Close
Menu

ਵੈਸਟ ਇੰਡੀਜ਼ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

-- 17 December,2018

ਸਿਲਹਟ, 17 ਦਸੰਬਰ
ਤੇਜ਼ ਗੇਂਦਬਾਜ਼ ਸ਼ੇਲਡਨ ਕੋਟਰਲ ਦੀਆਂ ਚਾਰ ਵਿਕਟਾਂ ਮਗਰੋਂ ਫਾਰਮ ਵਿੱਚ ਚੱਲ ਰਹੇ ਸ਼ਾਈ ਹੋਪ ਦੀ ਤੇਜ਼ ਤਰਾਰ ਨੀਮ ਸੈਂਕੜਾ ਪਾਰੀ ਦੀ ਬਦੌਲਤ ਵੈਸਟ ਇੰਡੀਜ਼ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਪੂਰੀ ਟੀਮ 19 ਓਵਰਾਂ ਵਿੱਚ 129 ਦੌੜਾਂ ’ਤੇ ਆਊਟ ਹੋ ਗਈ।
ਹੋਪ ਦੀ 23 ਗੇਂਦਾਂ ਵਿੱਚ ਛੇ ਛੱਕਿਆਂ ਅਤੇ ਤਿੰਨ ਚੌਕਿਆਂ ਦੀ ਮਦਦ ਨਾਲ ਖੇਡੀ ਤੂਫ਼ਾਨੀ ਪਾਰੀ ਨਾਲ ਵੈਸਟ ਇੰਡੀਜ਼ ਨੇ ਇਸ ਟੀਚੇ ਨੂੰ 55 ਗੇਂਦਾਂ ਬਾਕੀ ਰਹਿੰਦਿਆਂ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਈ। ਬੰਗਲਾਦੇਸ਼ ਲਈ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ। ਕਪਤਾਨ ਸ਼ਾਕਿਬ ਅਲ ਹਸਨ (61 ਦੌੜਾਂ) ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਸ਼ਾਕਿਬ ਨੇ 43 ਗੇਂਦਾਂ ਦੀ ਪਾਰੀ ਵਿੱਚ ਅੱਠ ਚੌਕੇ ਅਤੇ ਦੋ ਛੱਕੇ ਜੜੇ। ਕੋਟਰਲ ਨੇ ਚਾਰ ਓਵਰਾਂ ਵਿੱਚ 28 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਸ ਨੇ ਦੂਜੇ ਤੇਜ਼ ਗੇਂਦਬਾਜ਼ਾਂ ਓਸ਼ਾਨ ਥੌਮਸ (33 ਦੌੜਾਂ ਦੇ ਕੇ ਇੱਕ ਵਿਕਟ) ਅਤੇ ਕੀਮੋ ਪਾਲ (23 ਦੌੜਾਂ ਦੇ ਕੇ ਦੋ ਵਿਕਟਾਂ) ਦਾ ਚੰਗਾ ਸਾਥ ਦਿੱਤਾ।
ਬੰਗਲਾਦੇਸ਼ ਦੀ ਅੱਧੀ ਟੀਮ ਪਾਵਰ ਪਲੇਅ ਦੌਰਾਨ 48 ਦੌੜਾਂ ’ਤੇ ਪੈਵਿਲੀਅਨ ਪਰਤ ਚੁੱਕੀ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟ ਇੰਡੀਜ਼ ਨੇ ਤੇਜ਼ ਤਰਾਰ ਸ਼ੁਰੂਆਤ ਕੀਤੀ। ਪਾਵਰਪਲੇਅ ਵਿੱਚ ਟੀਮ ਨੇ ਇੱਕ ਵਿਕਟ ਦੇ ਨੁਕਸਾਨ ’ਤੇ 91 ਦੌੜਾਂ ਬਣਾ ਕੇ ਕੌਮਾਂਤਰੀ ਰਿਕਾਰਡ ਦੀ ਬਰਾਬਰੀ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਨਿਊਜ਼ੀਲੈਂਡ ਖ਼ਿਲਾਫ਼ ਇਸ ਸਾਲ ਫਰਵਰੀ ਵਿੱਚ ਅਤੇ ਨੈਦਰਲੈਂਡਜ਼ ਨੇ ਮਾਰਚ 2014 ਵਿੱਚ ਇਸੇ ਮੈਦਾਨ ’ਤੇ ਆਇਰਲੈਂਡ ਖ਼ਿਲਾਫ਼ ਸ਼ੁਰੂਆਤੀ ਛੇ ਓਵਰਾਂ ਵਿੱਚ 91 ਦੌੜਾਂ ਬਣਾਈਆਂ ਸਨ।

Facebook Comment
Project by : XtremeStudioz