Close
Menu

ਵਿਸ਼ਵ ਕੱਪ: ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਦੇ ਸੁਪਨੇ ਕੀਤੇ ਚਕਨਾਚੂਰ

-- 19 February,2015

ਕੈਨਬਰਾ, ਮੁਸ਼ਫਿਕੁਰ ਰਹੀਮ (71 ਦੌੜਾਂ) ਅਤੇ ਸ਼ਾਕਿਬ ਅਲ ਹਸਨ (63 ਦੌੜਾਂ) ਦੇ ਸ਼ਾਨਦਾਰ ਨੀਮ ਸੈਂਕੜਿਆਂ ਬਾਅਦ ਤੇਜ਼ ਗੇਂਦਬਾਜ਼ ਮਸ਼ਰਫ ਮੁਰਤਜ਼ਾ (20 ਦੌੜਾਂ ’ਤੇ ਤਿੰਨ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਬਦੌਲਤ ਬੰਗਲਾਦੇਸ਼ ਨੇ ਅਫ਼ਗਾਨਿਸਤਾਨ ਨੂੰ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪੂਲ ‘ਏ’ ਦੇ ਮੈਚ ਵਿੱਚ ਬੁੱਧਵਾਰ ਨੂੰ 105 ਦੌੜਾਂ ਨਾਲ ਮਾਤ ਦਿੱਤੀ ਹੈ। ਬੰਗਲਾਦੇਸ਼ ਨੇ 50 ਓਵਰਾਂ ਵਿੱਚ 267 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਅਫ਼ਗਾਨ ਟੀਮ 42.5 ਓਵਰਾਂ ਵਿੱਚ 162 ਦੌੜਾਂ ’ਤੇ ਹੀ ਢੇਰ ਹੋ ਗਈ।

ਬੰਗਲਾਦੇਸ਼ ਦੇ 267 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਅਫ਼ਗਾਨਿਸਤਾਨ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਉਸ ਦੀਆਂ ਤਿੰਨ ਓਵਰਾਂ ਵਿੱਚ ਤਿੰਨ ਵਿਕਟਾਂ ਡਿੱਗ ਗਈਆਂ। ਇਹ ਟੀਮ ਮੈਚ ਦੇ ਅਖ਼ੀਰ ਤਕ ਇਸ ਸਦਮੇ ਵਿੱਚੋਂ ਨਹੀਂ ਉੱਭਰ ਸਕੀ। ਮੁਰਤਜ਼ਾ ਨੇ ਜਾਵੇਦ ਅਹਿਮਦੀ (1 ਦੌੜਾਂ)Œਅਤੇ ਅਸਗਰ ਸਟੈਨਿਕਜ਼ਈ (1 ਦੌੜਾਂ) ਜਦੋਂ ਕਿ ਰੂਬੇਲ ਹੁਸੈਨ ਨੇ ਅਫਸਰ ਜਜਈ (1 ਦੌੜ) ਨੂੰ ਆਊਟ ਕੀਤਾ। ਨਵਰੋਜ਼ ਮੰਗਲ ਨੇ 27 ਦੌੜਾਂ, ਸੈਮੀਉੱਲ੍ਹਾ ਸ਼ੇਨਵਾਰੀ ਨੇ 42 ਦੌੜਾਂ ਅਤੇ  ਕਪਤਾਨ ਮੁਹੰਮਦ ਨਬੀ ਨੇ 44 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਸਾਬਕਾ ਕਪਤਾਨ ਅਤੇ ਸਪਿੰਨਰ ਸ਼ਾਕਿਬ ਨੇ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ 63 ਦੌੜਾਂ ਬਣਾਉਣ ਬਾਅਦ 8.5 ਓਵਰਾਂ ਵਿੱਚ 43 ਦੌੜਾਂ ਦੇ ਕੇ ਦੋ ਵਿਕਟਾਂ ਵੀ ਝਟਕਾਈਆਂ। ਰੂਬੇਲ ਹੁਸੈਨ, ਤਸਕੀਨ ਅਹਿਮਦ ਅਤੇ ਮਹਿਮੂਦੁੱਲਾ ਨੇ ਇਕ ਇਕ ਵਿਕਟ ਹਾਸਲ ਕੀਤੀ। ਬੰਗਲਾਦੇਸ਼ ਦੀ ਪਾਰੀ ਵਿੱਚ 71 ਦੌੜਾਂ ਬਣਾਉਣ ਵਾਲੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੌੜਾਂ ਦੇ ਹਿਸਾਬ ਨਾਲ ਬੰਗਲਾਦੇਸ਼ ਦੀ ਵਿਸ਼ਵ ਕੱਪ ਵਿੱਚ ਇਹ ਸਭ ਤੋਂ ਵੱਡੀ ਜਿੱਤ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਠੀਕ ਨਹੀਂ ਰਹੀ। ਐਸੋਸੀਏਟ ਟੀਮ ਅਫ਼ਗਾਨਿਸਤਾਨ ਦੇ ਗੇਂਦਬਾਜ਼ਾਂ ਨੇ 119 ਦੌੜਾਂ ਤਕ ਉਸ ਦੀਆਂ 4 ਵਿਕਟਾਂ ਉੱਡਾ ਦਿੱਤੀਆਂ ਸਨ।  ਪੰਜਵੀਂ ਵਿਕਟ ਲਈ ਸ਼ਾਕਿਬ ਤੇ ਮੁਸ਼ਫਿਕੁਰ ਨੇ 114 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਕਟ ਵਿੱਚੋਂ ਕੱਢਿਆ। ਇਨ੍ਹਾਂ ਦੋਹਾਂ ਤੋਂ ਇਲਾਵਾ ਬੰਗਲਾਦੇਸ਼ ਦਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਖੇਡ ਸਕਿਆ। ਬੰਗਲਾਦੇਸ਼ ਦੀ ਪਹਿਲੀ ਵਿਕਟ ਤਮੀਮ ਇਕਬਾਲ (19 ਦੌੜਾਂ) ਦੇ ਰੂਪ ਵਿੱਚ ਡਿੱਗੀ, ਜਿਸ ਨੂੰ ਮੀਰਵਾਇਜ਼ ਅਸ਼ਰਫ ਨੇ ਕੈਚ ਆਊਟ ਕਰਾਇਆ। ਇਸ ਬਾਅਦ ਅਸ਼ਰਫ ਨੇ ਐਨਾਮੁਲ ਹੱਕ (29 ਦੌੜਾਂ) ਨੂੰ ਟੰਗ ਅੜਿੱਕਾ ਆਊਟ ਕੀਤਾ। ਤੇਜ਼ ਗੇਂਦਬਾਜ਼ ਸ਼ਪੂਰ ਜ਼ਾਦਰਾਨ ਨੇ ਐਸ ਸਰਕਾਰ (28 ਦੌੜਾਂ) ਅਤੇ ਮਹਿਮੂਦੁੱਲਾ (23 ਦੌੜਾਂ) ਨੂੰ ਆਊਟ ਕੀਤਾ।

Facebook Comment
Project by : XtremeStudioz