Close
Menu

ਵਿਸ਼ਵ ਕੱਪ : ਆਸਟਰੇਲੀਅਨਾਂ ਨੇ ਧੋਨੀ ਸੈਨਾ ਖਦੇੜੀ

-- 27 March,2015

ਸਿਡਨੀ,  ਆਸਟਰੇਲੀਆ ਨੇ ਵੀਰਵਾਰ ਨੂੰ ਇਥੇ ਭਾਰਤੀ ਟੀਮ ਦਾ ਲਗਾਤਾਰ ਦੂਜੀ ਵਾਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤੋੜ ਕੇ ਫਾਈਨਲ ਵਿੱਚ ਦਾਖ਼ਲਾ ਹਾਸਲ ਕਰ ਲਿਆ। ਸਹਿ-ਮੇਜ਼ਬਾਨ ਆਸਟਰੇਲੀਆ ਨੇ ਟੂਰਨਾਮੈਂਟ ਦੇ ਦੂਜੇ ਸੈਮੀ ਫਾਈਨਲ ਵਿੱਚ ਅੱਜ ਭਾਰਤ ਨੂੰ 95 ਦੌੜਾਂ ਨਾਲ ਮਾਤ ਦਿੱਤੀ ਹੈ। ਹੁਣ ਖ਼ਿਤਾਬੀ ਮੁਕਾਬਲੇ ਵਿੱਚ 29 ਮਾਰਚ ਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਟੱਕਰ ਹੋਵੇਗੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉੱਤਰੀ ਚਾਰ ਵਾਰ ਦੀ ਚੈਂਪੀਅਨ ਆਸਟਰੇਲੀਅਨ ਟੀਮ ਨੇ ਸਟੀਵਨ ਸਮਿੱਥ ਦੇ ਸੈਂਕੜੇ ਦੀ ਮਦਦ ਨਾਲ ਸੱਤ ਵਿਕਟਾਂ ’ਤੇ 328 ਦੌੜਾਂ ਬਣਾਈਅਾਂ। ਇਸ ਦੇ ਜਵਾਬ ਵਿੱਚ ਉੱਤਰੀ ਭਾਰਤੀ ਟੀਮ 46.5 ਓਵਰਾਂ ਵਿੱਚ 233 ਦੌੜਾਂ ’ਤੇ ਹੀ ਢੇਰ ਹੋ ਗਈ। ਕੰਗਾਰੂਆਂ ਨੇ ਭਾਰਤੀ ਗੇਂਦਬਾਜ਼ਾਂ ਦੀ ਇਕ ਨਾ ਚੱਲਣ ਦਿੱਤੀ। ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਛੱਡ ਕੇ ਹੋਰ ਕੋਈ ਬੱਲੇਬਾਜ਼ ਨਹੀਂ ਚੱਲਿਆ। ਧੋਨੀ ਨੇ ਅਖੀਰ ਵਿੱਚ 65 ਗੇਂਦਾਂ ਵਿੱਚ 65 ਦੌੜਾਂ ਬਣਾ ਕੇ ਸੰਘਰਸ਼ ਕੀਤਾ ਪਰ ਉਦੋਂ ਤਕ ਸਮਾਂ ਲੰਘ ਚੁੱਕਾ ਸੀ। ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ 300 ਤੋਂ ਵੱਧ ਦੌੜਾਂ ਬਣਾਉਣ ਵਾਲੀ ਆਸਟਰੇਲੀਅਾ ਪਹਿਲੀ ਟੀਮ ਬਣ ਗਈ ਹੈ। ਇਹ ਦੂਜੀ ਵਾਰ ਹੋਵੇਗਾ ਕਿ ਕੋਈ ਮੇਜ਼ਬਾਨ ਦੇਸ਼ ਖ਼ਿਤਾਬ ਜਿੱਤੇਗਾ। ਇਸ ਤੋਂ ਪਹਿਲਾਂ 2011 ਵਿੱਚ ਭਾਰਤ ਨੇ ਆਪਣੀ ਮੇਜ਼ਬਾਨੀ ਵਿੱਚ ਹੋਏ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ। ਆਸਟਰੇਲੀਆ ਲਈ ਸਮਿੱਥ ਨੇ 93 ਗੇਂਦਾਂ ਵਿੱਚ 11 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ। ਅੈਰੌਨ ਫਿੰਚ (81 ਦੌੜਾਂ) ਨੇ ਉਸ ਨਾਲ ਦੂਜੀ ਵਿਕਟ ਲਈ 182 ਦੌੜਾਂ ਜੋੜੀਆਂ।  ਬਾਅਦ ਵਿੱਚ ਮਿਚੇਲ ਜੌਹਨਸਨ ਨੇ ਸਿਰਫ਼ 9 ਗੇਂਦਾਂ ਵਿੱਚ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਟੀਮ ਨੂੰ 320 ਦੌੜਾਂ ਤਕ ਪਹੁੰਚਾਇਆ। ਭਾਰਤ ਵੱਲੋਂ ਉਮੇਸ਼ ਯਾਦਵ ਨੇ 9 ਓਵਰਾਂ ਵਿੱਚ 72 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸ਼ਮੀ ਨੇ ਦਸ ਓਵਰਾਂ ਵਿੱਚ 68 ਦੌੜਾਂ ਦਿੱਤੀਆਂ ਪਰ ਵਿਕਟ ਹਾਸਲ ਕਰਨ ਵਿੱਚ ਨਾਕਾਮ ਰਿਹਾ। ਮੋਹਿਤ ਸ਼ਰਮਾ ਨੇ 10 ਓਵਰਾਂ ਵਿੱਚ 75 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਆਰ ਅਸ਼ਵਿਨ ਨੇ 10 ਓਵਰਾਂ ਵਿੱਚ 42 ਦੌੜਾਂ ਦਿੱਤੀਆਂ ਤੇ ਗਲੇਨ ਮੈਕਸਵੈਲ ਨੂੰ ਆਊਟ ਕੀਤਾ। ਵਾਰਨਰ ਦੇ ਜਲਦੀ ਆਊਟ ਹੋਣ ਬਾਅਦ ਫਿੰਚ ਤੇ ਸਮਿੱਥ ਨੇ ਮਿਲ ਕੇ ਆਸਟਰੇਲੀਅਨ ਪਾਰੀ ਨੂੰ ਅੱਗੇ ਵਧਾਇਆ। ਸਮਿੱਥ ਦੇ ਆਊਟ ਹੋਣ ਬਾਅਦ ਸ਼ੇਨ ਵਾਟਸਨ (28 ਦੌੜਾਂ) ਅਤੇ ਜੇਮਜ਼ ਫਾਕਨਰ (21 ਦੌੜਾਂ) ਨੇ 36 ਦੌੜਾਂ ਜੋੜੀਆਂ। ਭਾਰਤ ਨੇ ਆਖਰੀ ਦਸ ਓਵਰਾਂ ਵਿੱਚ 87 ਦੌੜਾਂ ਦਿੱਤੀਆਂ।
ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਵੱਲੋਂ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 12.5 ਓਵਰਾਂ ਵਿੱਚ 76 ਦੌੜਾਂ ਜੋੜੀਆਂ। ਧਵਨ ਦੇ ਆਊਟ ਹੋਣ ਬਾਅਦ ਆਸਟਰੇਲੀਅਨ ਗੇਂਦਬਾਜ਼ਾਂ ਨੇ ਦਬਾਅ ਬਣਾ ਲਿਆ। ਹੇਜ਼ਲਵੁੱਡ ਨੇ ਧਵਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਆਸਟਰੇਲੀਆ ਲਈ ਮਿਚੇਲ ਜੌਹਨਸਨ ਤੇ ਮਿਸ਼ੇਲ ਸਟਾਰਕ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਹੇਜ਼ਲਵੁੱਡ ਨੂੰ ਇਕ ਵਿਕਟ ਮਿਲੀ। ਵਿਰਾਟ ਕੋਹਲੀ ਨੇ ਪਹਿਲੀਆਂ 12 ਗੇਂਦਾਂ ਵਿੱਚ ਇਕ ਦੌੜ ਬਣਾਈ ਅਤੇ 13ਵੀਂ ਗੇਂਦ ’ਤੇ ਆਊਟ ਹੋ ਗਿਆ। ਜੌਹਨਸਨ ਦੀ ਗੇਂਦ ’ਤੇ ਉਹ ਬਰਾਡ ਹੈਡਿਨ ਨੂੰ ਕੈਚ ਦੇ ਬੈਠਾ। ਰੋਹਿਤ ਸ਼ਰਮਾ (34 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ ਪਰ ਇਸ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕਿਆ। ਸੁਰੇਸ਼ ਰੈਣਾ (7 ਦੌੜਾਂ) ਨੇ ਵਿਕਟਾਂ ਪਿੱਛੇ ਕੈਚ ਦਿੱਤਾ।
ਧੋਨੀ ਤੇ ਅਜਿਨਕਿਆ ਰਹਾਣੇ (44 ਦੌੜਾਂ) ਨੇ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਰਹਾਣੇ ਨੂੰ ਪੈਵੇਲੀਅਨ ਭੇਜਣ ਵਿੱਚ ਸਮਿੱਥ ਦੀ ਚਤੁਰਾਈ ਦਾ ਯੋਗਦਾਨ ਰਿਹਾ। ਸਟਾਰਕ ਦੀ ਗੇਂਦ ’ਤੇ ਰਹਾਣੇ ਚਕਮਾ ਖਾ ਗਿਆ ਤੇ ਗੇਂਦਬਾਜ਼ ਆਪਣੇ ਰਨ-ਅੱਪ ਵੱਲ ਵਧ ਰਿਹਾ ਸੀ ਕਿ ਸਮਿੱਥ ਭੱਜ ਕੇ ਕਲਾਰਕ ਕੋਲ ਗਿਆ ਅਤੇ ਡੀਆਰਅੈਸ ਲੈਣ ਲਈ ਕਿਹਾ। ਤੀਜੇ ਅੰਪਾਇਰ ਨੇ ਰਹਾਣੇ ਨੂੰ ਆਊਟ ਕਰਾਰ ਦਿੱਤਾ।

Facebook Comment
Project by : XtremeStudioz