Close
Menu

‘ਵਿਸ਼ਵ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣੇਗਾ ਭਾਰਤ’

-- 08 May,2019

ਗੋਡਾ (ਝਾਰਖੰਡ), 8 ਮਈ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਰਤ ਅਗਲੇ ਪੰਜ ਸਾਲ ਵਿੱਚ ਦੁਨੀਆਂ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਕਾਸ ਕਾਰਜ ਕਰਵਾ ਕੇ ਦੇਸ਼ ਦੇ ਲੋਕਾਂ ਵਿੱਚ ਭਰੋਸਾ ਪੈਦਾ ਕਰਨ ਦੇ ਯੋਗ ਹੋਈ ਹੈ।
ਗੋਡਾ ਲੋਕ ਸਭਾ ਹਲਕੇ ਦੇ ਪਥਾਰਗਾਮਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਦੇਸ਼ ਵਿੱਚ 1.3 ਕਰੋੜ ਲੋਕਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਹਨ। ਅਗਲੇ ਪੰਜ ਤੋਂ ਸੱਤ ਸਾਲ ਵਿੱਚ ਇੱਕ ਵੀ ਪਰਿਵਾਰ ਗਰੀਬੀ ਰੇਖਾ ਤੋਂ ਥੱਲੇ ਨਹੀ ਰਹੇਗਾ।
ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਢੇ ਸੱਤ ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉਪਰ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਵਿੱਚ 13 ਕਰੋੜ ਲੋਕਾਂ ਨੂੰ ਗੈਸ ਸਿਲੰਡਰ ਦਿੱਤੇ ਗਏ ਹਨ।
ਇਸ ਮੌਕੇ ਉਨ੍ਹਾਂ ਭਾਜਪਾ ਦੇ ਉਮੀਦਵਾਰ ਨਿਸ਼ੀਕਾਂਤ ਦੂਬੇ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੂਬੇ ਨੇ ਹਲਕੇ ਦੀਆਂ ਸਮੱਸਿਅਵਾਂ ਸੰਸਦ ਵਿੱਚ ਪੇਸ਼ ਕੀਤੀਆਂ ਹਨ ਤੇ ਹਲਕੇ ਦਾ ਵਿਕਾਸ ਕਰਵਾਇਆ ਹੈ। ਇੱਥੇ 12 ਮਈ ਨੂੰ ਵੋਟਾਂ ਪੈਣੀਆਂ ਹਨ ਤੇ ਦੂਬੇ ਦੀ ਟੱਕਰ ਵਿਰੋਧੀ ਧਿਰਾਂ ਦੇ ਮਹਾਗੱਜੋੜ ਦੇ ਉਮੀਦਵਾਰ ਪ੍ਰਦੀਪ ਯਾਦਵ ਨਾਲ ਹੈ।

Facebook Comment
Project by : XtremeStudioz