Close
Menu

ਵਿਸ਼ਵ ਕੱਪ: ਰੱਸਲ ਨੇ ਪਾਕਿਸਤਾਨ ਦਿੱਤਾ ਮਸਲ

-- 21 February,2015

ਕਰਾਈਸਟਚਰਚ, ਬੱਲਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਆਂਦਰੇ ਰੱਸਲ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਮਦਦ ਨਾਲ ਵੈਸਟ ਇੰਡੀਜ਼ ਨੇ ਅੱਜ ਇੱਥੇ ਪਾਕਿਸਤਾਨ ਨੂੰ 150 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਪਹਿਲੇ ਮੈਚ ਵਿੱਚ ਆਇਰਲੈਂਡ ਹੱਥੋਂ ਹਾਰਨ ਵਾਲੇ ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਛੇ ਵਿਕਟਾਂ ਦੇ ਨੁਕਸਾਨ ’ਤੇ 310 ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਦਿਨੇਸ਼ ਰਾਮਦੀਨ ਨੇ (51 ਦੌੜਾਂ) ਅਤੇ ਲਿੰਡਲ ਸਿਮੋਨਜ਼ (50 ਦੌੜਾਂ) ਨੇ ਅਰਧ ਸੈਂਕੜੇ ਜੜੇ ਜਦੋਂ ਕਿ ਡੈਰੇਨ ਬਰਾਵੋ (49 ਦੌੜਾਂ ਰਿਟਾਇਰ ਹਰਟ) ਅਤੇ ਮਰਲੇਨ ਸੈਮੂਅਲਜ਼ (38 ਦੌੜਾਂ) ਨੇ ਵੀ ਉਪਯੋਗੀ ਯੋਗਦਾਨ ਪਾਇਆ। ਹੇਠਲੇ ਕ੍ਰਮ ਵਿੱਚ ਡੈਰੇਨ ਸੈਮੀ (28 ਗੇਂਦਾਂ ’ਤੇ 30 ਦੌੜਾਂ) ਅਤੇ ਆਂਦਰੇ ਰੱਸਲ (13 ਗੇਂਦਾਂ ’ਤੇ ਨਾਬਾਦ 42 ਦੌੜਾਂ) ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ, ਜਿਸ ਨਾਲ ਕੈਰੇਬੀਅਨ ਟੀਮ ਨੇ ਆਖਰੀ ਦਸ ਓਵਰਾਂ ਵਿੱਚ 115 ਦੌੜਾਂ ਜੋੜੀਆਂ। ਆਪਣੇ ਪਹਿਲੇ ਮੈਚ ’ਚ ਭਾਰਤ ਹੱਥੋਂ ਹਾਰ ਦਾ ਮੂੰਹ ਦੇਖਣ ਵਾਲੇ ਪਾਕਿਸਤਾਨ ਦੇ ਬੱਲੇਬਾਜ਼ ਅੱਜ ਫਿਰ ਨਾਕਾਮ ਰਹੇ ਅਤੇ ਪੂਰੀ ਟੀਮ 39 ਓਵਰਾਂ ਵਿੱਚ ਮਹਿਜ਼ 160 ਦੌੜਾਂ ’ਤੇ ਢੇਰ ਹੋ ਗਈ। ਜੇਰੋਮ ਟੇਲਰ (15 ਦੌੜਾਂ ’ਤੇ ਤਿੰਨ ਵਿਕਟਾਂ) ਨੇ ਪਾਕਿਸਤਾਨ ਦੇ ਸਿਖਰਲੇ ਕ੍ਰਮ ਨੂੰ ਉਖਾੜ ਸੁੱਟਿਆ। ਇਸ ਕਾਰਨ ਪਾਕਿ ਦਾ ਸਕੋਰ ਚਾਰ ਵਿਕਟਾਂ ’ਤੇ ਇਕ ਦੌੜ ਹੋ ਗਿਆ ਸੀ, ਜੋ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਕਿਸੇ ਵੀ ਟੀਮ ਦੀ ਸਭ ਤੋਂ ਖਰਾਬ ਸ਼ੁਰੂਆਤ ਹੈ। ਰਸਲ (33 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਸਪਿੰਨਰ ਸੁਲੇਮਾਨ ਬੇਨ (39 ਦੌੜਾਂ ਦੇ ਕੇ ਦੋ ਵਿਕਟਾਂ) ਨੇ ਮੱਧ ਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਹਰਫਨਮੌਲਾ ਪ੍ਰਦਰਸ਼ਨ ਲਈ ਰੱਸਲ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ ਹੈ। 25 ਦੌੜਾਂ ਦੇ ਸਕੋਰ ਤੱਕ ਅੱਧੀ ਪਾਕਿ ਟੀਮ ਆਊਟ ਹੋ ਚੁੱਕੀ ਸੀ। ਸ਼ੋਏਬ ਮਕਸੂਦ (50 ਦੌੜਾਂ) ਅਤੇ ਉਮਰ ਅਕਮਲ (59 ਦੌੜਾਂ) ਨੇ ਛੇਵੀਂ ਵਿਕਟ ਲਈ 80 ਦੌੜਾਂ ਜੋੜੀਆਂ। ਸ਼ਾਹਿਦ ਅਫਰੀਦੀ (28 ਦੌੜਾਂ) ਤੋਂ ਬਿਨਾਂ ਹੋਰ ਕੋਈ ਵੀ ਪਾਕਿ ਬੱਲੇਬਾਜ਼ ਦੋਹਰੇ ਅੰਕ ਤੱਕ ਪਹੁੰਚਣ ’ਚ ਨਾਕਾਮ ਰਿਹਾ। ਵੈਸਟ ਇੰਡੀਜ਼ ਨੇ ਵਿਸ਼ਵ ਕੱਪ 2015 ਵਿੱਚ ਆਪਣਾ ਖਾਤਾ ਖੋਲ੍ਹ ਲਿਆ ਹੈ ਜਦੋਂਕਿ ਲਗਾਤਾਰ ਦੂਜੀ ਹਾਰ ਨਾਲ ਪਾਕਿਸਤਾਨ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

Facebook Comment
Project by : XtremeStudioz