Close
Menu

‘ਵੀਆੲੀਪੀ ਕਲਚਰ’ ਖ਼ਤਮ ਕਰਨਾ ‘ਆਪ’ ਦਾ ਮਕਸਦ: ਭਗਵੰਤ ਮਾਨ

-- 18 September,2015

ਰਾਏਕੋਟ, 18 ਸਤੰਬਰ
ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਸੂਬੇ ਵਿੱਚੋਂ ਵੀਆਈਪੀ ਕਲਚਰ ਨੂੰ ਖ਼ਤਮ ਕਰ ਕੇ ਆਮ ਆਦਮੀ ਦਾ ਰਾਜ ਲਿਆਉਣਾ ਹੈ, ਜਿਸ ਲਈ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਪੱਬਾਂ ਭਾਰ ਦਿਖਾਈ ਦੇ ਰਹੀ ਹੈ। ਇਸ ਗੱਲ ਪ੍ਰਗਟਾਵਾ ‘ਆਪ’ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ ਵੱਲੋਂ ‘ਪੰਜਾਬ ਜੋੜੋ’ ਮੁਹਿੰਮ ਤਹਿਤ ਕੀਤੀ ਜਨ ਚੇਤਨਾ ਰੈਲੀ ਵਿੱਚ ਸੰਬੋਧਨ ਕਰਦੇ ਹੋਏ ਕੀਤਾ। ਭਗਵੰਤ ਮਾਨ ਨੇ ਆਪਣੇ ਅੰਦਾਜ਼ ਵਿੱਚ ਜਿੱਥੇ ਸੱਤਾਧਾਰੀ ਅਕਾਲੀ ਭਾਜਪਾ ਨੂੰ ਆਪਣੇ ਨਿਸ਼ਾਨੇ ’ਤੇ ਰੱਖਿਆ, ਉਥੇ ਕਾਂਗਰਸ ਨੂੰ ਵੀ ਜੰਮ ਕੇ ਰਗੜੇ ਲਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ’ਚ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਸਬੰਧੀ ਕਿਹਾ ਕਿ ਇਹ ਪਾਰਟੀ ਦਾ ਫ਼ੈਸਲਾ ਹੈ ਪਰ ਇਹ ਪੱਕਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਤੋਂ ਹੀ ਹੋਵੇਗਾ। ਦੂਜੀਆਂ ਪਾਰਟੀਆਂ ਨਾਲ ਚੋਣ ਸਮਝੌਤੇ ਸਬੰਧੀ ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸ਼ੁਰੂ ਕੀਤੀ ਰੈਲੀਆਂ ਦੀ ਲੜੀ ਤੋਂ ਬਾਅਦ ‘ਆਪ’ ਆਪਣੇ ਜੱਥੇਬੰਦਕ ਢਾਂਚੇ ਦਾ ਐਲਾਨ ਕਰੇਗੀ। ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਬਾਰੇ ੳੁਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਪਾਰਟੀ ਦੇ ਬਰਾਬਰ ਰੈਲੀ ਕਰ ਕੇ ਪਾਰਟੀ ਨੂੰ ਕਾਰਨ ਦੱਸੋ ਨੋਟਿਸ ਭੇਜਣ ਲਈ ਮਜਬੂਰ ਕਰ ਦਿੱਤਾ। ਰੈਲੀ ਦੌਰਾਨ ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਅਕਾਲੀ ਅਤੇ ਕਾਂਗਰਸੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਵੇਲੇ ਹੁੰਦਾ ਸੀ ਹੁਣ ਤਾਂ ਅਕਾਲੀ ਦਲ ਨੂੰ ਬਾਦਲਾਂ ਨੇ ਇੱਕ ਕੰਪਨੀ ਬਣਾ ਕੇ ਰੱਖ ਦਿੱਤਾ ਹੈ। ਰੈਲੀ ਨੂੰ ਦਿੱਲੀ ਤੋਂ ‘ਆਪ’ ਦੇ ਵਿਧਾਇਕ ਜਰਨੈਲ ਸਿੰਘ, ਜਗਦੀਪ ਸਿੰਘ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ, ਯੂਥ ਆਰਗੇਨਾਈਜ਼ਰ ਦੁਰਗੇਸ਼ ਪਾਠਕ, ਹਿੰਮਤ ਸਿੰਘ ਸ਼ੇਰਗਿੱਲ, ਐਡਵੋਕੇਟ ਵਰਿੰਦਰ ਖਾਰਾ, ਅਲੋਕ ਵਰਮਾ ਜ਼ੋਨ ਇੰਚਾਰਜ਼, ਨਰੇਸ਼ ਅੱਗਰਵਾਲ, ਰਾਜ ਲਾਲੀ ਗਿੱਲ ਇੰਚਾਰਜ ਅਨੰਦਪੁਰ ਸਾਹਿਬ, ਜਤਿੰਦਰ ਮੋਦਗਿੱਲ ਇੰਚਾਰਜ ਖੰਨਾ ਆਦਿ ਨੇ ਸੰਬੋਧਨ ਕੀਤਾ।

Facebook Comment
Project by : XtremeStudioz