Close
Menu

ਵਿਲੀਅਮਜ਼ ਦੀ ਹਮਲਾਵਰ ਪਾਰੀ ਨੇ ਜ਼ਿੰਬਾਬਵੇ ਨੂੰ ਸੰਯੁਕਤ ਅਮੀਰਾਤ ‘ਤੇ ਜਿੱਤ ਦਿਵਾਈ

-- 19 February,2015

ਨੈਲਸਨ, ਤਜਰਬੇਕਾਰ ਬੱਲੇਬਾਜ਼ ਸੀਨ ਵਿਲੀਅਮਜ਼ ਦੀ 76 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਜ਼ਿੰਬਾਬਵੇ ਨੇ ਕੁਝ ਮੁਸ਼ਕਲ ਹਾਲਾਤ ਵਿੱਚੋਂ ਲੰਘਦੇ ਹੋਏ ਅੱਜ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣਾ ਖਾਤਾ ਖੋਲਿ੍ਹਆ।
ਯੂ.ਏ.ਈ. ਟੀਮ ਦੇ ਸੰਘਰਸ਼ਪੂਰਨ ਰਵੱਈਏ ਕਾਰਨ ਆਖਰ ਤੱਕ ਇਹ ਮੈਚ ਰੌਮਾਂਚਕ ਬਣਿਆ ਰਿਹਾ। ਯੂ.ਏ.ਈ. ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਿਆ ਤੇ ਟੀਮ ਨੇ 7 ਵਿਕਟਾਂ ‘ਤੇ 285 ਦੌੜਾਂ ਬਣਾਈਆਂ ਜੋ ਇਕ ਰੋਜ਼ਾ ਮੈਚਾਂ ਵਿੱਚ ਇਸ ਟੀਮ ਦਾ ਸਰਵੋਤਮ ਸਕੋਰ ਹੈ। ਇਸ ਤੋਂ ਬਾਅਦ ਜ਼ਿੰਬਾਬਵੇ ਨੇ 33ਵੇਂ ਓਵਰ ਤੱਕ ਟੀਮ ਦੇ ਅੱਧੇ ਖਿਡਾਰੀ ਗਵਾਉਣ ਦੇ ਬਾਵਜੂਦ 6 ਵਿਕਟਾਂ ‘ਤੇ 286 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਅਤੇ ਇਸ ਤਰ੍ਹਾਂ ਵਿਸ਼ਵ ਕੱਪ ਵਿੱਚ ਆਪਣਾ ਸਭ ਤੋਂ ਵੱਡਾ ਟੀਚਾ ਵੀ ਹਾਸਲ ਕੀਤਾ।
ਵਿਲੀਅਮਜ਼ ਨੇ ਆਪਣੇ ਕਰੀਅਰ ਦਾ 18ਵਾਂ ਅਰਧ ਸੈਂਕੜਾ ਜੜਿਆ।  ਉਸ ਦੀ 65 ਗੇਂਦਾਂ ਦੀ ਪਾਰੀ ਅਤੇ ਕਰੇਗ ਇਰਵਿਨ (32 ਗੇਂਦਾਂ ‘ਤੇ 42 ਦੌੜਾਂ) ਦੇ ਨਾਲ 6ਵੇਂ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਨੇ ਮੁੱਖ ਅੰਤਰ ਪੈਦਾ ਕੀਤਾ। ਇਨ੍ਹਾਂ ਦੋਹਾਂ ਤੋਂ ਇਲਾਵਾ ਬਰੈਂਡਸ ਟੇਲਰ (47), ਸਿਕੰਦਰ ਰਜ਼ਾ (46) ਅਤੇ ਰੇਗਿਸ ਚਕਾਬਵਾ (35) ਨੇ ਵੀ ਅਹਿਮ ਯੋਗਦਾਨ ਦਿੱਤਾ ਜਿਸ ਨਾਲ ਜ਼ਿੰਬਾਬਵੇ 12 ਗੇਂਦਾਂ ਬਾਕੀ ਰਹਿੰਦਿਆਂ ਟੀਚੇ ਤੱਕ ਪਹੁੰਚਣ ਲਈ ਸਫ਼ਲ ਰਿਹਾ।
ਇਸ ਤੋਂ ਪਹਿਲਾਂ ਯੂ.ਏ.ਈ. ਤਰਫ਼ੋਂ ਕ੍ਰਿਸ਼ਨ ਚੰਦਰ (34), ਖੁਰਮ ਖਾਨ (45) ਅਤੇ ਸਵਪਨਿਲ ਪਾਟਿਲ (32) ਨੇ ਚੰਗੀ ਨੀਂਹ ਰੱਖਣ ਤੋਂ ਬਾਅਦ ਪਾਕਿਸਤਾਨ ਵਿੱਚ ਜਨਮੇ ਅਨਵਰ ਨੇ 50 ਗੇਂਦਾਂ ‘ਤੇ 67 ਦੌੜਾਂ ਬਣਾ ਕੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਖੇਡੀ। ਜ਼ਿੰਬਾਬਵੇ ਤਰਫ਼ੋਂ ਮੱਧਮ ਗਤੀ ਦੇ ਗੇਂਦਬਾਜ਼ ਟੇਂਡਾਈ ਚਤਾਰਾ ਨੇ 42 ਦੌੜਾਂ ਦੇ ਕੇ ਤਿੰਨ ਖਿਡਾਰੀ ਆਊਟ ਕੀਤੇ।
ਯੂ.ਏ.ਈ. ਉਸ ਸਮੇਂ ਇਤਿਹਾਸਕ ਜਿੱਤ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਜ਼ਿੰਬਾਬਵੇ ਨੂੰ ਆਖਰੀ 15 ਓਵਰਾਂ ਵਿੱਚ 109 ਦੌੜਾਂ ਦੀ ਜ਼ਰੂਰਤ ਸੀ ਅਤੇ ਉਸ ਦੀ ਅੱਧੀ ਟੀਮ  ਪੈਵੇਲੀਅਨ ਪਰਤ ਚੁੱਕੀ ਸੀ ਪਰ ਵਿਲੀਅਮਜ਼ ਤੇ ਇਰਵਿਨ ਨੇ ਯੂ.ਏ.ਈ. ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਵਿਲੀਅਮਜ਼ ਤੇ ਇਰਵਿਨ ਨੇ ਗੇਂਦਬਾਜ਼ਾਂ ‘ਤੇ ਹਾਵੀ ਹੋਣ ਦੀ ਰਣਨੀਤੀ ਅਪਣਾਈ। ਦੋਹਾਂ ਬੱਲੇਬਾਜ਼ਾਂ ਨੇ 36 ਤੋਂ 40 ਓਵਰਾਂ ਵਿੱਚ ਪਾਵਰ ਪਲੇਅ ਦੌਰਾਨ 45 ਦੌੜਾਂ ਜੋੜ ਕੇ ਟੀਮ ਤੋਂ ਦਬਾਅ ਹਟਾਇਆ।
ਇਰਵਿਨ ਭਾਵੇਂ ਹੀ ਆਊਟ ਹੋ ਗਿਆ ਪਰ ਵਿਲੀਅਮਜ਼ ਆਖਰ ਤੱਕ ਕਰੀਜ਼ ‘ਤੇ ਟਿਕਿਆ ਰਿਹਾ ਅਤੇ ਨਾਬਾਦ ਰਹਿ ਕੇ ਪੈਵੇਲੀਅਨ ਪਰਤਿਆ। ਉਸ ਨੇ ਮੁਹੰਮਦ ਨਵੀਦ ਦੀਆਂ ਗੇਂਦਾਂ ‘ਤੇ ਲਗਾਤਾਰ ਤਿੰਨ ਚੌਕੇ ਮਾਰ ਕੇ ਮੈਚ ਦਾ ਦਮਦਾਰ ਅੰਤ ਕੀਤਾ। ਕੁੱਲ ਮਿਲਾ ਕੇ ਉਸ ਨੇ ਆਪਣੀ ਨਾਬਾਦ ਪਾਰੀ ਵਿੱਚ 7 ਚੌਕੇ ਤੇ ਇਕ ਛੱਕਾ ਜੜਿਆ। ਉਸ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।
ਜ਼ਿੰਬਾਬਵੇ ਦੇ ਕਪਤਾਨ ਐਲਟਨ  ਚਿੰਗੁਬੁਰਾ 14 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਜਿੱਤ ਨਾਲ ਜ਼ਿੰਬਾਬਵੇ ਦਾ ਵਿਸ਼ਵ ਕੱਪ ਵਿੱਚ ਅਭਿਆਨ ਮੁੜ ਲੀਹ ‘ਤੇ ਆ ਗਿਆ ਹੈ। ਉਸ ਨੂੰ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੂਸਰੀ ਤਰਫ਼ ਯੂ.ਏ.ਈ. ਨੇ 1996 ਤੋਂ ਬਾਅਦ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਹੈ।
ਯੂ.ਏ.ਈ. ਦੇ ਬੱਲੇਬਾਜ਼ਾਂ ਨੇ ਹਾਲਾਂਕਿ ਚੰਗਾ ਪ੍ਰਦਰਸ਼ਨ ਕੀਤਾ ਜਿਸ ਨਾਲ ਟੀਮ ਇਕ ਰੋਜ਼ਾ ਮੈਚਾਂ ਵਿੱਚ ਆਪਣਾ ਸਰਵੋਤਮ ਸਕੋਰ ਬਣਾਉਣ ਵਿੱਚ ਸਫਲ ਹੋਈ। ਉਸ ਨੇ ਅਫ਼ਗਾਨਿਸਤਾਨ ਖ਼ਿਲਾਫ਼ ਪਿਛਲੇ ਸਾਲ ਬਣਾਏ 282 ਦੌੜਾਂ ਦੇ ਸਕੋਰ ਨੂੰ ਵੀ ਪਿੱਛੇ ਛੱਡ ਦਿੱਤਾ। ਆਪਣਾ 8ਵਾਂ ਇਕ ਰੋਜ਼ਾ ਮੈਚ ਖੇਡ ਰਹੇ ਅਨਵਰ ਨੇ ਪਾਟਿਲ ਦੇ ਨਾਲ ਪੰਜਵੇਂ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ ਜੋ ਯੂ.ਏ.ਈ. ਤਰਫ਼ੋਂ ਰਿਕਾਰਡ ਹੈ।
ਜ਼ਿੰਬਾਬਵੇ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟੀਮ ਦੇ ਗੇਂਦਬਾਜ਼ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਜਿਸ ਤਰ੍ਹਾਂ ਦਾ ਉਸ ਨੇ ਦੱਖਣੀ ਅਫਰੀਕਾ ਖ਼ਿਲਾਫ਼ ਕੀਤਾ ਸੀ। ਇਸ ਦੇ ਬਾਵਜੂਦ ਯੂ.ਏ.ਈ. ਟੀਮ 11 ਓਵਰਾਂ ਤੱਕ ਦੋ ਵਿਕਟਾਂ ‘ਤੇ 40 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ ਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਨੇ ਉਪਯੋਗੀ ਯੋਗਦਾਨ ਦਿੱਤਾ।

ਸਕੋਰ ਬੋਰਡ
ਸੰਯੁਕਤ ਅਮੀਰਾਤ
ਅਮਜਲ ਅਲੀ ਕੈਚ ਇਰਵਿਨ ਬਾਊਲਡ ਚਤਾਰਾ 7, ਏ ਬੇਰੇਂਗਰ ਕੈਚ ਟੇਲਰ ਬਾਊਲਡ ਮਾਇਰ 22, ਕ੍ਰਿਸ਼ਨ ਚੰਦਰ ਕੈਚ ਚਿੰਗੁਬੁਰਾ ਬਾਊਲਡ ਮਾਇਰ 34, ਖੁਰਮ ਖਾਨ ਕੈਚ ਵਿਲੀਅਮਜ਼ ਬਾਊਲਡ ਚਤਾਰਾ 45, ਸਵਪਨਿਲ ਪਾਟਿਲ ਕੈਚ ਚਕਾਬਵਾ  ਬਾਊਲਡ ਵਿਲੀਅਮਜ਼ 32, ਸੇਮਨ ਅਨਵਰ ਕੈਚ ਇਰਵਿਨ ਬਾਊਲਡ ਵਿਲੀਅਮਜ਼ 67, ਆਰ ਮੁਸਤਫਾ ਕੈਚ ਟੇਲਰ ਬਾਊਲਡ   ਚਤਾਰਾ 4, ਅਮਜਦ ਜਾਵੇਦ ਨਾਬਾਦ 25, ਮੁਹੰਮਦ ਨਵੀਦ ਨਾਬਾਦ 23, ਵਾਧੂ 26
ਕੁੱਲ 50 ਓਵਰਾਂ ਵਿੱਚ 7 ਵਿਕਟਾਂ ‘ਤੇ 285
ਜ਼ਿੰਬਾਬਵੇ
ਸਿਕੰਦਰ ਰਜ਼ਾ ਕੈਚ ਚੰਦਰਨ ਬਾਊਲਡ ਤੌਕਿਰ 46, ਰੇਗਿਸ ਚਕਾਬਵਾ ਹਿੱਟ ਵਿਕਟ 35, ਹੈਮਿਲਟਨ ਐਲ.ਬੀ.ਡਬਲਿਊ ਬਾਊਲਡ ਜਾਵੇਦ 1, ਬਰੈਂਡਨ ਟੇਲਰ ਐਲ.ਬੀ.ਡਬਲਿਊ. ਬਾਊਲਡ ਤੌਕਿਰ 47, ਸੀਨ  ਵਿਲੀਅਮਜ਼ ਨਾਬਾਦ 76, ਸੋਲੋਮਨ ਮਾਇਰ ਕੈਚ ਪਾਟਿਲ ਬਾਊਲਡ ਨਵੀਦ 9, ਕਰੈਗ ਇਰਵਿਨ ਕੈਚ ਤੇ ਬਾਊਲਡ ਚੰਦਰਨ 42, ਚਿੰਗੁਬੁਰਾ ਨਾਬਾਦ 14, ਵਾਧੂ 16,
ਕੁੱਲ 48 ਓਵਰਾਂ ਵਿੱਚ 6 ਵਿਕਟਾਂ ‘ਤੇ 286

Facebook Comment
Project by : XtremeStudioz