Close
Menu

ਵਿਸ਼ਵ ਕੱਪ ਕਬੱਡੀ ਵਿੱਚ ਭਾਰਤ ਦੀ ਸਰਦਾਰੀ ਬਰਕਰਾਰ

-- 21 December,2014

32-700x465ਬਾਦਲ, 5ਵੇਂ ਵਿਸ਼ਵ ਕਬੱਡੀ ਕੱਪ ਵਿੱਚ ਭਾਰਤ ਨੇ ਲਗਾਤਾਰ ਆਪਣੀ ਬਾਦਸ਼ਾਹਤ ਬਰਕਰਾਰ ਰੱਖਦਿਆਂ ਪੁਰਸ਼ ਤੇ ਮਹਿਲਾ ਵਰਗ ਵਿੱਚ ਮੁੜ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਬਾਦਲ ਵਿਖੇ ਬਣੇ ਨਵੇਂ ਵਿਸ਼ਵ ਪੱਧਰੀ ਗੁਰੂ ਗੋਬਿੰਦ ਸਿੰਘ ਮਲਟੀਪਰਪਜ਼ ਸਟੇਡੀਅਮ ਵਿਖੇ ਅੱਜ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਦੇ ਫਾਈਨਲ ਮੈਚ ਖੇਡੇ ਗਏ। ਪੁਰਸ਼ ਵਰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਅਤੇ ਮਹਿਲਾ ਵਰਗ ਵਿੱਚ ਭਾਰਤ ਨੇ ਨਿੳਜ਼ੀਲੈਂਡ ਨੂੰ 36-27 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਜਿੱਤਿਆ। ਪੁਰਸ਼ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਪਾਕਿਸਤਾਨ ’ਤੇ ਇਹ ਚੌਥੀ ਜਿੱਤ ਹੈ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ ਦੀ ਨਿਊਜ਼ੀਲੈਂਡ ’ਤੇ ਦੂਜੀ ਜਿੱਤ ਹੈ। ਬਾਦਲ ਪਿੰਡ ਵਿਖੇ 16 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਨਵੇਂ ਸਟੇਡੀਅਮ ਦਾ ਅੱਜ ਹੀ ਉਦਘਾਟਨ ਹੋਇਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਸੰਸਦੀ ਸਕੱਤਰ (ਖੇਡਾਂ) ਸ੍ਰੀ ਪਵਨ ਕੁਮਾਰ ਟੀਨੂੰ ਦੀ ਹਾਜ਼ਰੀ ਵਿੱਚ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਹੀ ਸਟੇਡੀਅਮ ਵਿਖੇ ਸਮਾਪਤੀ ਸਮਾਰੋਹ ਅਤੇ ਫਾਈਨਲ ਮੈਚ ਖੇਡੇ ਗਏ। ਇਸ ਦੇ ਨਾਲ ਹੀ ਬਾਦਲ ਪਿੰਡ ਪਹਿਲੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਸਥਾਨਾਂ ਵਿੱਚ ਸ਼ਾਮਲ ਹੋ ਗਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁੱਖ ਮਹਿਮਾਨ ਅਤੇ ਭਾਰਤ ਦੇ ਖੇਡ ਮੰਤਰੀ ਸਰਬਨੰਦਾ ਸੋਨੋਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਅਗਲੇ ਸਾਲ ਤੋਂ ਲੜਕੀਆਂ ਦੇ ਇਨਾਮਾਂ ਦੀ ਰਾਸ਼ੀ ਵੀ ਦੁੱਗਣੀ ਕਰਨ ਦਾ ਐਲਾਨ ਕੀਤਾ ਗਿਆ। ਸ੍ਰੀ ਮਨੋਹਰ ਲਾਲ ਖੱਟਰ, ਸ੍ਰੀ ਸੋਨੋਵਾਲ, ਮੁੱਖ ਮੰਤਰੀ ਸ੍ਰੀ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜੇਤੂ ਟੀਮਾਂ ਨੂੰ ਜੇਤੂ ਰਾਸ਼ੀ ਦੇ ਚੈੱਕ ਤੇ ਟਰਾਫੀਆਂ ਅਤੇ ਖਿਡਾਰੀਆਂ ਨੂੰ ਤਮਗੇ ਦਿੱਤੇ। ਪੁਰਸ਼ ਵਰਗ ਵਿੱਚ ਭਾਰਤ ਨੇ ਪਹਿਲੇ ਸਥਾਨ ਨਾਲ 2 ਕਰੋੜ ਦਾ ਇਨਾਮ ਜਿੱਤਿਆ ਜਦੋਂ ਕਿ ਉਪ ਜੇਤੂ ਪਾਕਿਸਤਾਨ ਨੇ 1 ਕਰੋੜ ਰੁਪਏ ਅਤੇ ਤੀਸਰੇ ਸਥਾਨ ’ਤੇ ਆਈ ਇਰਾਨ ਦੀ ਟੀਮ ਨੇ 51 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ। ਮਹਿਲਾ ਵਰਗ ਵਿੱਚ ਚੈਂਪੀਅਨ ਬਣੀ ਭਾਰਤ ਦੀ ਟੀਮ ਨੂੰ 1 ਕਰੋੜ ਰੁਪਏ, ਉਪ ਜੇਤੂ ਬਣੀ ਨਿਊਜ਼ੀਲੈਂਡ ਨੂੰ 51 ਲੱਖ ਰੁਪਏ ਅਤੇ ਤੀਜੇ ਸਥਾਨ ’ਤੇ ਰਹੀ ਪਾਕਿਸਤਾਨ ਦੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।

ਭਾਰਤ ਨੇ ਨਿਊਜ਼ੀਲੈਂਡ ਨੂੰ 36-27 ਨਾਲ ਹਰਾਇਆ:
ਮਹਿਲਾ ਵਰਗ ਦੇ ਫਾਈਨਲ ਦੀ ਸ਼ੁਰੂਆਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਕੀਤੀ। ਮਹਿਲਾ ਵਰਗ ਦਾ ਫਾਈਨਲ ਮੈਚ ਬਹੁਤ ਫਸਵਾਂ ਰਿਹਾ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਤਕੜੀ ਟੱਕਰ ਦਿੱਤੀ। ਭਾਰਤ ਦੀ ਸਟਾਰ ਜਾਫੀ ਅਨੂ ਰਾਣੀ ਵੱਲੋਂ ਲਗਾਏ ਜੱਫਿਆਂ ਨੇ ਭਾਰਤ ਦੀ ਜਿੱਤ ਆਸਾਨ ਕੀਤੀ ਅਤੇ ਅੰਤ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 36-27 ਨਾਲ ਹਰਾ ਕੇ ਖਿਤਾਬ ਜਿੱਤਿਆ। ਕਿਵੀ ਖਿਡਾਰਨਾਂ ਨੇ ਵੀ ਆਪਣੀ ਜੁਝਾਰੂ ਖੇਡ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਕਿਵੀ ਰੇਡਰ ਪਰਸੇ ਨੂੰ ਰੋਕਣਾ ਭਾਰਤੀ ਜਾਫੀਆਂ ਲਈ ਟੇਢੀ ਖੀਰ ਸਾਬਤ ਹੋਇਆ। ਅੱਧੇ ਸਮੇਂ ਤੱਕ ਭਾਰਤੀ ਟੀਮ 18-14 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ ਤੇ ਰਾਮ ਬਤੇਰੀ ਨੇ 8-8 ਅਤੇ ਸੁਖਵਿੰਦਰ ਕੌਰ ਨੇ 7 ਅੰਕ ਲਏ ਜਦੋਂ ਕਿ ਜਾਫੀ ਅਨੂ ਰਾਣੀ ਨੇ 4 ਅਤੇ ਜਸਵੀਰ ਕੌਰ ਤੇ ਰਿਤੂ ਨੇ 1-1 ਜੱਫਾ ਲਾਇਆ। ਨਿਊਜ਼ੀਲੈਂਡ ਦੀ ਰੇਡਰ ਪਰਸੇ ਨੇ 12 ਤੇ ਐਲਿਜ਼ਾਬੈਥ ਮੂਟੋ ਨੇ 9 ਅੰਕ ਲਏ ਜਦੋਂ ਕਿ ਜਾਫੀ ਟੀਟੋ ਤੇ ਟੇਕਾਵਾ ਨੇ 1-1 ਜੱਫਾ ਲਾਇਆ।

ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾਇਆ:
ਪੁਰਸ਼ ਵਰਗ ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾ ਕੇ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ। ਭਾਰਤ ਨੇ ਆਖਰੀ ਮੌਕੇ ਪਾਸਾ ਪਲਟਦਿਆਂ ਵਿਸ਼ਵ ਕੱਪ ਖਿਤਾਬ ਆਪਣੀ ਝੋਲੀ ਪਾਇਆ। ਮੈਚ ਬਹੁਤ ਫਸਵਾਂ ਰਿਹਾ ਅਤੇ ਪਾਕਿਸਤਾਨ ਦੇ ਸਟਾਰ ਜਾਫੀ ਮੁਸ਼ੱਰਫ ਜਾਵੇਦ ਜੰਜੂਆ ਨੇ ਦਿਲਖਿੱਚਵੇਂ ਜੱਫੇ ਲਾਉਂਦਿਆਂ ਭਾਰਤ ਵਿਰੁੱਧ ਲੀਡ ਲੈਣ ਵਿੱਚ ਵੱਡਾ ਯੋਗਦਾਨ ਪਾਇਆ। ਪਹਿਲੇ ਤਿੰਨ ਕੁਆਰਟਰਾਂ ਵਿੱਚ ਪਾਕਿਸਤਾਨ ਨੇ ਥੋੜੇ ਜਿਹੇ ਫਰਕ ਨਾਲ ਲੀਡ ਬਣਾਈ ਰੱਖੀ ਜਦੋਂ ਕਿ ਆਖਰੀ ਤੇ ਚੌਥੇ ਕੁਆਰਟਰ ਵਿੱਚ ਭਾਰਤ ਦੇ ਸਟਾਰ ਜਾਫੀ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ ਤੇ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ ਜੱਫੇ ਲਗਾ ਕੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤ ਦੇ ਰੇਡਰਾਂ ਵਿੱਚੋਂ ਸੰਦੀਪ ਸਿੰਘ ਸੁਰਖਪੁਰ ਨੇ 16 ਤੇ ਸੰਦੀਪ ਲੁੱਧੜ ਨੇ 10 ਅੰਕ ਲਏ ਜਦੋਂ ਕਿ ਭਾਰਤ ਦੇ ਜਾਫੀ ਯਾਦਵਿੰਦਰ ਸੁਰਖਪੁਰ ਨੇ 5 ਤੇ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ 3 ਜੱਫੇ ਲਾਏ। ਪਾਕਿਸਤਾਨ ਦੇ ਰੇਡਰ ਅਹਿਮਦ ਸਫੀਕ ਚਿਸ਼ਤੀ ਨੇ 15, ਇਰਫਾਨ ਨੇ 13 ਤੇ ਅਕਮਲ ਸਜਾਦ ਡੋਗਰ ਨੇ 6 ਅੰਕ ਲਏ ਜਦੋਂ ਕਿ ਜਾਫੀ ਮੁਸ਼ੱਰਫ ਜਾਵੇਦ ਜੰਜੂਆ ਨੇ 4 ਜੱਫੇ ਲਾਏ।
ਪੁਰਸ਼ ਵਰਗ ਦੇ ਸਰਵੋਤਮ ਰੇਡਰ ਤੇ ਜਾਫੀ ਨੂੰ ਮਿਲੇ ਪ੍ਰੀਤ ਟਰੈਕਟਰ :
ਪੁਰਸ਼ ਵਰਗ ਵਿੱਚ ਭਾਰਤ ਦੇ ਸੰਦੀਪ ਸਿੰਘ ਸੁਰਖਪੁਰ ਤੇ ਪਾਕਿਸਤਾਨ ਦੇ ਅਹਿਮਦ ਸ਼ਫੀਕ ਚਿਸ਼ਤੀ ਨੂੰ ਸਾਂਝੇ ਤੌਰ ’ਤੇ ਸਰਵੋਤਮ ਰੇਡਰ ਚੁਣਿਆ ਗਿਆ ਜਦੋਂ ਕਿ ਭਾਰਤ ਦੇ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ ਨੂੰ ਸਰਵੋਤਮ ਜਾਫੀ ਚੁਣਿਆ ਗਿਆ ਜਿਨ੍ਹਾਂ ਨੂੰ ਪ੍ਰੀਤ ਟਰੈਕਟਰ ਇਨਾਮ ਵਿੱਚ ਦਿੱਤੇ ਗਏ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਭਾਰਤ ਦੀ ਪ੍ਰਿਅੰਕਾ ਤੇ ਰਾਮ ਬਤੇਰੀ ਅਤੇ ਨਿਊਜ਼ੀਲੈਂਡ ਦੀ ਪਰਸੇ ਨੂੰ ਸਾਂਝੇ ਤੌਰ ’ਤੇ ਸਰਵੋਤਮ ਰੇਡਰ ਚੁਣਿਆ ਗਿਆ ਅਤੇ ਭਾਰਤ ਦੀ ਅਨੂ ਰਾਣੀ ਤੇ ਨਿਊਜ਼ੀਲੈਂਡ ਦੀ ਟੀਟੋ ਨੂੰ ਸਾਂਝੇ ਤੌਰ ’ਤੇ ਸਰਵੋਤਮ ਜਾਫੀ ਚੁਣਿਆ ਗਿਆ।

Facebook Comment
Project by : XtremeStudioz