Close
Menu

ਵਿੰਨ ਦੇ ਸਟਾਫਰ ਉੱਤੇ ਮੌਜੂਦਾ ਊਰਜਾ ਮੰਤਰੀ ਨੂੰ ਲਾਲਚ ਦੇਣ ਦਾ ਦੋਸ਼

-- 03 November,2016

ਟੋਰਾਂਟੋ,  ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਦੇ ਸਾਬਕਾ ਸੀਨੀਅਰ ਸਟਾਫਰ ਵੱਲੋਂ ਫੈਡਰਲ ਐਮਪੀ, ਜੋ ਕਿ ਹੁਣ ਓਨਟਾਰੀਓ ਦੇ ਊਰਜਾ ਮੰਤਰੀ ਹਨ, ਨੂੰ ਪ੍ਰੋਵਿੰਸ਼ੀਅਲ ਲਿਬਰਲਾਂ ਲਈ ਦੌੜਨ ਵਾਸਤੇ ਲਾਲਚ ਦਿੱਤਾ ਗਿਆ। ਇਹ ਦੋਸ਼ ਪੁਲਿਸ ਵੱਲੋਂ ਲਾਇਆ ਗਿਆ। ਵਿੰਨ ਦੇ ਸਾਬਕਾ ਡਿਪਟੀ ਚੀਫ ਆਫ ਸਟਾਫ ਪੈਟ ਸੋਰਬਾਰਾ ਉੱਤੇ ਮੰਗਲਵਾਰ ਨੂੰ ਪ੍ਰੋਵਿੰਸ਼ੀਅਲ ਇਲੈਕਸ਼ਨ ਐਕਟ ਤਹਿਤ ਰਿਸ਼ਵਤ ਦੇ ਦੋ ਮਾਮਲੇ ਦਰਜ ਕੀਤੇ ਗਏ ਜਦਕਿ ਲਿਬਰਲ ਆਪਰੇਟਿਵ ਗੈਰੀ ਲੌਹੀਡ ਉੱਤੇ ਅਜਿਹਾ ਇੱਕ ਮਾਮਲਾ ਦਰਜ ਕੀਤਾ ਗਿਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸੋਰਬਾਰਾ ਦਾ ਇੱਕ ਮਾਮਲਾ ਗਲੈਨ ਥੀਬਾਲਟ ਨਾਲ ਸਬੰਧਤ ਹੈ। ਪਹਿਲਾਂ ਥੀਬਾਲਟ ਸਡਬਰੀ, ਓਨਟਾਰੀਓ ਲਈ ਐਨਡੀਪੀ ਦੇ ਨਵੇਂ ਐਮਪੀ ਸਨ ਤੇ ਇਸ ਮਗਰੋਂ ਫਰਵਰੀ 2015 ਵਿੱਚ ਉਨ੍ਹਾਂ ਉਸ ਹਲਕੇ ਤੋਂ ਓਨਟਾਰੀਓ ਲਿਬਰਲਾਂ ਲਈ ਜਿ਼ਮਨੀ ਚੋਣ ਲੜੀ। ਬੁੱਧਵਾਰ ਨੂੰ ਉਨ੍ਹਾਂ ਆਖਿਆ ਕਿ ਇਸ ਦੌੜ ਵਿੱਚ ਹਿੱਸਾ ਲੈਣ ਲਈ ਨਾ ਤਾਂ ਪ੍ਰੀਮੀਅਰ ਨੇ ਹੀ ਉਸ ਨੂੰ ਕੈਬਨਿਟ ਵਿੱਚ ਕਿਸੇ ਅਹੁਦੇ ਦੀ ਪੇਸ਼ਕਸ਼ ਕੀਤੀ ਤੇ ਨਾ ਹੀ ਸੋਰਬਾਰਾ ਨੇ ਉਸ ਨੂੰ ਕੋਈ ਲਾਲਚ ਦਿੱਤਾ। ਉਨ੍ਹਾਂ ਆਖਿਆ ਕਿ ਉਸ ਸਮੇਂ ਦੌਰਾਨ ਪੈਟ ਨਾਲ ਉਨ੍ਹਾਂ ਦੀ ਕਾਫੀ ਗੱਲਬਾਤ ਜ਼ਰੂਰ ਹੁੰਦੀ ਸੀ। ਪਰ ਉਸ ਗੱਲਬਾਤ ਵਿੱਚ ਇਹੋ ਪੁੱਛਿਆ ਜਾਂਦਾ ਸੀ ਕਿ ਕੀ ਤੁਸੀਂ ਅਜੇ ਵੀ ਅਜਿਹਾ ਕਰਨ ਬਾਰੇ ਸੋਚ ਰਹੇ ਹੋਂ? ਸਾਡੀ ਪਾਰਟੀ ਲਈ ਚੋਣ ਲੜਨ ਵਾਸਤੇ ਤੁਹਾਨੂੰ ਸਾਡੇ ਤੋਂ ਕੀ ਜਾਣਨ ਦੀ ਲੋੜ ਹੈ? ਉਨ੍ਹਾਂ ਆਖਿਆ ਕਿ ਅਸੀਂ ਨੀਤੀ ਬਾਰੇ, ਜਿ਼ਮਨੀ ਚੋਣ ਬਾਰੇ ਕਾਫੀ ਗੱਲਾਂ ਕਰਦੇ ਸੀ, ਕੀ ਹੋਵੇਗਾ, ਕਿਸ ਤਰ੍ਹਾਂ ਹੋਵੇਗਾ ਤੇ ਟੀਮ ਕਿਸ ਤਰ੍ਹਾਂ ਬਣਾਉਣੀ ਹੈ ਆਦਿ। ਪਰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਦਿੱਤਾ ਗਿਆ। ਥੀਬਾਲਟ ਦੇ ਵਕੀਲ ਨੇ ਇੱਕ ਬਿਆਨ ਵਿੱਚ ਆਖਿਆ ਕਿ ਓਨਟਾਰੀਓ ਦੇ ਲਿਬਰਲਾਂ ਲਈ ਲੜਨ ਵਾਸਤੇ ਉਨ੍ਹਾਂ ਦੇ ਮੁਵੱਕਿਲ ਨੂੰ ਕੋਈ ਲਾਲਚ ਨਹੀਂ ਦਿੱਤਾ ਗਿਆ ਤੇ ਨਾ ਹੀ ਕਿਸੇ ਕਿਸਮ ਦੀ ਆਰਥਿਕ ਮਦਦ ਜਾਂ ਕੋਈ ਹੋਰ ਫਾਇਦਾ ਲਿਆ ਹੀ ਗਿਆ ਹੈ। ਇਸ ਤੋਂ ਇਲਾਵਾ ਸੋਰਬਾਰਾ ਤੇ ਲੌਹੀਡ ਉੱਤੇ ਇਹ ਦੋਸ਼ ਵੀ ਹਨ ਕਿ ਉਨ੍ਹਾਂ ਸਡਬਰੀ ਤੋਂ ਪਹਿਲਾਂ ਰਹਿ ਚੁੱਕੇ ਲਿਬਰਲ ਉਮੀਦਵਾਰ ਐਂਡਰਿਊ ਓਲੀਵਰ ਨੂੰ ਥੀਬਾਲਟ ਲਈ ਸੀਟ ਛੱਡਣ ਵਾਸਤੇ ਨੌਕਰੀ ਜਾਂ ਨਿਯੁਕਤੀ ਦੇਣ ਦਾ ਵਾਅਦਾ ਕੀਤਾ ਸੀ। ਵਿੰਨ ਦਾ ਕਹਿਣਾ ਹੈ ਕਿ ਓਲੀਵਰ ਨਾਲ ਗੱਲਬਾਤ ਉਸ ਨੂੰ ਪਾਰਟੀ ਨਾਲ ਜੋੜੀ ਰੱਖਣ ਲਈ ਕੀਤੀ ਗਈ ਸੀ। ਕਿਸੇ ਨੂੰ ਖਰੀਦਣ ਜਾਂ ਲਾਲਚ ਦੇਣ ਦਾ ਮਤਲਬ ਹੀ ਨਹੀਂ ਬਣਦਾ ਕਿਉਂਕਿ ਉਹ ਥੀਬਾਲਟ ਨੂੰ ਪਹਿਲਾਂ ਹੀ ਉਮੀਦਵਾਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਕਰ ਚੁੱਕੀ ਸੀ। ਵਿੰਨ ਦਾ ਕਹਿਣਾ ਹੈ ਕਿ ਉਸ ਖਿਲਾਫ ਲੱਗੇ ਦੋਸ਼ ਬੇਬੁਨਿਆਦ ਹਨ।

Facebook Comment
Project by : XtremeStudioz