Close
Menu

ਵੱਡੀ ਸਾਜ਼ਿਸ਼: ਜਾਂਚ ਲਈ ਪਟਨਾਇਕ ਪੈਨਲ ਕਾਿੲਮ

-- 26 April,2019

ਨਵੀਂ ਦਿੱਲੀ, 26 ਅਪਰੈਲ
ਸੁਪਰੀਮ ਕੋਰਟ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਰੰਜਨ ਗੋਗੋਈ ਨੂੰ ਫਸਾਉਣ ਦੀ ਵਡੇਰੀ ਸਾਜ਼ਿਸ਼ ਅਤੇ ਕੇਸਾਂ ਦੀ ਵੰਡ ਨੂੰ ਲੈ ਕੇ ਸਿਖਰਲੀ ਅਦਾਲਤ ਵਿੱਚ ਬੈਂਚਾਂ ਦੀ ਗੰਢ-ਤੁੱਪ ਦੇ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਏ.ਕੇ.ਪਟਨਾਇਕ ਦੀ ਅਗਵਾਈ ਵਿੱਚ ਇਕ ਮੈਂਬਰੀ ਪੈਨਲ ਗਠਿਤ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਸੀਬੀਆਈ ਤੇ ਆਈਬੀ ਦੇ ਡਾਇਰੈਕਟਰਾਂ ਅਤੇ ਦਿੱਲੀ ਪੁਲੀਸ ਦੇ ਕਮਿਸ਼ਨਰ ਨੂੰ ਜਸਟਿਸ (ਸੇਵਾ ਮੁਕਤ) ਪਟਨਾਇਕ ਨੂੰ ਜਾਂਚ ਦੌਰਾਨ ਹਰ ਸੰਭਵ ਸਹਿਯੋਗ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੁਲਕ ਦੇ ਰੱਜਿਆਂ-ਪੁੱਜਿਆਂ ਤੇ ਜ਼ੋਰਾਵਰਾਂ ਨੂੰ ਇਹ ਦੱਸਣ ਦਾ ਵੇਲਾ ਆ ਗਿਆ ਹੈ ਕਿ ਉਹ ‘ਅੱਗ ਨਾਲ ਖੇਡ’ ਰਹੇ ਹਨ। ਸਿਖਰਲੀ ਅਦਾਲਤ ਨੇ ਲੰਘੇ ਦਿਨ ਇਸ ਸਾਰੇ ਵਰਤਾਰੇ ਨੂੰ ਨਿਆਂਪਾਲਿਕਾ ਦੇ ਪ੍ਰਬੰਧ ’ਤੇ ਹਮਲਾ ਕਰਾਰ ਦਿੰਦਿਆਂ ਗੁੱਸਾ ਜ਼ਾਹਰ ਕੀਤਾ ਸੀ।
ਸੁਪਰੀਮ ਕੋਰਟ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜਸਟਿਸ ਪਟਨਾਇਕ ਦੀ ਜਾਂਚ ਦਾ ਸੁਪਰੀਮ ਕੋਰਟ ਦੀ ਸਾਬਕਾ ਮੁਲਾਜ਼ਮ ਵੱਲੋਂ ਸੀਜੇਆਈ ਖ਼ਿਲਾਫ਼ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਜਾਂਚ ਦੇ ਨਤੀਜੇ ਨਾਲ ਸੀਜੇਆਈ ਖਿਲਾਫ਼ ਸ਼ਿਕਾਇਤ ਦੀ ਕੀਤੀ ਜਾ ਰਹੀ ਜਾਂਚ ਅਸਰਅੰਦਾਜ਼ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਦਾ ਕੰਮ ਮੁਕੰਮਲ ਹੋਣ ਮਗਰੋਂ ਜਸਟਿਸ ਪਟਨਾਇਕ ਆਪਣੀ ਰਿਪੋਰਟ ਸੀਲਬੰਦ ਲਿਫਾਫ਼ੇ ਵਿੱਚ ਅਦਾਲਤ ਅੱਗੇ ਰੱਖਣਗੇ, ਜਿਸ ਤੋਂ ਬਾਅਦ ਇਸ ਮਾਮਲੇ ’ਤੇ ਮੁੜ ਸੁਣਵਾਈ ਹੋਵੇਗੀ।
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਕਿਹਾ, ‘ਐਡਵੋਕੇਟ ਉਤਸਵ ਸਿੰਘ ਬੈਂਸ ਵੱਲੋੋਂ ਦਾਇਰ ਹਲਫ਼ਨਾਮਿਆਂ ਤੇ ਸੰਪੂਰਨ ਤੱਥਾਂ ਉੱਤੇ ਗੌਰ ਕਰਨ ਮਗਰੋਂ ਅਸੀਂ ਇਸ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਏ.ਕੇ.ਪਟਨਾਇਕ ਨੂੰ ਬੈਂਸ ਵੱਲੋਂ ਦਾਖ਼ਲ ਹਲਫ਼ਨਾਮਿਆਂ ’ਚ ਲਾਏ ਦੋਸ਼ਾਂ ਦੀ ਜਾਂਚ ਲਈ ਨਿਯੁਕਤ ਕੀਤਾ ਹੈ।’ ਬੈਂਚ ਵਿੱਚ ਸ਼ਾਮਲ ਜਸਟਿਸ ਆਰ.ਐਫ਼.ਨਰੀਮਨ ਤੇ ਦੀਪਕ ਗੁਪਤਾ ਨੇ ਸਪਸ਼ਟ ਕੀਤਾ ਕਿ ‘ਜਸਟਿਸ ਪਟਨਾਇਕ ਦੀ ਜਾਂਚ ਦਾ ਸੀਜੇਆਈ ਖ਼ਿਲਾਫ਼ ਲੱਗੇ ਦੋਸ਼ਾਂ ਨਾਲ ਕੋਈ ਲਾਗਾ-ਦੇਗਾ ਨਹੀਂ ਹੋਵੇਗਾ।’ ਬੈਂਚ ਨੇ ਕਿਹਾ, ‘ਸੀਬੀਆਈ ਤੇ ਆਈਬੀ ਦੇ ਡਾਇਰੈਕਟਰ ਤੇ ਦਿੱਲੀ ਪੁਲੀਸ ਦਾ ਕਮਿਸ਼ਨਰ ਜਸਟਿਸ ਪਟਨਾਇਕ ਨੂੰ ਜਾਂਚ ਵਿੱਚ ਹਰ ਸੰਭਵ ਸਹਿਯੋਗ ਦੇਣਗੇ।’ ਬੈਂਚ ਨੇ ਬੈਂਸ ਵੱਲੋਂ ਦਾਖ਼ਲ ਹਲਫ਼ਨਾਮਿਆਂ ਨੂੰ ਜਸਟਿਸ (ਸੇਵਾ ਮੁਕਤ) ਪਟਨਾਇਕ ਨੂੰ ਸੀਲਬੰਦ ਲਿਫ਼ਾਫੇ ’ਚ ਤਬਦੀਲ ਕਰਨ ਦੇ ਹੁਕਮ ਵੀ ਦਿੱਤੇ। ਬੈਂਚ ਨੇ ਕਿਹਾ, ‘ਅਸੀਂ ਫੈਸਲਾ ਕੀਤਾ ਹੈ ਕਿ ਐਡਵੋਕੇਟ ਵੱਲੋਂ ਕੀਤੇ ਦਾਅਵਿਆਂ ਬਾਬਤ ਰਿਆਇਤ ਨਹੀਂ ਦਿੱਤੀ ਜਾ ਸਕਦੀ ਤੇ ਲੋੜ ਪੈਣ ’ਤੇ ਉਸ ਨੂੰ ਆਪਣੇ ਕੋਲ ਮੌਜੂਦ ਜਾਣਕਾਰੀ ਦਾ ਖੁਲਾਸਾ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਬੈਂਸ ਨੇ ਅੱਜ ਦਾਅਵਿਆਂ ਦੀ ਹਮਾਇਤ ਵਿੱਚ ਇਕ ਹੋਰ ਹਲਫ਼ਨਾਮਾ ਦਾਖ਼ਲ ਕੀਤਾ। ਉਧਰ ਸੀਨੀਅਰ ਐਡਵੋਕੇਟ ਇੰਦਰਾ ਜੈਸਿੰਘ ਨੇ ਨਿੱਜੀ ਹੈਸੀਅਤ ’ਚ ਪੇਸ਼ ਹੁੰਦਿਆਂ ਕਿਹਾ ਕਿ ਬੈਂਚ ਇਸ ਗੱਲ ਨੂੰ ਸਪਸ਼ਟ ਕਰੇ ਕਿ ਬੈਂਸ ਵੱਲੋਂ ਦਾਇਰ ਹਲਫ਼ਨਾਮਿਆਂ ਅਤੇ ਅੰਦਰੂਨੀ ਕਮੇਟੀ ਵੱਲੋਂ ਸੀਜੇਆਈ ਖ਼ਿਲਾਫ਼ ਦੋਸ਼ਾਂ ਦੀ ਕੀਤੀ ਜਾ ਰਹੀ ਸੁਣਵਾਈ ’ਚ ਕੋਈ ਵਾਹ ਵਾਸਤਾ ਨਹੀਂ ਹੈ।

Facebook Comment
Project by : XtremeStudioz