Close
Menu

ਵਿਸ਼ਵ ਕੱਪ: ਡਿਵਿਲੀਅਰਜ਼ ਤੇ ਤਾਹਿਰ ਨੇ ਕੈਰੇਬੀਅਨ ਟੀਮ ਕੀਤੀ ਤਾਰ ਤਾਰ

-- 27 February,2015

* ਵੈਸਟ ਇੰਡੀਜ਼ ਨੂੰ 257 ਦੌੜਾਂ ਨਾਲ ਹਰਾ ਕੇ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਦੇ ਇਤਿਹਾਸ
ਦੀ ਸਭ ਤੋਂ ਵੱਡੀ ਜਿੱਤ ਕੀਤੀ ਦਰਜ

ਸਿਡਨੀ,ਕਪਤਾਨ ਏਬੀ ਡਿਵਿਲੀਅਰਜ਼ ਵੱਲੋਂ ਵਿਸ਼ਵ ਕੱਪ ’ਚ ਸਭ ਤੋਂ ਤੇਜ਼ 150 ਦੌੜਾਂ ਬਣਾਉਣ ਬਾਅਦ ਇਮਰਾਨ ਤਾਹਿਰ ਦੀ ਸ਼ਾਨਦਾਰ ਗੇਂਦਬਾਜ਼ੀ ਬਦੌਲਤ ਦੱਖਣੀ ਅਫਰੀਕਾ ਨੇ ਪੂਲ ‘ਬੀ’ ਦੇ ਮੈਚ ਵਿੱਚ ਸ਼ੁੱਕਰਵਾਰ ਨੂੰ ਇਥੇ ਵੈਸਟ ਇੰਡੀਜ਼ ਨੂੰ 257 ਦੌੜਾਂ ਨਾਲ ਮਾਤ ਦਿੱਤੀ ਹੈ, ਜੋ ਵਿਸ਼ਵ ਕੱਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ। ਡਿਵਿਲੀਅਰਜ਼ ਨੇ ਸਿਰਫ਼ 66 ਗੇਂਦਾਂ ਵਿੱਚ ਨਾਬਾਦ 162 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਦੱਖਣੀ ਅਫਰੀਕਾ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 408 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ’ਚ ਕਿਸੇ ਟੀਮ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਟੀਮ ਸਕੋਰ ਦਾ ਰਿਕਾਰਡ ਭਾਰਤ ਦੇ ਨਾਂ ਹੈ, ਜਿਸ ਨੇ 2007 ਵਿੱਚ ਟ੍ਰਿਨੀਡਾਡ ਵਿੱਚ ਬਾਰਮੁਡਾ ਖ਼ਿਲਾਫ਼ ਪੰਜ ਵਿਕਟਾਂ ’ਤੇ 413 ਦੌੜਾਂ ਬਣਾਈਆਂ ਸਨ। ਭਾਰਤ ਨੇ ਇਸ ਮੈਚ ਵਿੱਚ 257 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਪਹਾੜ ਜਿੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੈਰੇਬੀਅਨ ਟੀਮ ਤਾਹਿਰ (45 ਦੌੜਾਂ ’ਤੇ ਪੰਜ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਬਦੌਲਤ 33.1 ਓਵਰਾਂ ਵਿੱਚ ਮਹਿਜ਼ 151 ਦੌੜਾਂ ’ਤੇ ਹੀ ਢੇਰ ਹੋ ਗਈ। ਕਾਇਲ ਐਬੋਟ ਤੇ ਮੋਰਨ ਮੋਰਕਲ ਨੇ ਵੀ ਦੋ ਦੋ ਵਿਕਟਾਂ ਹਾਸਲ ਕੀਤੀਆਂ।
ਡਿਵਿਲੀਅਰਜ਼ ਨੇ ਆਪਣੀ ਪਾਰੀ ਵਿੱਚ ਅੱਠ ਛੱਕੇ ਤੇ 17 ਚੌਕੇ ਜੜੇ। ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਆਇਰਲੈਂਡ ਦੇ ਕੇਵਿਨ ਓ’ਬਰਾਇਨ ਦੇ ਨਾਂ ਹੈ, ਜਿਸ ਨੇ 2011 ਵਿੱਚ ਵਿਸ਼ਵ ਕੱਪ ਵਿੱਚ ਬੰਗਲੌਰ ਵਿੱਚ ਇੰਗਲੈਂਡ ਖ਼ਿਲਾਫ਼ 50 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਸੀ। ਦੱਖਣੀ ਅਫਰੀਕਾ ਦੀ ਇਹ ਤਿੰਨ ਮੈਚਾਂ ਵਿੱਚ ਦੂਜੀ ਜਿੱਤ ਹੈ ਜਦੋਂ ਕਿ ਵੈਸਵ ਇੰਡੀਜ਼ ਦੀ ਚਾਰ ਮੈਚਾਂ ਵਿੱਚ ਦੂਜੀ ਹਾਰ ਹੈ। ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (12 ਦੌੜਾਂ) ਛੇਵੇਂ ਓਵਰ ਵਿੱਚ ਹੋਲਡਰ ਦੀ ਗੇਂਦ ’ਤੇ ਆਂਦਰੇ ਰੱਸਲ ਨੂੰ ਕੈਚ ਦੇ ਬੈਠਾ। ਹਾਸ਼ਿਮ ਅਮਲਾ (65 ਦੌੜਾਂ), ਫਾਫ ਡੂ ਪਲੇਸਿਸ (62 ਦੌੜਾਂ) ਅਤੇ ਰਿਲੀ (61 ਦੌੜਾਂ) ਨੇ ਅਫਰੀਕੀ ਟੀਮ ਲਈ ਨੀਮ ਸੈਂਕੜੇ ਜੜੇ। ਅਮਲਾ ਤੇ ਪਲੇਸਿਸ ਨੇ ਦੂਜੀ ਵਿਕਟ ਲਈ 127 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਗੇਲ (21 ਦੌੜਾਂ ’ਤੇ ਦੋ ਵਿਕਟਾਂ) ਨੇ ਪਾਰੀ ਦੇ 30ਵੇਂ ਓਵਰ ਵਿੱਚ ਅਮਲਾ ਤੇ ਪਲੇਸਿਸ ਨੂੰ ਬਾਹਰ ਦਾ ਰਸਤਾ ਦਿਖਾਇਆ। ਇਸ ਬਾਅਦ ਡਿਵਿਲੀਅਰਜ਼ ਤੇ ਰਿਲੀ ਨੇ 60 ਗੇਂਦਾਂ ’ਚ 100 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਲੀ 31 ਗੇਂਦਾਂ ਵਿੱਚ ਨੀਮ ਸੈਂਕੜਾ ਪੂਰਾ ਕਰਨ ਬਾਅਦ ਰੱਸਲ ਦੀ ਗੇਂਦ ’ਤੇ ਰਾਮਦੀਨ ਨੂੰ ਕੈਚ ਦੇ ਬੈਠਾ। ਜਿਰੋਮ ਟੇਲਰ ਨੇ ਇਸ ਬਾਅਦ ਰੱਸਲ ਦੀ ਗੇਂਦ ’ਤੇ ਡੇਵਿਡ ਮਿੱਲਰ (20 ਦੌੜਾਂ) ਦਾ ਕੈਚ ਫੜਿਆ। ਆਖਰੀ ਓਵਰਾਂ ਵਿੱਚ ਡਿਵਿਲੀਅਰਜ਼ ਨੇ ਫਰਹਾਨ ਬੇਹਰਦੀਨ (ਨਾਬਾਦ 10 ਦੌੜਾਂ) ਨਾਲ 3.2 ਓਵਰਾਂ ਵਿੱਚ 80 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ।

ਟੀਚੇ ਦਾ ਪਿੱਛਾ ਕਰਨ ਉੱਤਰੀ ਕੈਰੇਬੀਅਨ ਟੀਮ ਦੀ ਸ਼ੁਰੂਆਤ ਮਾੜੀ ਰਹੀ ਅਤੇ ਉਸ ਨੇ ਚੌਥੇ ਓਵਰ ਵਿੱਚ 16 ਦੌੜਾਂ ਤਕ ਦੋ ਵਿਕਟਾਂ ਗੁਆ ਦਿੱਤੀਆਂ ਸਨ। ਐਬੋਟ ਨੇ ਪਾਰੀ ਦੇ ਦੂਜੇ ਓਵਰ ਦੀ ਤੀਜੀ ਗੇਂਦ ’ਤੇ ਕ੍ਰਿਸ ਗੇਲ (3 ਦੌੜਾਂ) ਨੂੰ ਬਾਊਲਡ ਆਊਟ ਕਰ ਦਿੱਤਾ। ਉਸ ਨੇ ਅਗਲੇ ਓਵਰ ਵਿੱਚ ਮਾਰਲਨ ਸੈਮੂਅਲਜ਼ (ਜ਼ੀਰੋ) ਨੂੰ ਵਿਕਟਕੀਪਰ ਕਵਿੰਟਨ ਡੀ ਕਾਕ ਹੱਥੋਂ ਕੈਚ ਆਊਟ ਕਰਾਇਆ। ਮੋਰਕਲ ਨੇ ਜੌਨਾਥਨ ਕਾਰਟਰ (10 ਦੌੜਾਂ) ਨੂੰ ਡਿਵਿਲੀਅਰਜ਼ ਹੱਥੋਂ ਕੈਚ ਕਰਾ ਕੇ ਕੈਰੇਬੀਅਨ ਟੀਮ ਨੂੰ ਤੀਜਾ ਝਟਕਾ ਦਿੱਤਾ। ਡਿਵਿਲੀਅਰਜ਼ ਨੇ ਇਸ ਬਾਅਦ ਗੇਂਦ ਤਾਹਿਰ ਨੂੰ ਸੌਂਪੀ। ਇਸ ਲੈੱਗ ਸਪਿੰਨਰ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਸਲਾਮੀ ਬੱਲੇਬਾਜ਼ ਡਵਾਇਨ ਸਮਿੱਥ (31 ਦੌੜਾਂ) ਤੇ ਲੈਂਡਲ ਸਿਮੋਨਜ਼ (ਜ਼ੀਰੋ) ਨੂੰ ਆਊਟ ਕੀਤਾ। ਤਾਹਿਰ ਨੇ ਇਸ ਬਾਅਦ ਡੈਰੇਨ ਸੈਮੀ (5 ਦੌੜਾਂ) ਤੇ ਆਂਦਰੇ ਰੱਸਲ (ਜ਼ੀਰੋ) ਨੂੰ ਇਕ ਹੀ ਓਵਰ ਵਿੱਚ ਬਾਹਰ ਦਾ ਰਸਤਾ ਦਿਖਾ ਕੇ ਕੈਰੇਬੀਅਨ ਟੀਮ ਦਾ ਸਕੋਰ ਸੱਤ ਵਿਕਟਾਂ ’ਤੇ 63 ਦੌੜਾਂ ਕਰ ਦਿੱਤਾ। ਕਪਤਾਨ ਹੋਲਡਰ ਨੇ ਤਾਹਿਰ ਦੇ ਓਵਰ ਵਿੱਚ ਦੋ ਛੱਕੇ ਮਾਰੇ ਅਤੇ ਦਿਨੇਸ਼ ਰਾਮਦੀਨ (22 ਦੌੜਾਂ) ਨਾਲ ਮਿਲ ਕੇ 25ਵੇਂ ਓਵਰ ਵਿੱਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਤਾਹਿਰ ਨੇ ਰਾਮਦੀਨ ਨੂੰ ਬਾਊਲਡ ਆਊਟ ਕੀਤਾ ਅਤੇ ਆਪਣੀ ਪੰਜਵੀਂ ਵਿਕਟ ਹਾਸਲ ਕੀਤੀ। ਹੋਲਡਰ ਨੇ 44 ਗੇਂਦਾਂ ਵਿੱਚ ਇਕ ਰੋਜ਼ਾ ਕ੍ਰਿਕਟ ਵਿੱਚ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਉਹ ਸਟੇਨ ਦੀ ਗੇਂਦ ’ਤੇ ਅਮਲਾ ਨੂੰ ਕੈਚ ਦੇ ਬੈਠਾ। ਮੋਰਕਲ ਨੇ ਸੁਲੇਮਾਨ ਬੇਨ (1 ਦੌੜ) ਨੂੰ ਸਲਿੱਪ ਵਿੱਚ ਅਮਲਾ ਹੱਥੋਂ ਕੈਚ ਕਰਾ ਕੇ ਵੈਸਟ ਇੰਡੀਜ਼ ਨੂੰ ਉਸ ਦੇ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਦਿੱਤੀ।

ਬਰਾਵੋ ਵਿਸ਼ਵ ਕੱਪ ਵਿੱਚੋਂ ਬਾਹਰ

ਵੈਸਟ ਇੰਡੀਜ਼ ਦਾ ਬੱਲੇਬਾਜ਼ ਡਵਾਇਨ ਬਰਾਵੋ ਹੈਮਸਟ੍ਰਿੰਗ ਦੀ ਸੱਟ ਕਾਰਨ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਿਆ ਹੈ। ਵੈਸਵ ਇੰਡੀਜ਼ ਪਲੇਅਰਜ਼ ਐਸੋਸੀਏਸ਼ਨ ਨੇ ਟਵਿੱਟਰ ’ਤੇ ਲਿਖਿਆ,‘ਡਵਾਇਨ ਬਰਾਵੋ ਵਿਸ਼ਵ ਕੱਪ ਤੋਂ ਬਾਹਰ ਤੇ ਕੈਰੇਬੀਅਨ ਟੀਮ ਵਿੱਚ ਉਸ ਦੀ ਜਗ੍ਹਾ ਕੋਈ ਹੋਰ ਲਵੇਗਾ। ਜਲਦੀ ਠੀਕ ਹੋ ਜਾਓ ਬਰਾਵੋ।’ ਬਰਾਵੋ ਦੇ ਪਿਛਲੇ ਹਫ਼ਤੇ ਪਾਕਿਸਤਾਨ ਖ਼ਿਲਾਫ਼ ਮੈਚ ਦੌਰਾਨ ਸੱਟ ਲੱਗ ਗਈ ਸੀ।

Facebook Comment
Project by : XtremeStudioz