Close
Menu

ਵਿਸ਼ਵ ਕੱਪ : ਆਇਰਲੈਂਡ ਦੀ ਯੂਏਈ ‘ਤੇ ਸੰਘਰਸ਼ਮਈ ਜਿੱਤ

-- 25 February,2015

* ਦੋ ਵਿਕਟਾਂ ਨਾਲ ਜਿੱਤਣ ਸਦਕਾ ਪੂਲ ‘ਬੀ’ ਵਿੱਚ ਤੀਜੇ ਸਥਾਨ ‘ਤੇ; ਯੂਏਈ ਦੀ ਦੂਜੀ ਹਾਰ

ਬ੍ਰਿਜ਼ਬਨ, ਗੈਰੀ ਵਿਲਸਨ ਤੇ ਕੇਵਿਨ ਓ’ਬਰਾਇਨ ਵੱਲੋਂ ਢੁਕਵੇਂ ਸਮੇਂ ‘ਤੇ ਖੇਡੀਆਂ ਗਈਆਂ ਨੀਮ ਸੈਂਕੜੇ ਵਾਲੀਆਂ ਪਾਰੀਆਂ ਦੀ ਮਦਦ ਨਾਲ ਆਇਰਲੈਂਡ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਪੂਲ ‘ਬੀ’ ਦੇ ਮੈਚ ਵਿੱਚ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਯੂਏਈ ਵੱਲੋਂ ਸ਼ਾਇਮਨ ਅਨਵਰ (106 ਦੌੜਾਂ) ਨੇ ਸੈਂਕੜਾ ਜੜਿਆ। ਉਹ ਵਿਸ਼ਵ ਕੱਪ ਵਿੱਚ ਸੈਂਕੜਾ ਲਗਾਉਣ ਵਾਲਾ ਯੂਏਈ ਦਾ ਪਹਿਲਾ ਬੱਲੇਬਾਜ਼ ਹੈ। ਟੀਮ ਛੇ ਵਿਕਟਾਂ ‘ਤੇ 131 ਦੌੜਾਂ ‘ਤੇ ਜੂਝ ਰਹੀ ਸੀ। ਇਸ ਬਾਅਦ ਅਨਵਰ ਤੇ ਅਮਜਦ ਜਾਵੇਦ (42 ਦੌੜਾਂ) ਨੇ ਸੱਤਵੀਂ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 9 ਵਿਕਟਾਂ ‘ਤੇ 278 ਦੌੜਾਂ ‘ਤੇ ਪਹੁੰਚਾਇਆ। ਆਪਣੇ ਪਹਿਲੇ ਮੈਚ ਵਿੱਚ ਵੈਸਟ ਇੰਡੀਜ਼ ਨੂੰ ਹਰਾ ਕੇ ਸਨਸਨੀ ਫੈਲਾਉਣ ਵਾਲੀ ‘ਜਾਇੰਟ ਕਿੱਲਰ’ ਆਇਰਲੈਂਡ ਦੀ ਟੀਮ ਪਾਰੀ ਦੇ 26ਵੇਂ ਓਵਰ ਵਿੱਚ ਚਾਰ ਵਿਕਟਾਂ ‘ਤੇ 97 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ। ਇਸ ਬਾਅਦ ਵਿਲਸਨ (80 ਦੌੜਾਂ) ਨੇ ਇਕ ਪਾਸਾ ਸੰਭਾਲੀ ਰੱਖਿਆ ਜਦੋਂ ਕਿ ਕੇਵਿਨ ਨੇ 25 ਗੇਂਦਾਂ ਵਿੱਚ ਅੱਠ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਨਾਲ ਆਇਰਲੈਂਡ 49.2 ਓਵਰਾਂ ਵਿੱਚ ਅੱਠ ਵਿਕਟਾਂ ‘ਤੇ 279 ਦੌੜਾਂ ਬਣਾਉਣ ਵਿੱਚ ਸਫ਼ਲ ਰਿਹਾ। ਆਇਰਲੈਂਡ ਦੀ ਇਹ ਦੋ ਮੈਚਾਂ ਵਿੱਚ ਦੂਜੀ ਜਿੱਤ ਹੈ। ਇਸ ਨਾਲ ਉਸ ਦੇ ਚਾਰ ਅੰਕ ਹਨ। ਇਸ ਨਾਲ ਉਹ ਗਰੁੱਪ ‘ਬੀ’ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ। ਯੂਏਈ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਪਹਿਲੇ ਮੈਚ ਵਿੱਚ ਜ਼ਿੰਬਾਬਵੇ ਤੋਂ ਹਾਰ ਗਿਆ ਸੀ। ਆਇਰਲੈਂਡ ਨੇ ਪੌਲ ਸਟਰÇਲੰਗ (3 ਦੌੜਾਂ) ਦੀ ਵਿਕਟ ਜਲਦੀ ਗੁਆ ਦਿੱਤੀ। ਇਸ ਬਾਅਦ ਕਪਤਾਨ ਵਿਲੀਅਮ ਪੋਰਟਫੀਲਡ (37 ਦੌੜਾਂ) ਅਤੇ ਏਡੀ ਜੌਇਸ (37 ਦੌੜਾਂ) ਨੇ ਦੂਜੀ ਵਿਕਟ ਲਈ 68 ਦੌੜਾਂ ਜੋੜੀਆਂ। ਦੌੜਾਂ ਬਹੁਤ ਹੌਲੀ ਬਣ ਰਹੀਆਂ ਸਨ ਅਤੇ ਨਿਓਨ ਓ’ਬਰਾਇਨ (17 ਦੌੜਾਂ) ਵੀ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਿਆ। ਵਿਲਸਨ ਤੇ ਐਂਡੀ ਬਾਲਬਿਰਨੀ ਨੇ ਪੰਜਵੀਂ ਵਿਕਟ ਲਈ 72 ਦੌੜਾਂ ਜੋੜ ਕੇ ਟੀਮ ਨੂੰ ਸੰਕਟ ‘ਚੋਂ ਕੱਢਿਆ। ਇਸ ਬਾਅਦ ਵਿਲਸਨ ਅਤੇ ਕੇਵਿਨ ਓ’ਬਰਾਇਨ ਨੇ ਛੇਵੀਂ ਵਿਕਟ ਲਈ 74 ਦੌੜਾਂ ਜੋੜੀਆਂ ਪਰ ਡੈੱਥ ਓਵਰਾਂ ਵਿੱਚ ਇਨ੍ਹਾਂ ਦੋਹਾਂ ਦੇ ਆਊਟ ਹੋਣ ਨਾਲ ਮੈਚ ਰੋਮਾਂਚਕ ਹੋ ਗਿਆ। ਵਿਲਸਨ ਜਦੋਂ ਮੁਹੰਮਦ ਨਵੀਦ ਦੀ ਗੇਂਦ ‘ਤੇ ਕੈਚ ਦੇ ਕੇ ਪੈਵੇਲੀਅਨ ਗਿਆ ਉਦੋਂ ਆਇਰਲੈਂਡ ਨੂੰ ਜਿੱਤ ਲਈ 16 ਗੇਂਦਾਂ ‘ਤੇ 12 ਦੌੜਾਂ ਦੀ ਲੋੜ ਸੀ। ਆਇਰਲੈਂਡ ਸਾਹਮਣੇ ਆਖਰੀ ਦੋ ਓਵਰਾਂ ਵਿੱਚ 10 ਦੌੜਾਂ ਦਾ ਟੀਚਾ ਸੀ ਪਰ ਉਸ ਦੀਆਂ ਕੇਵਲ ਦੋ ਵਿਕਟਾਂ ਬਚੀਆਂ ਸਨ। ਜੌਰਜ ਡੈਕਰਿਲ (ਨਾਬਾਦ 7 ਦੌੜਾਂ) ਅਤੇ ਐਲਕਸ ਕੁਸਾਕ (ਨਾਬਾਦ 5 ਦੌੜਾਂ) ਆਇਰਲੈਂਡ ਨੂੰ ਟੀਚੇ ਤਕ ਪਹੁੰਚਾਉਣ ਵਿੱਚ ਸਫਲ ਰਹੇ। ਯੂਏਈ ਵੱਲੋਂ ਅਮਜਦ ਜਾਵੇਦ ਨੇ ਤਿੰਨ ਵਿਕਟਾਂ ਜਦੋਂ ਕਿ ਨਵੀਦ ਅਤੇ ਤੌਕਿਰ ਨੇ ਦੋ ਦੋ ਵਿਕਟਾਂ ਝਟਕਾਈਆਂ। ਇਸ ਤੋਂ ਪਹਿਲਾਂ ਯੂਏਈ ਨੂੰ ਸਲਾਮੀ ਬੱਲੇਬਾਜ਼ ਅਮਜਦ ਅਲੀ (45 ਦੌੜਾਂ) ਅਤੇ ਖੁਰਮ ਖਾਨ (36 ਦੌੜਾਂ) ਦੀਆਂ ਚੰਗੀਆਂ ਪਾਰੀਆਂ ਦੇ ਬਾਵਜੂਦ ਸੰਘਰਸ਼ ਕਰਨਾ ਪਿਆ। ਪਰ ਅਨਵਰ ਤੇ ਅਮਜਦ ਨੇ ਟੀਮ ਨੂੰ ਸੰਕਟ ਵਿੱਚੋਂ ਕੱਢਿਆ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਸੱਤਵੀਂ ਵਿਕਟ ਲਈ ਸਾਂਝੇਦਾਰੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸੱਤਵੀਂ ਵਿਕਟ ਲਈ ਵਿਸ਼ਵ ਕੱਪ ਵਿੱਚ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਇਸ ਤੋਂ ਪਹਿਲਾਂ ਵੈਸਵ ਇੰਡੀਜ਼ ਦੇ ਰਾਮਨਰੇਸ਼ ਸਰਵਣ ਅਤੇ ਰਿਡਲੇ ਜੈਕਬਜ਼ ਦੇ ਨਾਂ ਸੀ, ਜਿਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ 2003 ਵਿੱਚ ਪੋਰਟ ਐਲਿਜ਼ਬੈਥ ਵਿੱਚ 98 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਅਨਵਰ ਨੇ 79 ਗੇਂਦਾਂ ਵਿੱਚ 10 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਹ 106 ਦੌੜਾਂ ‘ਤੇ ਮੈਕਸ ਸੋਰੇਂਸੇਨ ਦੀ ਗੇਂਦ ‘ਤੇ ਵਿਕਟਕੀਪਰ ਗੈਰੀ ਵਿਲਸਨ ਨੂੰ ਕੈਚ ਦੇ ਬੈਠਾ। ਅਨਵਰ ਵਨ-ਡੇਅ ਕ੍ਰਿਕਟ ਵਿੱਚ ਸੈਂਕੜਾ ਜੜਨ ਵਾਲਾ ਯੂਏਈ ਦਾ ਦੂਜਾ ਬੱਲੇਬਾਜ਼ ਹੈ। ਇਸ ਤੋਂ ਪਹਿਲਾਂ ਖੁਰਮ ਖਾਨ ਨੇ ਇਸ ਟੀਮ ਵੱਲੋਂ ਪਿਛਲੇ ਸਾਲ ਅਫ਼ਗਾਨਿਸਤਾਨ ਖ਼ਿਲਾਫ਼ 132 ਦੌੜਾਂ ਬਣਾਈਆਂ ਸਨ। ਆਇਰਲੈਂਡ ਵੱਲੋਂ ਪੌਲ ਸਟਰਲਿੰਗ ਨੇ 10 ਓਵਰਾਂ ਵਿੱਚ 27 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ।

Facebook Comment
Project by : XtremeStudioz