Close
Menu

ਵੈਨਕੂਵਰ ਦੇ ਮੇਅਰ ਨਾਲ ਟਰੂਡੋ ਨੇ ਵਿਚਾਰੇ ਘਰਾਂ ਦੀ ਸਮਰਥਾ ਸੁਧਾਰਨ ਵਰਗੇ ਮੁੱਦੇ

-- 02 August,2017

ਵੈਨਕੂਵਰ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਵੈਨਕੂਵਰ ਦੇ ਮੇਅਰ ਗ੍ਰੇਗੋਰ ਰਾਬਰਟਸਨ ਨਾਲ ਮਿਲ ਕੇ ਆਵਾਜਾਈ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ, ਘਰਾਂ ਦੀ ਸਮਰਥਾ ਨੂੰ ਸੁਧਾਰਨ ਤੇ ਘਾਤਕ ਓਪੀਔਡ ਸੰਕਟ ਨਾਲ ਨਜਿੱਠਣ ਲਈ ਕੰਮ ਕਰਨਾ ਚਾਹੁੰਦੇ ਹਨ। ਪਰ ਇਸ ਮੌਕੇ ਟਰੂਡੋ ਨੇ ਮਾਉਂਟੇਨ ਪਾਈਪਲਾਈਨ ਦੇ ਸੰਵੇਦਨਸ਼ੀਲ ਮੁੱਦੇ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਟਰੂਡੋ ਸਰਕਾਰ ਨੇ ਪਿਛਲੇ ਸਾਲ ਨਵੰਬਰ ‘ਚ ਰਾਬਰਟਸਨ ਦੇ ਤਕੜੇ ਵਿਰੋਧ ਦੇ ਬਾਵਜੂਦ 7.4 ਬਿਲੀਅਨ ਡਾਲਰ ਦੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵੈਨਕੂਵਰ ਏਰੀਆ ‘ਚ ਪਾਣੀ ਵਾਲੇ ਟੈਂਕਰਜ਼ ਦੀ ਗਿਣਤੀ ‘ਚ ਸੱਤ ਗੁਣਾ ਵਾਧਾ ਹੋਵੇਗਾ। ਰਾਬਰਟਸਨ ਤੇ ਟਰੂਡੋ ਦੇ ਚਿਰਾਂ ਤੋਂ ਦੋਸਤਾਨਾ ਸਬੰਧ ਰਹੇ ਸਨ ਪਰ ਮੇਅਰ ਨੇ ਇਹ ਜ਼ਾਹਿਰ ਕਰ ਦਿੱਤਾ ਸੀ ਕਿ ਟਰੂਡੋ ਦੇ ਇਸ ਫੈਸਲੇ ਤੋਂ ਉਹ ਕਾਫੀ ਨਿਰਾਸ਼ ਹਨ। ਉਨ੍ਹਾਂ ਇਹ ਵੀ ਆਖਿਆ ਕਿ ਕੈਨੇਡਾ ਦੇ ਵਾਤਾਵਰਣ ਤੇ ਅਰਥਚਾਰੇ ਲਈ ਇਹ ਬਹੁਤ ਹੀ ਮਾੜਾ ਫੈਸਲਾ ਹੈ। 
ਇਸ ਤੋਂ ਪਹਿਲਾਂ ਟਰੂਡੋ ਨੇ ਬੀਤੇ ਦਿਨ ਹੈਲੀਕਾਪਟਰ ਰਾਹੀਂ ਬ੍ਰਿਟਿਸ਼ ਕੋਲੰਬੀਆ ‘ਚ ਜੰਗਲ ਦੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਇਸ ਅੱਗ ਉੱਤੇ ਕਾਬੂ ਪਾਉਣ ਲਈ ਜੱਦੋ ਜਹਿਦ ਕਰਨ ਵਾਲੇ ਫਾਇਰਫਾਈਟਰਜ਼ ਦਾ ਸ਼ੁਕਰੀਆ ਵੀ ਅਦਾ ਕੀਤਾ। ਫਿਰ ਉਨ੍ਹਾਂ ਸਰ੍ਹੀ ‘ਚ 1,000 ਡਾਲਰ ਪ੍ਰਤੀ ਪਲੇਟ ਵਾਲੇ ਲਿਬਰਲਾਂ ਦੇ ਫੰਡਰੇਜ਼ਿੰਗ ਸਮਾਰੋਹ ‘ਚ ਆਪਣੇ ਵਿਚਾਰ ਪ੍ਰਗਟਾਏ।

Facebook Comment
Project by : XtremeStudioz