Close
Menu

ਵਿਲੀਅਮ ਨੌਰਡਹੌਸ ਅਤੇ ਪੌਲ ਰੋਮਰ ਨੂੰ ਅਰਥਸ਼ਾਸਤਰ ਦਾ ਨੋਬੇਲ

-- 10 October,2018

ਸਟਾਕਹੋਮ, ਅਮਰੀਕੀ ਅਰਥਸ਼ਾਸਤਰੀਆਂ ਵਿਲੀਅਮ ਨੌਰਡਹੌਸ (77) ਅਤੇ ਪੌਲ ਰੋਮਰ (62) ਨੂੰ ਸਾਂਝੇ ਤੌਰ ’ਤੇ 2018 ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਦੋਹਾਂ ਨੂੰ ਕਾਢਾਂ ਤੇ ਵਾਤਾਵਰਨ ਨੂੰ ਆਰਥਿਕ ਵਿਕਾਸ ਨਾਲ ਜੋੜਨ ਲਈ ਇਹ ਵੱਕਾਰੀ ਇਨਾਮ ਮਿਲੇਗਾ। ਨੌਰਡਹੌਸ ਯੇਲ ਯੂਨੀਵਰਸਿਟੀ ’ਚ ਪ੍ਰੋਫ਼ੈਸਰ ਹਨ ਜਦਕਿ ਰੋਮਰ ਵਿਸ਼ਵ ਬੈਂਕ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਹਨ ਅਤੇ ਇਸ ਵੇਲੇ ਉਹ ਨਿਊਯਾਰਕ ਯੂਨੀਵਰਸਿਟੀ ਦੇ ਸਟਰਨ ਸਕੂਲ ਆਫ਼ ਬਿਜ਼ਨਸ ਨਾਲ ਜੁੜੇ ਹੋਏ ਹਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਬਿਆਨ ਜਾਰੀ ਕਰਕੇ ਕਿਹਾ,‘‘ਦੋਹਾਂ ਨੇ ਮੌਜੂਦਾ ਸਮੇਂ ਦੇ ਮੂਲ ਸਵਾਲ ਕਿ ਲੰਬੇ ਸਮੇਂ ਦੇ ਅਤੇ ਸਥਾਈ ਵਿਕਾਸ ਨੂੰ ਹੱਲ ਕਰਨ ਸਬੰਧੀ ਵਿਚਾਰ ਪੇਸ਼ ਕੀਤੇ ਹਨ।’’ ਇਨ੍ਹਾਂ ਅਰਥਸ਼ਾਸਤਰੀਆਂ ਨੇ ਮਾਡਲ ਬਣਾ ਕੇ ਦੱਸਿਆ ਹੈ ਕਿ ਕਿਵੇਂ ਅਰਥਚਾਰਾ ਕੁਦਰਤ ਅਤੇ ਗਿਆਨ ਨਾਲ ਸੰਪਰਕ ਬਣਾਉਂਦਾ ਹੈ। ਦੋਵੇਂ ਅਰਥਸ਼ਾਸਤਰੀ ਪਿਛਲੇ ਕੁਝ ਸਾਲਾਂ ਤੋਂ ਨੋਬੇਲ ਪੁਰਸਕਾਰ ਦੀ ਦੌੜ ’ਚ ਸਨ। ਦੋਹਾਂ ਨੂੰ ਸਾਂਝੇ ਤੌਰ ’ਤੇ 90 ਲੱਖ ਸਵੀਡਿਸ਼ ਕ੍ਰੋਨਰ (860000 ਯੂਰੋ) ਦਾ ਇਨਾਮ ਮਿਲੇਗਾ। ਇਸ ਦੇ ਨਾਲ 2018 ਦੇ ਸਾਰੇ ਨੋਬੇਲ ਪੁਰਸਕਾਰਾਂ ਦਾ ਐਲਾਨ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਬਲਾਤਕਾਰ ਦੇ ਦੋਸ਼ ਸਾਹਮਣੇ ਆਉਣ ਮਗਰੋਂ ਇਸ ਸਾਲ ਸਾਹਿਤ ਦੇ ਨੋਬੇਲ ਨੂੰ ਇਕ ਸਾਲ ਲਈ ਮੁਲਤਵੀ ਕੀਤਾ ਗਿਆ ਹੈ।

Facebook Comment
Project by : XtremeStudioz