Close
Menu

ਵੇਟਲ ਨੇ ਰਚਿਆ ਇਤਿਹਾਸ

-- 28 October,2013

ਗ੍ਰੇਟਰ ਨੋਇਡਾ – ਰੈੱਡਬੁੱਲ ਦੇ ਸੇਬੇਸਟੀਅਨ ਵੇਟਲ ਨੇ ਬੁੱਧ ਇੰਟਰਨੈਸ਼ਨਲ ਸਰਕਟ ‘ਤੇ ਆਪਣਾ ਇਤਿਹਾਸਕ ਪ੍ਰਦਰਸ਼ਨ ਜਾਰੀ ਰੱਖਦਿਆਂ ਇੰਡੀਅਨ ਗ੍ਰਾਂ. ਪ੍ਰੀ. ਵਿਚ ਐਤਵਾਰ ਨੂੰ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਲਗਾਤਾਰ ਚੌਥੀ ਵਾਰ ਫਾਰਮੂਲਾ ਵਨ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲਾ ਸਭ ਤੋਂ ਨੌਜਵਾਨ ਰੇਸ ਬਣਨ ਦਾ ਇਤਿਹਾਸ ਰਚ ਦਿੱਤਾ।
ਜਰਮਨੀ ਦਾ ਵੇਟਲ ਇੰਡੀਅਨ ਗ੍ਰਾਂ. ਪ੍ਰੀ. ਵਿਚ ਖਿਤਾਬੀ ਹੈਟ੍ਰਿਕ ਦਰਜ ਕਰਨ ਤੋਂ ਬਾਅਦ ਫਾਰਮੂਲਾ ਵਨ ਚੈਂਪੀਅਨਸ਼ਿਪ ਨੂੰ ਚਾਰ ਜਾਂ ਉਸ ਤੋਂ ਵੱਧ ਵਾਰ ਜਿੱਤਣ ਵਾਲਾ ਐੱਫ. ਵਨ ਇਤਿਹਾਸ ਦਾ ਚੌਥਾ ਰੇਸਰ ਬਣ ਗਿਆ ਹੈ। ਜਰਮਨੀ ਦੇ ਮਾਈਕਲ ਸ਼ੁਮਾਕਰ ਨੇ ਸੱਤ ਵਾਰ, ਅਰਜਨਟੀਨਾ ਦੇ ਜੁਆਨ ਮੈਨੁਅਲ ਫੇਜੀਓ ਨੇ ਪੰਜ ਵਾਰ ਤੇ ਫਰਾਂਸ ਦੇ ਐਲਨ ਪ੍ਰੋਸਟ ਨੇ ਚਾਰ ਵਾਰ ਇਹ ਖਿਤਾਬ ਜਿੱਤਣ ਦੀ ਉਪਲੱਬਧੀ ਹਾਸਲ ਕੀਤੀ ਹੈ।ਵੇਟਲ ਦੀ ਇਸ ਸੈਸ਼ਨ ‘ਚ ਇਹ ਲਗਾਤਾਰ ਛੇਵੀਂ ਤੇ ਕੁਲ ਦਸਵੀਂ ਜਿੱਤ ਹੈ। ਉਸ ਦੇ ਅੰਕਾਂ ਦੀ ਗਿਣਤੀ ਇਸ ਜਿੱਤ ਨਾਲ 322 ‘ਤੇ ਪਹੁੰਚ ਗਈ ਹੈ ਅਤੇ ਉਸ ਨੇ ਖਿਤਾਬ ਆਪਣੀ ਝੋਲੀ ‘ਚ ਪਾ ਲਿਆ।
26 ਸਾਲਾ ਵੇਟਲ ਨੇ ਇੰਡੀਅਨ ਗ੍ਰਾਂ. ਪ੍ਰੀ. ਨਾਲ ਆਪਣਾ ਮਜ਼ਬੂਤ ਨਾਤਾ ਪਹਿਲੇ ਸੈਸ਼ਨ ਤੋਂ ਲੈ ਕੇ ਤੀਸਰੇ ਸੈਸ਼ਨ ਤਕ ਬਰਕਰਾਰ ਰੱਖਿਆ। ਉਹ ਤਿੰਨ ਸਾਲਾਂ ‘ਚ ਇਥੇ ਕਿਸੇ ਵੀ ਰੇਸ ਵਿਚ ਹਾਰਿਆ ਨਹੀਂ। ਵੇਟਲ ਨੇ ਅਭਿਆਸ ਸੈਸ਼ਨ, ਕੁਆਲੀਫਾਇੰਗ ਸੈਸ਼ਨ ਅਤੇ ਮੁੱਖ ਰੇਸ ਵਿਚ ਆਪਣੀ ਸ੍ਰੇਸ਼ਠਤਾ ਬਣਾਈ ਰੱਖੀ। ਵੇਟਲ ਦੇ ਨਾਲ-ਨਾਲ ਉਸ ਦੀ ਟੀਮ ਰੈੱਡਬੁੱਲ ਨੇ ਕੰਸਟ੍ਰਕਟਰਸ ਚੈਂਪੀਅਨਸ਼ਿਪ ਲਗਾਤਾਰ ਚੌਥੀ ਵਾਰ ਜਿੱਤ ਕੇ ਦੋਹਰੀ ਉਪਲੱਬਧੀ ਆਪਣੇ ਨਾਂ ਕਰ ਲਈ।
ਵੇਟਲ ਨੇ 5.14 ਕਿਲੋਮੀਟਰ ਲੰਮੇ ਬੁੱਧ ਇੰਟਰਨੈਸ਼ਨਲ ਸਰਕਟ ਵਿਚ 60 ਲੈਪ ਇਕ ਘੰਟੇ 31 ਮਿੰਟ 12.178 ਸਕਿੰਟ ਵਿਚ ਪੂਰੇ ਕੀਤੇ। ਉਸ ਦਾ ਹਮਵਤਨ ਅਤੇ ਮਰਸੀਡੀਜ਼ ਦਾ ਡਰਾਈਵਰ ਜਰਮਨੀ ਦਾ ਨਿਕੋ ਰੋਸਬਰਗ ਦੂਸਰੇ ਤੇ ਲੋਟਲ ਦਾ ਫ੍ਰਾਂਸੀਸੀ ਡਰਾਈਵਰ ਰੋਮੇਨ ਗ੍ਰੇਜਯਾ ਤੀਸਰੇ ਨੰਬਰ ‘ਤੇ ਰਿਹਾ।
ਸਹਾਰਾ ਫੋਰਸ ਇੰਡੀਆ ਦਾ ਬ੍ਰਿਟਿਸ਼ ਡਰਾਈਵਰ ਪਾਲ ਡਿ ਰੇਸਟਾ ਅੱਠਵੇਂ ਤੇ ਉਸ ਦਾ ਟੀਮ ਸਾਥੀ ਜਰਮਨੀ ਦਾ ਐਂਡ੍ਰਿਅਨ ਸੁਤਿਲ 9ਵੇਂ ਨੰਬਰ ‘ਤੇ ਰਿਹਾ। ਚੈਂਪੀਅਨਸ਼ਿਪ ਵਿਚ ਦੂਸਰੇ ਨੰਬਰ ‘ਤੇ ਚੱਲ ਰਹੇ ਸਪੇਨ ਦੇ ਫਰਨਾਂਡੋ ਓਲੋਂਸੋ ਟਾਪ ਟੈੱਨ ਫਿਨਿਸ਼ ਨਹੀਂ ਕਰ ਸਕਿਆ ਅਤੇ ਉਸ ਨੂੰ 11ਵੇਂ ਨੰਬਰ ‘ਤੇ ਸਬਰ ਕਰਨਾ ਪਿਆ।
ਮੈਂ ਕੱਲ ਰਾਤ ਸੌਂ ਨਹੀਂ ਸਕਿਆ ਸੀ : ਵੇਟਲ
ਸੇਬੇਸਟੀਅਨ ਵੇਟਲ ਇੰਡੀਅਨ ਗ੍ਰਾਂ. ਪ੍ਰੀ. ਦੀ ਬੀਤੀ ਰਾਤ ਠੀਕ ਨਾਲ ਸੌਂ ਨਹੀਂ ਸਕਿਆ ਸੀ। ਵੇਟਲ ਨੇ ਇਥੇ ਕਿਹਾ, ”ਮੈਨੂੰ ਅਜੇ ਤਕ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ ਹੈ ਕਿ ਮੈਂ ਚੌਥੀ ਵਾਰ ਵਿਸ਼ਵ ਚੈਂਪੀਅਨ ਬਣ ਗਿਆ ਹਾਂ। ਨਿਸ਼ਚਿਤ ਰੂਪ ਨਾਲ ਇਹ ਸਫਲਤਾ ਇਕ ਅਦਭੁੱਤ ਅਹਿਸਾਸ ਕਰਵਾਉਂਦੀ ਹੈ।”
ਵੇਟਲ ਨੇ ਕਿਹਾ, ”ਮੈਂ ਕੱਲ ਰਾਤ ਠੀਕ ਤਰ੍ਹਾਂ ਨਾਲ ਸੌਂ ਨਹੀਂ ਸਕਿਆ ਸੀ। ਮੈਂ ਥੋੜ੍ਹਾ ਨਰਵਸ ਸੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮੇਰੇ ਦਿਮਾਗ ਵਿਚ ਚੱਲ ਰਹੀਆਂ ਸਨ।”
ਵੇਟਲ ਨੇ ਨਾਲ ਹੀ ਕਿਹਾ, ”ਭਾਰਤ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤਣਾ ਖਾਸ ਹੈ। ਇਹ ਬਹੁਤ ਪਿਆਰਾ ਦੇਸ਼ ਹੈ ਤੇ ਲੋਕ ਕਾਫੀ ਗਰਮਜੋਸ਼ੀ ਨਾਲ ਮਿਲਦੇ ਹਨ। ਮੇਰੀ ਤਮੰਨਾ ਹੈ ਕਿ ਮੈਂ ਸਮਾਂ ਕੱਢ ਕੇ ਭਾਰਤ ਘੁੰਮ ਸਕਾਂ। ਮੈਂ ਹੈਰਾਨ ਹਾਂ ਕਿ ਯੂਰਪੀਅਨ ਦੇਸ਼ਾਂ ਦੀ ਤੁਲਨਾ ਵਿਚ ਇਹ ਲੋਕ ਬਹੁਤ ਖੁਸ਼ ਰਹਿੰਦੇ ਹਨ।”
ਵੇਟਲ ਨੂੰ ਫਿਟਕਾਰ
– ਜਿੱਤ ਤੋਂ ਉਤਸ਼ਾਹਿਤ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਣ ਉਪਰੰਤ ਆਪਣੀ ਕਾਰ ਨੂੰ ਦਰਸ਼ਕਾਂ ਦੇ ਸਾਹਮਣੇ ਗੋਲ ਘੁਮਾਉਣ ਲਈ ਰੈੱਡਬੁੱਲ ਦੇ ਡਰਾਈਵਰ ਸੇਬੇਸਟੀਅਨ ਵੇਟਲ ਨੂੰ ਐੱਫ. ਆਈ. ਏ. ਤੋਂ ਫਿਟਕਾਰ ਲੱਗੀ ਹੈ, ਜਦਕਿ ਟੀਮ ਰੈੱਡਬੁੱਲ ਨੂੰ 25 ਹਜ਼ਾਰ ਯੂਰੋ ਦਾ ਜੁਰਮਾਨਾ ਲੱਗਾ ਹੈ। ਵੇਟਲ ਨੇ ਜਿੱਤ ਤੋਂ ਬਾਅਦ ਕਾਰ ਪਾਰਕਿੰਗ ਵਿਚ ਲਿਜਾਣ ਦੀ ਬਜਾਏ ਦਰਸ਼ਕਾਂ ਸਾਹਮਣੇ ਗੋਲ ਘੁਮਾਈ ਤੇ ਫਿਰ ਜ਼ਮੀਨ ‘ਤੇ ਲੇਟ ਕੇ ਉਸ ਨੂੰ ਸਲਾਮ ਕੀਤਾ।

Facebook Comment
Project by : XtremeStudioz