Close
Menu

ਵਿਵਾਦਤ ਟਿੱਪਣੀ ਮਾਮਲੇ ’ਚ ਆਜ਼ਮ ਖ਼ਾਨ ਖ਼ਿਲਾਫ਼ ਕੇਸ ਦਰਜ

-- 16 April,2019

ਲਖ਼ਨਊ, 16 ਅਪਰੈਲ
ਭਾਜਪਾ ਆਗੂ ਤੇ ਅਦਾਕਾਰਾ ਜੈਪ੍ਰਦਾ ਬਾਰੇ ਕੀਤੀ ਵਿਵਾਦਤ ਟਿੱਪਣੀ ਦੇ ਮਾਮਲੇ ਵਿਚ ਸਮਾਜਵਾਦੀ ਪਾਰਟੀ ਆਗੂ ਆਜ਼ਮ ਖ਼ਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜੈਪ੍ਰਦਾ ਰਾਮਪੁਰ ਲੋਕ ਸਭਾ ਹਲਕੇ ਤੋਂ ਆਜ਼ਮ ਖ਼ਾਨ ਵਿਰੁੱਧ ਚੋਣ ਲੜ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ ਅਜਨਿਯਾ ਕੁਮਾਰ ਸਿੰਘ ਨੇ ਦੱਸਿਆ ਕਿ ਆਜ਼ਮ ਖ਼ਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 509 ਤੇ ਲੋਕ ਨੁਮਾਇੰਦਗੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਭਾਜਪਾ ਉਮੀਦਵਾਰ ਜੈਪ੍ਰਦਾ ਨੇ ਆਜ਼ਮ ਖ਼ਾਨ ਵੱਲੋਂ ਕੀਤੀ ਵਿਵਾਦਤ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ‘ਲਕਸ਼ਮਣ ਰੇਖਾ’ ਲੰਘ ਲਈ ਹੈ ਤੇ ਉਹ ਹੁਣ ਉਨ੍ਹਾਂ ਦੇ ਭਰਾ ਨਹੀਂ ਰਹੇ। ਜੈਪ੍ਰਦਾ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ ਚੋਣ ਲੜਨ ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਜੈਪ੍ਰਦਾ ਨੇ ਕਿਹਾ ਕਿ ਉਹ ਸਪਾ ਮੁਖੀ ਅਖਿਲੇਸ਼ ਯਾਦਵ ਤੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਉਹ ਅਜਿਹੇ ਵਿਅਕਤੀ ਨੂੰ ਚੋਣ ਲੜਨ ਦੇਣਗੇ? ਜ਼ਿਕਰਯੋਗ ਹੈ ਕਿ ਐਤਵਾਰ ਨੂੰ ਰਾਮਪੁਰ ਵਿਚ ਇਕ ਸਿਆਸੀ ਰੈਲੀ ਦੌਰਾਨ ਖ਼ਾਨ ਨੇ ਅਦਾਕਾਰਾ ਦਾ ਨਾਂ ਲਏ ਬਗੈਰ ਕਿਹਾ ਸੀ ਕਿ ਉਹ 10 ਸਾਲ ਤੋਂ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ ਪਰ ਲੋਕ ਉਸ ਦੀ ‘ਅਸਲੀਅਤ’ ਪਛਾਣ ਨਹੀਂ ਸਕੇ। ਇਸ ਤੋਂ ਬਾਅਦ ਆਜ਼ਮ ਖ਼ਾਨ ਨੇ ਕਿਹਾ ਕਿ ਉਹ 17 ਦਿਨਾਂ ਵਿਚ ਹੀ ‘ਅਸਲੀਅਤ’ ਜਾਣ ਗਏ ਹਨ ਤੇ ਉਹ ‘ਖ਼ਾਕੀ ਰੰਗ ਦਾ ਅੰਡਰਵੀਅਰ ਪਹਿਨਦੀ ਹੈ’। ਖ਼ਾਨ ਨੇ ਆਪਣਾ ਬਚਾਅ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕਿਸੇ ਦਾ ਨਾਂ ਨਹੀਂ ਲਿਆ ਤੇ ਨਾ ਹੀ ਕਿਸੇ ਦਾ ਸਾਕਾਰਾਤਮਕ ਜਾਂ ਨਾਕਾਰਾਤਮਕ ਪੱਖ ਬਿਆਨਿਆ ਹੈ। ਆਜ਼ਮ ਖ਼ਾਨ ਨੇ ਕਿਹਾ ਕਿ ਖ਼ਾਕੀ ਪੈਂਟ ਦਾ ਜ਼ਿਕਰ ਵੀ ਉਨ੍ਹਾਂ ਕੀਤਾ ਸੀ ਤੇ ਇਹ ਪੁਰਸ਼ ਪਹਿਨਦੇ ਹਨ। ਆਜ਼ਮ ਨੇ ਕਿਹਾ ਕਿ ਜੇ ਇਹ ਸਾਬਿਤ ਹੋ ਗਿਆ ਕਿ ਉਨ੍ਹਾਂ ਕਿਸੇ ਖ਼ਾਸ ਨੂੰ ਨਿਸ਼ਾਨਾ ਬਣਾਇਆ ਹੈ ਤਾਂ ਉਹ ਚੋਣ ਨਹੀਂ ਲੜਨਗੇ।

Facebook Comment
Project by : XtremeStudioz