Close
Menu

ਵੈਸਟ ਇੰਡੀਜ਼ ਵੱਲੋਂ ਜ਼ਿੰਬਾਬਵੇ ਨੂੰ 73 ਦੌੜਾਂ ਨਾਲ ਮਾਤ

-- 24 February,2015

* ਗੇਲ ਤੇ ਸੈਮੂਅਲਜ਼ ਵੱਲੋਂ ਵਿਸ਼ਵ ਕੱਪ ’ਚ ਰਿਕਾਰਡ ਸਾਂਝੇਦਾਰੀ
ਕੈਨਬਰਾ, ਕ੍ਰਿਸ ਗੇਲ ਵੱਲੋਂ ਵਿਸ਼ਵ ਕੱਪ ਦੇ ਪਹਿਲੇ ਦੋਹਰੇ ਸੈਂਕੜੇ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਵੈਸਟ ਇੰਡੀਜ਼ ਨੇ ਪੂਲ ‘ਬੀ’ ਦੇ ਮੈਚ ਵਿੱਚ ਮੰਗਲਵਾਰ ਨੂੰ ਜ਼ਿੰਬਾਬਵੇ ਨੂੰ ਡੱਕਵਰਥ ਲੁਈਸ ਪ੍ਰਣਾਲੀ ਤਹਿਤ 73 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਖਰਾਬ ਫਾਰਮ ਕਾਰਨ ਆਲੋਚਕਾਂ ਦੇ ਨਿਸ਼ਾਨੇ ’ਤੇ ਰਹੇ ਗੇਲ ਨੇ 147 ਗੇਂਦਾਂ ਵਿੱਚ 215 ਦੌੜਾਂ ਬਣਾਈਆਂ, ਜਿਸ ਵਿੱਚ ਦਸ ਚੌਕੇ ਤੇ 16 ਛੱਕੇ ਸ਼ਾਮਲ ਹਨ। ਉਸ ਨੇ ਮਾਰਲਨ ਸੈਮੂਅਲਜ਼ (ਨਾਬਾਦ 133 ਦੌੜਾਂ) ਨਾਲ ਦੂਜੀ ਵਿਕਟ ਲਈ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਦੀ ਰਿਕਾਰਡ ਸਾਂਝੇਦਾਰੀ ਨਿਭਾਅ ਕੇ ਕੈਰੇਬੀਅਨ ਟੀਮ ਨੂੰ ਦੋ ਵਿਕਟਾਂ ’ਤੇ 372 ਦੌੜਾਂ ’ਤੇ ਪਹੁੰਚਾਇਆ। ਜ਼ਿੰਬਾਬਵੇ ਨੇ ਜੁਝਾਰੂ ਪ੍ਰਦਰਸ਼ਨ ਕੀਤਾ ਪਰ ਵੱਡੇ ਟੀਚੇ ਦੇ ਦਬਾਅ ਕਾਰਨ ਉਸ ਦੀ ਟੀਮ 44.3 ਓਵਰਾਂ ਵਿੱਚ 289 ਦੌੜਾਂ ’ਤੇ ਹੀ ਢੇਰ ਹੋ ਗਈ। ਜ਼ਿੰਬਾਬਵੇ ਦੀ ਪਾਰੀ ਦੇ ਸ਼ੁਰੂ ਵਿੱਚ ਹੀ ਮੀਂਹ ਆ ਗਿਆ, ਜਿਸ ਕਾਰਨ ਖੇਡ ਰੋਕਣੀ ਪਈ। ਬਾਅਦ ਵਿੱਚ ਦੋ ਓਵਰ ਘਟਾ ਦਿੱਤੇ ਗਏ ਅਤੇ ਜ਼ਿੰਬਾਬਵੇ ਨੂੰ 48 ਓਵਰਾਂ ਵਿੱਚ 363 ਦੌੜਾਂ ਦਾ ਟੀਚਾ ਮਿਲਿਆ। ਜ਼ਿੰਬਾਬਵੇ ਲਈ ਸੀਨ ਵਿਲੀਅਮਜ਼ (76 ਦੌੜਾਂ) ਅਤੇ ਕਰੇਗ ਇਰਵਿਨ (52 ਦੌੜਾਂ) ਨੇ ਅਰਧ ਸੈਂਕੜੇ ਜੜ ਕੇ ਵੈਸਟ ਇੰਡੀਜ਼ ਨੂੰ ਇਕ ਵਾਰ ਤਾਂ ਚਿੰਤਾ ਵਿੱਚ ਪਾ ਦਿੱਤਾ ਸੀ। ਵਿਕਟਕੀਪਰ-ਬੱਲੇਬਾਜ਼ ਬ੍ਰੈਂਡਨ ਟੇਲਰ ਨੇ ਰੈਫਲਰ ਕਾਰਨ ਵਿਕਟ ਗੁਆਉਣ ਤੋਂ ਪਹਿਲਾਂ 37 ਦੌੜਾਂ ਦਾ ਰੋਮਾਂਚਿਕ ਪਾਰੀ ਖੇਡੀ।
ਅੱਜ ਦਾ ਦਿਨ ਗੇਲ ਦੇ ਨਾਂ ਰਿਹਾ। ਉਸ ਨੇ ਬੱਲੇਬਾਜ਼ੀ ਵਿੱਚ ਕਈ ਰਿਕਾਰਡ ਬਣਾਉਣ ਬਾਅਦ ਗੇਂਦਬਾਜ਼ੀ ਵਿੱਚ ਵੀ ਕਮਾਲ ਦਿਖਾਇਆ। ਉਸ ਨੇ ਛੇ ਓਵਰਾਂ ਵਿੱਚ 35 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਕਪਤਾਨ ਜੇਸਨ ਹੋਲਡਰ ਅਤੇ ਜੇਰੋਮ ਟੇਲਰ ਨੇ ਤਿੰਨ ਤਿੰਨ ਵਿਕਟਾਂ ਝਟਕਾਈਆਂ। ਵੈਸਟ ਇੰਡੀਜ਼ ਦੀ ਇਹ ਤਿੰਨ ਮੈਚਾਂ ਵਿੱਚ ਦੂਜੀ ਜਿੱਤ ਹੈ ਜਦੋਂ ਕਿ ਜ਼ਿੰਬਾਬਵੇ ਦੀ ਤਿੰਨ ਮੈਚਾਂ ਵਿੱਚ ਦੂਜੀ ਹਾਰ ਹੈ।
ਗੇਲ ਨੇ ਦੱਖਣੀ ਅਫਰੀਕਾ ਦੇ ਗੈਰੀ ਕਰਸਟਨ ਦਾ ਰਿਕਾਰਡ ਤੋੜਿਆ ਹੈ, ਜਿਸ ਨੇ ਯੂਏਈ ਖ਼ਿਲਾਫ਼ 1996 ਵਿਸ਼ਵ ਕੱਪ ਵਿੱਚ ਰਾਵਲਪਿੰਡੀ ਵਿੱਚ ਨਾਬਾਦ 188 ਦੌੜਾਂ ਬਣਾਈਆਂ ਸਨ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਰੀ ਦੀ ਦੂਜੀ ਗੇਂਦ ’ਤੇ ਡ੍ਰਵੇਨ ਸਮਿੱਥ ਜ਼ੀਰੋ ’ਤੇ ਆਊਟ ਹੋ ਗਿਆ। ਇਸ ਬਾਅਦ ਗੇਲ ਨੇ ਤੂਫ਼ਾਨੀ ਪਾਰੀ ਖੇਡੀ ਅਤੇ ਉਹ ਪਾਰੀ ਦੀ ਆਖਰੀ ਗੇਂਦ ’ਤੇ ਆਊਟ ਹੋਇਆ। ਉਸ ਨੇ ਸੈਮੂਅਲਜ਼ ਨਾਲ ਦੂਜੀ ਵਿਕਟ ਲਈ 348 ਦੌੜਾਂ ਦੀ ਸਾਂਝੇਦਾਰੀ ਕਰਕੇ ਇਕ ਰੋਜ਼ਾ ਕ੍ਰਿਕਟ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਦੇ ਨਾਂ ਸੀ, ਜਿਨ੍ਹਾਂ ਨੇ 1999 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਹੈਦਰਾਬਾਦ ਵਿੱਚ 331 ਦੌੜਾਂ ਜੋੜੀਆਂ ਸਨ। ਗੇਲ ਨੇ ਨੀਮ ਸੈਂਕੜਾ 51 ਗੇਂਦਾਂ ਵਿੱਚ ਪੂਰੀਆਂ ਕੀਤੀਆਂ ਅਤੇ ਉਸ ਨੇ 105 ਗੇਂਦਾਂ ਦਾ ਸਾਹਮਣਾ ਕਰਕੇ ਸੈਂਕੜਾ ਪੂਰਾ ਕੀਤਾ। ਇਹ ਵਨ-ਡੇਅ ਵਿੱਚ ਉਸ ਦਾ 22ਵਾਂ ਸੈਂਕੜਾ ਸੀ। ਇਸ ਬਾਅਦ ਉਸ ਨੇ ਕੇਵਲ 21 ਗੇਂਦਾਂ ਵਿੱਚ ਆਪਣਾ ਸਕੋਰ 150 ਦੌੜਾਂ ਕਰ ਦਿੱਤਾ। ਗੇਲ ਨੇ 150 ਤੋਂ 200 ਦੌੜਾਂ ਤਕ ਪਹੁੰਚਣ ਲਈ ਕੇਵਲ 12 ਗੇਂਦਾਂ ਖੇਡੀਆਂ ਅਤੇ 138 ਗੇਂਦਾਂ ਵਿੱਚ ਆਪਣਾ ਪਹਿਲਾ ਦੋਹਰਾ ਸੈਂਕੜਾ ਪੂਰਾ ਕੀਤਾ। ਉਹ ਦੁਨੀਆਂ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ, ਜਿਸ ਨੇ ਟੈਸਟ ਵਿੱਚ ਤੀਹਰਾ, ਵਨ-ਡੇਅ ਵਿੱਚ ਦੋਹਰਾ ਅਤੇ ਟੀ-20 ਵਿੱਚ ਸੈਂਕੜਾ ਜੜਿਆ ਹੈ। ਕੈਰੇਬੀਅਨ ਟੀਮ ਵੱਲੋਂ ਇਸ ਤੋਂ ਪਹਿਲਾਂ ਵਨ-ਡੇਅ ਵਿੱਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਵਿਵ ਰਿਚਰਡਜ਼ (189 ਦੌੜਾਂ) ਦੇ ਨਾਂ ਸੀ। ਸੈਮੂਅਲਜ਼ ਨੇ 95 ਗੇਂਦਾਂ ਵਿੱਚ ਨੀਮ ਸੈਂਕੜਾ ਬਣਾਇਆ। ਉਸ ਨੇ ਆਪਣੀ ਨਾਬਾਦ ਪਾਰੀ ਵਿੱਚ ਕੁਲ 156 ਗੇਂਦਾਂ ਖੇਡੀਆਂ ਅਤੇ 11 ਚੌਕੇ ਤੇ ਤਿੰਨ ਛੱਕੇ ਜੜੇ। ਜ਼ਿੰਬਾਬਵੇ ਦੀ ਸ਼ੁਰੂਆਤ ਮਾੜੀ ਰਹੀ। ਉਸ ਦਾ ਇਕ ਸਮੇਂ ਸਕੋਰ ਤਿੰਨ ਵਿਕਟਾਂ ’ਤੇ 46 ਦੌੜਾਂ ਸੀ। ਇਸ ਬਾਅਦ ਵਿਲੀਅਮਜ਼ ਅਤੇ ਟੇਲਰ ਨੇ ਕੇਵਲ 12 ਓਵਰਾਂ ਵਿੱਚ ਦੂਜੀ ਵਿਕਟ ਲਈ 80 ਦੌੜਾਂ ਜੋੜੀਆਂ। ਵਿਲੀਅਮਜ਼ ਨੇ ਬਾਅਦ ਵਿੱਚ ਇਰਵਿਨ ਨਾਲ 51 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਵਿਲੀਅਮਜ਼ ਦੇ ਆਊਟ ਹੋਣ ਬਾਅਦ ਵਿਕਟਾਂ ਡਿੱਗਦੀਆਂ ਗਈਆਂ ਅਤੇ ਇਹ ਮੈਚ ਕੈਰੇਬੀਅਨ ਟੀਮ ਦੀ ਝੋਲੀ ਪੈ ਗਿਆ।

Facebook Comment
Project by : XtremeStudioz