Close
Menu

ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਉਣ ਲਈ ਭਾਰਤ ਦ੍ਰਿੜ੍ਹ

-- 27 June,2018

ਬਰੇਡਾ, ਲਗਾਤਾਰ ਦੋ ਜਿੱਤਾਂ ਨਾਲ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਦਾ ਇਰਾਦਾ ਹੁਣ ਬੁੱਧਵਾਰ ਨੂੰ ਇੱਥੇ ਐਫਆਈਐਚ ਵਿਸ਼ਵ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਉਣ ਦਾ ਹੋਵੇਗਾ। ਭਾਰਤੀ ਟੀਮ ਪਹਿਲੀ ਵਾਰ ਚੈਂਪੀਅਨਜ਼ ਟਰਾਫ਼ੀ ਜਿੱਤਣ ਦੀ ਕਵਾਇਦ ਵਿੱਚ ਲੱਗੀ ਹੋਈ ਹੈ। ਉਸ ਨੇ ਪਾਕਿਸਤਾਨ ਨੂੰ 4-0 ਗੋਲਾਂ ਨਾਲ ਹਰਾ ਕੇ ਬਿਹਤਰੀਨ ਸ਼ੁਰੂਆਤ ਕੀਤੀ ਅਤੇ ਫਿਰ ਮੌਜੂਦਾ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ 2-1 ਗੋਲਾਂ ਨਾਲ ਹਰਾਇਆ ਹੈ। ਛੇ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਭਾਰਤ ਹੁਣ ਦੋ ਜਿੱਤਾਂ ਨਾਲ ਛੇ ਅੰਕਾਂ ਲੈ ਕੇ ਚੋਟੀ ’ਤੇ ਹੈ। ਆਸਟਰੇਲੀਆ ਦਾ ਚਾਰ ਅੰਕਾਂ ਨਾਲ ਦੂਜਾ ਸਥਾਨ ਹੈ। ਰਾਊਂਡ ਰੌਬਿਨ ਵਿੱਚ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ ਐਤਵਾਰ ਨੂੰ ਫਾਈਨਲ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।
ਰਾਸ਼ਟਰਮੰਡਲ ਖੇਡਾਂ ਦੇ ਖ਼ਰਾਬ ਪ੍ਰਦਰਸ਼ਨ ਨੂੰ ਭੁਲਾ ਕੇ ਭਾਰਤੀ ਟੀਮ ਨਵੇਂ ਮੁੱਖ ਕੋਚ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਨਵੇਂ ਜੋਸ਼ ਅਤੇ ਜਜ਼ਬੇ ਨਾਲ ਖੇਡ ਰਹੀ ਹੈ। ਹਰਿੰਦਰ ਦੇ ਆਉਣ ਮਗਰੋਂ ਭਾਰਤੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆ ਰਹੀ ਹੈ। ਹਰਿੰਦਰ ਨੇ ਨੌਜਵਾਨ ਅਤੇ ਤਜਰਬੇ ਦੇ ਮਿਸ਼ਰਣ ਨਾਲ ਟੀਮ ਤਿਆਰ ਕੀਤੀ ਹੈ। ਉਹ ਖਿਡਾਰੀਆਂ ਵਿੱਚ ਆਤਮਵਿਸ਼ਵਾਸ ਭਰਨ ਵਿੱਚ ਸਫਲ ਰਿਹਾ ਹੈ। ਪਹਿਲੇ ਦੋ ਮੈਚਾਂ ਦੌਰਾਨ ਟੀਮ ਦੇ ਪ੍ਰਦਰਸ਼ਨ ਵਿੱਚ ਇਹ ਸਾਫ਼ ਝਲਕਿਆ ਹੈ। ਭਾਰਤੀ ਸਟਰਾਈਕਰ ਜਿੱਥੇ ਚੰਗੀ ਫਾਰਮ ਵਿੱਚ ਹਨ, ਉਥੇ ਰੱਖਿਆ ਕਤਾਰ ਨੇ ਵੀ ਪਾਕਿਸਤਾਨ ਅਤੇ ਅਰਜਨਟੀਨਾ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ ਹੈ, ਜਦੋਂਕਿ ਟੂਰਨਾਮੈਂਟ ਤੋਂ ਪਹਿਲਾਂ ਇਹ ਚਿੰਤਾ ਦਾ ਵਿਸ਼ਾ ਸੀ। ਨੌਜਵਾਨ ਦਿਲਪ੍ਰੀਤ ਸਿੰਘ, ਮਨਦੀਪ ਸਿੰਘ, ਐਸ ਵੀ ਸੁਨੀਲ ਅਤੇ ਲਲਿਤ ਉਪਾਧਿਆਇ ਨੇ ਫਾਰਵਰਡ ਵਿੱਚ ਚੰਗੀ ਖੇਡ ਵਿਖਾਈ। ਰਮਨਦੀਪ ਸਿੰਘ ਪਾਕਿਸਤਾਨ ਖ਼ਿਲਾਫ਼ ਲੱਗੀ ਗੋਡੇ ਦੀ ਸੱਟ ਕਾਰਨ ਟੂਰਨਾਮੈਂਟ ਵਿੱਚ ਅਗਲੇ ਮੈਚ ਨਹੀਂ ਖੇਡ ਸਕੇਗਾ। ਉਸ ਦੇ ਪੈਰ ਵਿੱਚ ਫਰੈਕਚਰ ਹੋ ਗਿਆ ਹੈ। ਅਨੁਭਵੀ ਸਰਦਾਰ ਸਿੰਘ ਦੀ ਅਗਵਾਈ ਵਿੱਚ ਮਿਡਫੀਲਡਰ ਨੇ ਵੀ ਚੰਗੀ ਖੇਡ ਵਿਖਾਈ ਹੈ।
ਹਾਲਾਂਕਿ ਆਸਟਰੇਲੀਆ ਖ਼ਿਲਾਫ਼ ਮੁਕਾਬਲਾ ਸੌਖਾ ਨਹੀਂ ਹੋਵੇਗਾ। ਆਸਟਰੇਲੀਆ ਨੇ ਬੈਲਜੀਅਮ ਨਾਲ ਪਹਿਲਾ ਮੈਚ 3-3 ਨਾਲ ਡਰਾਅ ਖੇਡਿਆ ਅਤੇ ਫਿਰ ਪਾਕਿਸਤਾਨ ਨੂੰ 2-1 ਗੋਲਾਂ ਨਾਲ ਹਰਾਇਆ ਹੈ। ਆਸਟਰੇਲੀਆ ਜਦੋਂ ਵੀ ਭਾਰਤ ਖ਼ਿਲਾਫ਼ ਖੇਡਿਆ, ਉਦੋਂ ਉਸ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਉਹ ਆਸਟਰੇਲੀਆ ਹੀ ਸੀ, ਜਿਸ ਦੇ ਖਿਲਾਫ਼ ਪਿਛਲੀ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਭਾਰਤ ਨੂੰ ਸ਼ੂਟ ਆਊਟ ਵਿੱਚ ਹਾਰ ਝੱਲਣੀ ਪਈ। ਆਸਟਰੇਲੀਆ ਮਗਰੋਂ ਭਾਰਤ ਦਾ ਸਾਹਮਣਾ ਵੀਰਵਾਰ ਨੂੰ ਬੈਲਜੀਅਮ ਨਾਲ ਹੋਵੇਗਾ। ਰਾਊਂਡ ਰੌਬਿਨ ਵਿੱਚ ਉਹ ਆਪਣਾ ਆਖ਼ਰੀ ਮੈਚ ਸ਼ਨਿਚਰਵਾਰ ਨੂੰ ਮੇਜ਼ਬਾਨ ਨੈਦਰਲੈਂਡ ਨਾਲ ਖੇਡੇਗਾ।

Facebook Comment
Project by : XtremeStudioz