Close
Menu

ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਏ ਇਮਰਾਨ ਖ਼ਾਨ

-- 26 September,2018

ਇਸਲਾਮਾਬਾਦ, ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤਿਵਾਦ ਤੇ ਕਸ਼ਮੀਰ ਸਮੇਤ ਹੋਰਨਾਂ ਅਹਿਮ ਮੁੱਦਿਆਂ ਨੂੰ ਲੈ ਕੇ ਭਾਰਤ ਨਾਲ ਮੁੜ ਸੰਵਾਦ ਤੋਰਨ ਦੀ ਪੇਸ਼ਕਸ਼ ਕੀਤੇ ਜਾਣ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਵਿਰੋਧੀ ਪਾਰਟੀਆਂ ਦੇ ਕਾਨੂੰਨਘਾੜਿਆਂ ਨੇ ਖ਼ਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਮੁਲਕ ਨੂੰ ਅਜਿਹੀ ਕੋਈ ਪੇਸ਼ਕਸ਼ ਕਰਨ ਤੋਂ ਪਹਿਲਾਂ ਸੰਸਦ ਨੂੰ ਭਰੋਸੇ ਵਿੱਚ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ। ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਮੈਂਬਰਾਂ ਨੇ ਬੀਤੀ ਸ਼ਾਮ ਇਥੇ ਭਾਰਤ ਨਾਲ ਸੰਵਾਦ ਤੋਰਨ ਦੇ ਸਰਕਾਰ ਦੇ ਯਤਨਾਂ ਸਮੇਤ ਹੋਰਨਾਂ ਮੁੱਦਿਆਂ ’ਤੇ ਵੀ ਚਰਚਾ ਕੀਤੀ। ਇਸ ਦੌਰਾਨ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਚਿੱਠੀ ਉਨ੍ਹਾਂ ਵੱਲੋਂ ਮਿਲੇ ਪੱਤਰ ਦੇ ਜਵਾਬ ਵਿੱਚ ਲਿਖੀ ਸੀ। ਚੌਧਰੀ ਨੇ ਸਾਫ਼ ਕਰ ਦਿੱਤਾ ਕਿ ਪਾਕਿਸਤਾਨ ਜੰਮੂ ਕਸ਼ਮੀਰ ਸਮੇਤ ਹੋਰਨਾਂ ਅਹਿਮ ਮੁੱਦਿਆਂ ਨੂੰ ਭਾਰਤ ਨਾਲ ਦੁੱਵਲੀ ਗੱਲਬਾਤ ਜ਼ਰੀਏ ਹੱਲ ਕਰਨ ਦਾ ਚਾਹਵਾਨ ਹੈ।
ਪਾਕਿਸਤਾਨ ਸੈਨੇਟ ਦੇ ਸਾਬਕਾ ਚੇਅਰਮੈਨ ਤੇ ਪੀਪੀਪੀ ਦੇ ਮੀਆਂ ਰਜ਼ਾ ਰੱਬਾਨੀ ਨੇ ਕਿਹਾ ਕਿ ਕਸ਼ਮੀਰ ਵਿੱਚ ਜੋ ਹਾਲਾਤ ਹਨ, ਉਸ ਦੇ ਮੱਦੇਨਜ਼ਰ ਖ਼ਾਨ ਦੀ ਭਾਰਤ ਨੂੰ ਗੱਲਬਾਤ ਦੀ ਪੇਸ਼ਕਸ਼ ਵਿੱਚ ਅਸੀਮ ਸੰਭਾਵਨਾਵਾਂ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਾਨ ਨੂੰ ਜਿਹੜਾ ਪੱਤਰ ਲਿਖਿਆ ਸੀ, ਉਹ ਰਸਮੀ ਸੀ, ਪਰ ਇਸ ਪੱਤਰ ਦੇ ਜਵਾਬ ਵਿੱਚ ਖ਼ਾਨ ਸਾਹਿਬ ਨੇ ਸੰਵਾਦ ਤੋਰਨ ਦੀ ਪੇਸ਼ਕਸ਼ ਕਰ ਦਿੱਤੀ। ਉਨ੍ਹਾਂ ਖ਼ਾਨ ਵੱਲੋਂ ਲਿਖੇ ਪੱਤਰ ਵਿੱਚ ਵਰਤੀ ਭਾਸ਼ਾ ’ਤੇ ਵੀ ਉਜਰ ਜਤਾਇਆ ਕਿ ਪਾਕਿਸਤਾਨ ‘ਅਤਿਵਾਦ ’ਤੇ ਗੱਲਬਾਤ ਲਈ ਤਿਆਰ’ ਹੈ। ਸੈਨੇਟਰ ਜਮਾਇਤ ਉਲੇਮਾ-ਏ-ਇਸਲਾਮ-ਫ਼ਜ਼ਲ ਦੇ ਸੈਨੇਟਰ ਅਬਦੁਲ ਗ਼ਫੂਰ ਹੈਦਰੀ ਨੇ ਕਿਹਾ ਕਿ ਇਕ ਕੱਲਾ ਕਾਰਾ ਵਿਅਕਤੀ ਭਾਰਤ ਨੂੰ ਸੰਵਾਦ ਤੋਰਨ ਦੀ ਪੇਸ਼ਕਸ਼ ਕਿਵੇਂ ਕਰ ਸਕਦਾ ਹੈ।

Facebook Comment
Project by : XtremeStudioz