Close
Menu

ਵਿਸ਼ਵ ਕੱਪ: ਕਿਵੀ ਲੈ ਉੱਡੇ ਇੰਗਲੈਂਡ ਦਾ ਚੈਨ

-- 21 February,2015

ਵਲਿੰਗਟਨ, ਤੇਜ਼ ਗੇਂਦਬਾਜ਼ ਟਿਮ ਸਾਊਦੀ (33 ਦੌੜਾਂ ’ਤੇ ਸੱਤ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਬਾਅਦ ਕਪਤਾਨ ਬ੍ਰੈਂਡਨ ਮੈਕੁਲਮ ਦੀ 77 ਦੌੜਾਂ ਦੀ ਤੂਫਾਨੀ ਪਾਰੀ ਬਦੌਲਤ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਵਿੱਚ ਜਿੱਤ ਦੀ ਹੈਟ੍ਰਿਕ ਲਗਾ ਦਿੱਤੀ ਹੈ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਊਦੀ ਦੀਆਂ ਰਿਕਾਰਡ ਸੱਤ ਵਿਕਟਾਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 33.2 ਓਵਰਾਂ ਵਿੱਚ 123 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਬਾਅਦ ਕਿਵੀ ਟੀਮ ਨੇ ਸਿਰਫ 12.2 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 125 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਮੈਕੁਲਮ ਨੇ 25 ਗੇਂਦਾਂ ਵਿੱਚ 77 ਦੌੜਾਂ ਬਣਾਈਆਂ। ਉਸ ਨੇ ਸਿਰਫ 18 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰਕੇ ਵਿਸ਼ਵ ਕੱਪ ’ਚ ਨਵਾਂ ਰਿਕਾਰਡ ਬਣਾਇਆ ਹੈ। ਮੈਕੁਲਮ ਨੇ ਵਿਸ਼ਵ ਕੱਪ ’ਚ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਉਸ ਨੇ 2007 ਵਿੱਚ ਵੈਸਟ ਇੰਡੀਜ਼ ਵਿੱਚ ਹੋਏ ਵਿਸ਼ਵ ਕੱਪ ਵਿੱਚ ਕੈਨੇਡਾ ਖਿਲਾਫ 20 ਗੇਂਦਾਂ ’ਚ ਅਰਧ ਸੈਂਕੜਾ ਬਣਾਇਆ ਸੀ। ਮੈਕੁਲਮ ਨੇ ਪਹਿਲੀ ਗੇਂਦ ਤੋਂ ਹੀ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਸੀ। ਸਟੀਵਨ ਫਿੰਨ ਦੇ ਦੋ ਓਵਰਾਂ ਵਿੱਚ ਉਸ ਨੇ 49 ਦੌੜਾਂ ਬਣਾਈਆਂ। ਆਪਣੀ ਪਾਰੀ ਵਿੱਚ ਮੈਕੁਲਮ ਨੇ ਸਿਰਫ ਤਿੰਨ ਸਿੰਗਲ ਦੌੜਾਂ ਬਣਾਈਆਂ ਜਦੋਂਕਿ ਬਾਕੀ ਸਾਰੀਆਂ ਦੌੜਾਂ ਚੌਕਿਆਂ ਤੇ ਛੱਕਿਆਂ ਦੀ ਮਦਦ ਨਾਲ ਬਣਾਈਆਂ।
ਇਸ ਤੋਂ ਪਹਿਲਾਂ ਸਾਊਦੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਤੀਜਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ 9 ਓਵਰਾਂ ਵਿੱਚ 33 ਦੌੜਾਂ ਦੇ ਕੇ ਸੱਤ ਵਿਕਟਾਂ ਝਟਕਾਈਆਂ।
ਪੰਜ ਓਵਰਾਂ ਵਿੱਚ ਇੰਗਲੈਂਡ ਦੀਆਂ ਦੋ ਵਿਕਟਾਂ ਉਡਾਉਣ ਵਾਲੇ ਸਾਊਦੀ ਦੀ ਗੇਂਦਬਾਜ਼ੀ ਸਾਹਮਣੇ ਇੰਗਲੈਂਡ ਦੀ ਟੀਮ 33.2 ਓਵਰਾਂ ਵਿੱਚ ਆਊਟ ਹੋ ਗਈ। ਮੇਜ਼ਬਾਨ ਟੀਮ ਵੱਲੋਂ ਟ੍ਰੈਂਟ ਬੋਲਟ, ਡੇਨੀਅਲ ਵਿਟੋਰੀ ਅਤੇ ਐਡਮ ਮਿਲਨੇ ਨੇ ਇਕ-ਇਕ ਵਿਕਟ ਹਾਸਲ ਕੀਤੀ। ਸਾਊਦੀ ਦਾ ਇਕ ਰੋਜ਼ਾ ਕ੍ਰਿਕਟ ਵਿੱਚ ਇਹ ਕਿਸੇ ਵੀ ਕਿਵੀ ਗੇਂਦਬਾਜ਼ ਵੱਲੋਂ ਸਰਵੋਤਮ ਪ੍ਰਦਰਸ਼ਨ ਹੈ। ਉਸ ਨੇ ਸ਼ੇਨ ਬਾਂਡ ਨੂੰ ਪਛਾੜਿਆ, ਜੋ ਹੁਣ ਟੀਮ ਦਾ ਗੇਂਦਬਾਜ਼ੀ ਕੋਚ ਹੈ। ਬਾਂਡ ਨੇ 2005 ਵਿੱਚ ਭਾਰਤ ਖਿਲਾਫ 19 ਦੌੜਾਂ ਦੇ ਕੇ 6 ਵਿਕਟਾਂ ਝਟਕਾਈਆਂ ਸਨ।
ਇੰਗਲੈਂਡ ਲਈ ਸਿਰਫ ਜੋਅ ਰੂਟ ਹੀ ਕੁਝ ਸਮਾਂ ਟਿਕ ਕੇ ਖੇਡ ਸਕਿਆ, ਜਿਸ ਨੇ 46 ਦੌੜਾਂ ਬਣਾਈਆਂ, ਜਦੋਂਕਿ ਸਲਾਮੀ ਬੱਲੇਬਾਜ਼ ਮੋਇਨ ਅਲੀ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਦਾ ਸਕੋਰ ਇਕ ਸਮੇਂ ਤਿੰਨ ਵਿਕਟਾਂ ’ਤੇ 103 ਦੌੜਾਂ ਸੀ ਜਿਸ ਬਾਅਦ ਵਿਕਟਾਂ ਸੁੱਕੇ ਪੱਤਿਆਂ ਵਾਂਗ ਉੱਡ ਗਈਆਂ। ਇੰਗਲੈਂਡ ਨੇ ਆਖਰੀ ਸੱਤ ਵਿਕਟਾਂ ਸਿਰਫ 19 ਦੌੜਾਂ ’ਚ ਗੁਆ ਦਿੱਤੀਆਂ। ਪਹਿਲੇ ਸਪੈਲ ’ਚ ਸਾਊਦੀ ਨੇ ਇਯਾਨ ਬੈੱਲ (8 ਦੌੜਾਂ) ਅਤੇ ਅਲੀ ਨੂੰ ਬਾਊਲਡ ਆਊਟ ਕੀਤਾ। ਦੂਜੇ ਸਪੈਲ ’ਚ ਉਸ ਨੇ ਜੇਮਜ਼ ਫਾਕਨਰ (ਜ਼ੀਰੋ), ਜੌਸ ਬਟਲਰ (3 ਦੌੜਾਂ), ਕ੍ਰਿਸ ਵੋਕਸ (ਇਕ ਦੌੜ), ਸਟੂਅਰਟ ਬਰਾਡ (4 ਦੌੜਾਂ) ਅਤੇ ਸਟੀਵਨ ਫਿੰਨ (ਜ਼ੀਰੋ) ਨੂੰ ਬਾਹਰ ਦਾ ਰਸਤਾ ਦਿਖਾਇਆ। ਸਾਊਦੀ ਨੇ ਪੰਜ ਵਿਕਟਾਂ ਸਿਰਫ 18 ਗੇਂਦਾਂ ਵਿੱਚ ਝਟਕਾ ਦਿੱਤੀਆਂ। ਵਿਸ਼ਵ ਕੱਪ ਵਿੱਚ ਉਸ ਤੋਂ ਬਿਹਤਰ ਪ੍ਰਦਰਸ਼ਨ ਸਿਰਫ ਆਸਟਰੇਲੀਆ ਦੇ ਗਲੇਨ ਮੈਕਸਵੈਲ (15 ਦੌੜਾਂ ’ਤੇ ਸੱਤ ਵਿਕਟਾਂ) ਅਤੇ ਆਸਟਰੇਲੀਆ ਦੇ ਐਂਡੀ ਬਿਕਲ (20 ਦੌੜਾਂ ’ਤੇ ਸੱਤ ਵਿਕਟਾਂ) ਨੇ ਕੀਤਾ ਹੈ।

Facebook Comment
Project by : XtremeStudioz