Close
Menu

ਵਿਸ਼ਵ ਕਬੱਡੀ ਕੱਪ: ਪਾਕਿਸਤਾਨੀ ਟੀਮ ਵੱਡੇ ਫਰਕ ਨਾਲ ਕੈਨੇਡਾ ਤੋਂ ਜਿੱਤੀ

-- 08 December,2013

DDD_5539ਰੂਪਨਗਰ,8 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਚੌਥੇ ਪਰਲਜ਼ ਵਿਸ਼ਵ ਕਬੱਡੀ ਕੱਪ, 2013 ਦੇ ਅੱਠਵੇਂ ਦਿਨ ਐਤਵਾਰ ਨੂੰ ਰੂਪਨਗਰ ਦੇ ਨਹਿਰੂ ਸਟੇਡੀਅਮ ‘ਚ ਖੇਡੇ ਗਏ ਚੌਥੇ ਅਤੇ ਆਖਰੀ ਮੈਚ ਵਿਚ ਪਾਕਿਸਤਾਨ ਨੇ ਕੈਨੇਡਾ ਦੀ ਟੀਮ ਨੂੰ 61-29 ਦੇ ਵੱਡੇ ਫਰਕ ਨਾਲ ਹਰਾਇਆ। ਪਾਕਿਸਤਾਨ ਦੇ ਰੇਡਰਾਂ ਨੇ ਚੁਸਤੀ-ਚਲਾਕੀ ਨਾਲ ਆਪਣਾ ਚੰਗਾ ਖਾਤਾ ਖੋਲਦਿਆਂ ਪਹਿਲੇ ਹਾਫ 34 ਅੰਕ ਇਕੱਠੇ ਕੀਤੇ ਜਦੋਂ ਕਿ ਕੈਨੇਡਾ ਦੀ ਟੀਮ ਆਪਣੇ ਜਾਫੀਆਂ ਦੇ ਢਿੱਲੇ ਪ੍ਰਦਰਸ਼ਨ ਕਾਰਨ 14 ਅੰਕ ਹੀ ਜੋੜ ਸਕੀ।
ਇਸ ਤੋਂ ਪਹਿਲਾਂ ਮੈਦਾਨ ‘ਚ ਖੇਡੇ ਗਏ ਤੀਜੇ ਮੈਚ ਵਿਚ ਅਮਰੀਕਾ ਦੀ ਮਹਿਲਾ ਵਰਗ ਦੀ ਟੀਮ ਨੇ ਕੀਨੀਆ ਦੀ ਸਿਖਾਂਦਰੂ ਜਿਹੀ ਲੱਗ ਰਹੀ ਟੀਮ ਨੂੰ 52-34 ਦੇ ਫਰਕ ਨਾਲ ਮਧੋਲ ਦਿੱਤਾ ਸੀ। ਅਮਰੀਕਾ ਦੀਆਂ ਮੁਟਿਆਰਾ ਨੇ ਮੈਦਾਨ ‘ਚ ਕਲਿਹਰੀ ਮੋਰਨੀਆਂ ਵਾਂਗੂੰ ਰੇਡਾਂ ਪਾਈਆਂ ਅਤੇ ਆਪਣੀ ਟੀਮ ਲਈ ਅੰਕ ਜੋੜੇ। ਅਮਰੀਕਾ ਦੀ ਕਪਤਾਨ ਗੁਰਅੰਮ੍ਰਿਤ ਕੌਰ ਖਾਲਸਾ ਅਤੇ ਟੀਮ ਦੀਆਂ ਬਾਕੀ ਖਿਡਾਰਨਾਂ ‘ਚ ਗੁਰਵਿੰਦਰ ਕੌਰ ਸਹੋਤਾ, ਹਰਸਿਮਰਤ ਕੌਰ ਖਾਲਸਾ ਨੇ ਵੀ ਮੈਦਾਨ ‘ਚ ਕੀਨੀਆ ਦੀਆਂ ਮੁਟਿਆਰਾਂ ਨੂੰ ਧੂੜ ਚੱਟਣ ਲਈ ਮਜ਼ਬੂਰ ਕਰ ਦਿੱਤਾ। ਨਹਿਰੂ ਸਟੇਡੀਅਮ ਵਿਚ ਔਤਵਾਰ ਨੂੰ ਚਾਰ ਮੈਚ ਖੇਡੇ ਗਏ। ਦਿਨ ਦਾ ਪਹਿਲਾਂ ਮੈਚ ਸਿਅਰਾ ਲਿਓਨ ਅਤੇ ਡੈਨਮਾਰਕ ਦੀਆਂ ਪੁਰਸ਼ ਟੀਮਾਂ ਦਰਮਿਆਨ ਖੇਡਿਆ ਗਿਆ। ਸਿਅਰਾ ਲਿਓਨ ਦੀ ਟੀਮ ਨੇ ਡੈਨਮਾਰਕ ਨੂੰ 67-28 ਦੇ ਅੱਧੋਂ-ਅੱਧ ਦੇ ਫਰਕ ਨਾਲ ਹਰਾ ਦਿੱਤਾ। ਨਹਿਰੂ ਸਟੇਡੀਅਮ ‘ਚ ਇੰਗਲੈਂਡ ਅਤੇ ਸਕਾਟਲੈਂਡ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਦੂਜਾ ਮੈਚ ਇੰਗਲੈਂਡ ਦੇ ਨਾਂ ਰਿਹਾ। ਇੰਗਲੈਂਡ ਦੀ ਪੁਰਸ਼ ਵਰਗ ਦੀ ਟੀਮ ਨੇ ਸਕਾਟਲੈਂਡ ਦੀ ਟੀਮ ਨੂੰ 66-30 ਦੇ ਫਰਕ ਨਾਲ ਹਰਾਇਆ। ਰੂਪਨਗਰ ਵਿਖੇ ਦਿਨ ਦਾ ਚੌਥਾ ਅਤੇ ਆਖਰੀ ਮੈਚ ਪਾਕਿਸਤਾਨ ਅਤੇ ਕੈਨੇਡਾ ਦੀਆਂ ਪੁਰਸ਼ ਟੀਮਾਂ ਦਰਮਿਆਨ ਖੇਡਿਆ ਜਾਵੇਗਾ।
1 ਦਸੰਬਰ ਤੋਂ ਸ਼ੁਰੂ ਹੋਏ ਕਬੱਡੀ ਵਿਸ਼ਵ ਕੱਪ, 2013 ਦੇ ਪੁਰਸ਼ ਅਤੇ ਮਹਿਲਾਵਾਂ ਦੀਆਂ ਟੀਮਾਂ ਦੇ ਫਾਈਨਲ ਮੈਚ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਜਾਣਗੇ।
ਜਲਾਲਾਬਾਦ ਵਿਖੇ ਸ਼ਨੀਵਾਰ ਨੂੰ ਕਰਵਾਏ ਗਏ ਮੈਚਾਂ ਦੌਰਾਨ ਜਲਾਲਾਬਾਦ ਦੀ ਕੱਬਡੀ ਐਸੋਸੀਏਸ਼ਨ ਵੱਲੋਂ ਖੇਡ ਵਿਭਾਗ ਨੂੰ ਦੋ ਆਲਟੋ ਕਾਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ। ਇਹ ਕਾਰਾਂ ਬੈਸਟ ਧਾਵੀ ਅਤੇ ਬੈਸਟ ਜਾਫੀ ਚੁਣੀਆਂ ਗਈਆਂ ਖਿਡਾਰਨਾਂ ਨੂੰ ਜਲੰਧਰ ਵਿਖੇ ਫਾਈਨਲ ਮੁਕਾਬਲੇ ਦੌਰਾਨ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਹੀ ਪੁਰਸ਼ ਵਰਗ ਦੇ ਬੈਸਟ ਧਾਵੀ ਅਤੇ ਜਾਫੀ ਚੁਣੇ ਗਏ ਖਿਡਾਰੀਆਂ ਨੂੰ ਟਰੈਕਟਰ ਦਿੱਤੇ ਜਾਣਗੇ।

Facebook Comment
Project by : XtremeStudioz