀ ਖਾਤਰ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਫਰਜਾਂ ਨੂੰ ਬਾਖੂਬੀ ਨਿਭਾਇਆ ਹੈ।
ਸ. ਬਾਦਲ ਨੇ ਪੁਲਿਸ ਥਾਣੇ ਦਾ ਦੌਰਾ ਕਰਨ ਸਮੇਂ ਉਸ ਇਮਰਾਤ ਦਾ ਨਿਰੀਖਣ ਵੀ ਕੀਤਾ ਜਿਥੇ ਅੱਤਵਾਦੀਆਂ ਨੇ ਪਨਾਹ ਲੈ ਕੇ ਆਪਣੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਪੰਜਾਬ ਪੁਲਿਸ ਦੇ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਸ. ਬਾਦਲ ਨੇ ਸ੍ਰੀ ਈਸ਼ਵਰ ਚੰਦਰ ਆਈ.ਜੀ ਪੁਲਿਸ ਅਤੇ ਸ੍ਰੀ ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ ਗੁਰਦਾਸਪੁਰ ਨੂੰ ਇਸ ਪੂਰੇ ਆਪਰੇਸ਼ਨ ਦੌਰਾਨ ਸਮੇ ਸਿਰ ਕੀਤੇ ਗਏ ਢੁੱਕਵੇਂ ਪ੍ਰਬੰਧਾਂ ਨੂੰ ਸਲਾਹਿਆ।
ਇਸ ਤੋਂ ਪਹਿਲਾਂ ਸ. ਬਾਦਲ ਨੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪੁਲਿਸ ਕਰਮਚਾਰੀ ਤੇ ਲੋਕਾਂ ਦੇ ਘਰ ਵਿਚ ਗਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ. ਬਾਦਲ ਨੇ ਸ. ਸੁਖਦੇਵ ਸਿੰਘ (ਹੋਮਗਾਰਡ) ਪਿੰਡ ਅਤੇਪੁਰ (ਪਠਾਨਕੋਟ), ਸ੍ਰੀ ਦੇਸ਼ ਰਾਜ (ਹੋਮਗਾਰਡ) ਪਿੰਡ ਜੰਗਲ ਭਿਵਾਨੀ (ਪਠਾਨਕੋਟ), ਸ੍ਰੀ ਬੋਧਰਾਜ (ਹੋਮਗਾਰਡ) ਪਿੰਡ ਸ਼ਾਦੀਪੁਰ (ਪਠਾਨਕੋਟ), ਸ੍ਰੀ ਮੁਹੰਮਦ ਗੁਲਾਮ ਰਸੂਲ ਪਿੰਡ ਸ਼ਾਹਪੁਰ (ਗੁਰਦਾਸਪੁਰ) ਤੇ ਸ੍ਰੀਮਤੀ ਨਿਰਮਲਾ ਦੇਵੀ ਪਿੰਡ ਅਵਾਂਖਾ (ਗੁਰਦਾਸਪੁਰ) ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਨ ਕੀਤੇ। ਸ. ਬਾਦਲ ਨੇ ਅੱਤਵਾਦੀ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਤੇ ਨਿਯੁਕਤੀ ਪੱਤਰ ਵੀ ਦਿੱਤੇ। ਇਸ ਤਰਾਂ ਆਮ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈਕ ਦਿੱਤੇ। ਬੱਚਿਆਂ ਨੂੰ ਪੜ•ਾਈ ਮੁੱਫਤ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ ਪੰਜਾਬ, ਸ੍ਰੀਮਤੀ ਸੀਮਾ ਕੁਮਰੀ, ਸ੍ਰੀ ਅਸ਼ਵਨੀ ਕੁਮਾਰ (ਦੋਵੇਂ ਵਿਧਾਇਕ), ਸ. ਸੁੱਚਾ ਸਿੰਘ ਲੰਗਾਹ , ਸ੍ਰੀ ਨਿਰਮਲ ਸਿੰਘ ਕਾਹਲੋ (ਦੋਵੇਂ ਸਾਬਕਾ ਵਜ਼ੀਰ ), ਸਰੀ ਐਸ .ਕੇ ਸ਼ਰਮਾ ਡੀ.ਜੀ.ਪੀ ਹੋਮਗਾਰਡ, ਸ੍ਰੀ ਈਸਵਰ ਚੰਦਰ ਆਈ.ਜੀ, ਸ੍ਰੀ ਅਜੋਏ ਸ਼ਰਮਾ ਸਪੈਸ਼ਲ ਪਿੰ੍ਰਸੀਪਲ ਸੈਕਰਟਰੀ ਮੁੱਖ ਮੰਤਰੀ ਪੰਜਾਬ, ਡਾ. ਅਭਿਨਵ ਤਿਰਖਾ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਰੀ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ, ਸ੍ਰੀ ਏ.ਕੇ ਮਿੱਤਲ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਸ੍ਰੀ ਗੁਰਪ੍ਰੀਤ ਸਿੰਘ ਤੂਰ ਐਸ.ਐਸ ਪੀ ਗੁਰਦਾਸਪੁਰ ਤੇ ਸ੍ਰੀ ਰਾਕੇਸ਼ ਕੌਸਲ ਐਸ.ਐਸ ਪੀ ਪਠਾਨਕੋਟ ਵੀ ਹਾਜ਼ਰ ਸਨ।

Facebook Comment
Project by : XtremeStudioz