Close
Menu

ਸ਼ਗਨ ਸਕੀਮ ਦੀ ਰਕਮ ਨਾ ਮਿਲਣ ਕਾਰਨ ਲੋਕਾਂ ਨੇ ਮਿੱਤਲ ਨੂੰ ਘੇਰਿਆ

-- 26 December,2014

ਆਨੰਦਪੁਰ ਸਾਹਿਬ,  ਪੰਜਾਬ ਸਰਕਾਰ ਦੀ ਸ਼ਗਨ ਸਕੀਮ ਦੀ ਪੋਲ ਅੱਜ ਉਸ ਵੇਲੇ ਖੁੱਲ੍ਹਦੀ ਦਿਖਾਈ ਦਿੱਤੀ ਜਦੋਂ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਮਾਡਲ ਟਾਊਨ ਵਿਖੇ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਸੰਗਤ ਦਰਸ਼ਨ ਕਰ ਰਹੇ ਸਨ।
ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਅੱਜ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਇਲਾਕੇ ਦੇ ਲੋਕਾਂ ਅਤੇ ਮੋਹਤਬਰ ਆਗੂਆਂ ਨੇ ਸ਼ਰ੍ਹੇਆਮ ਸਮਾਜ ਭਲਾਈ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਅਤੇ ਅਧਿਕਾਰੀਆਂ ਦੇ ਰਵੱਈਏ ਖ਼ਿਲਾਫ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖ ਕੈਬਨਿਟ ਮੰਤਰੀ ਨੇ ਵਿਭਾਗੀ ਮੁਲਾਜ਼ਮ ਤੋਂ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਆਮ ਲੋਕ ਲਗਾਤਾਰ ਦੋਸ਼ ਲਗਾਉਂਦੇ ਜਾ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਉਨ੍ਹਾਂ ਕਈ ਵਾਰੀ ਵਿਭਾਗ ਦੇ ਦਫਤਰ ਦੇ ਚੱਕਰ ਕੱਟ ਲਏ ਹਨ ਪਰ ਸਾਲ 2011 ਦੀਆਂ ਅਰਜ਼ੀਆਂ ’ਤੇ ਵੀ ਕੋਈ ਸੁਣਵਾਈ ਨਹੀਂ ਹੋਈ ਹੈ। ਸ੍ਰੀ ਮਿੱਤਲ ਨੇ ਲੋਕਾਂ ਨੂੰ 15 ਦਿਨਾਂ ਵਿੱਚ ਸ਼ਗਨ ਸਕੀਮ ਦੀ ਗ੍ਰਾਂਟ ਮੁਹੱਈਆ ਕਰਵਾਉਣ ਸਬੰਧੀ ਕਾਰਵਾਈ ਮੁਕੰਮਲ ਕਰਨ ਦੇ ਆਦੇਸ਼ ਦੇ ਦਿੱਤੇ। ਉਨ੍ਹਾਂ ਨੂੰ ਅਧਿਕਾਰੀਆਂ ਖ਼ਿਲਾਫ਼ ਲੋਕਾਂ ਵੱਲੋਂ ਕੀਤੀ ਸ਼ਿਕਾਇਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਲਿਖਤੀ ਸ਼ਿਕਾਇਤ ਨਹੀਂ ਆਉਂਦੀ ਉਦੋਂ ਤੱਕ ਕੁਝ ਨਹੀਂ ਕੀਤਾ ਜਾ   ਸਕਦਾ ਹੈ।
ਐਸਡੀਐਮ ਅਮਰਜੀਤ ਬੈਂਸ ਨੇ ਇਸ ਸਬੰਧੀ ਅਮਲੇ ਦੀ ਘਾਟ ਦੀ ਗੱਲ ਨੂੰ ਮੰਨਦੇ ਹੋਏ ਕਿਹਾ ਕਿ ਦਫਤਰ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਉਹ ਸੰਭਵ ਯਤਨ ਕਰਨਗੇ। ਇਸ ਦੌਰਾਨ ਮੌਜੂਦ ਵਿਭਾਗੀ ਅਧਿਕਾਰੀ ਨੇ ਇਹ ਗੱਲ ਕਹੀ ਕਿ ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਗਈ ਹੈ ਤੇ ਸਭ ਨੂੰ ਆਨਲਾਈਨ ਸਹੂਲਤ ਮਿਲਦੀ ਹੈ। ਜਿੱਥੋਂ ਤੱਕ ਇਨ੍ਹਾਂ ਲੋਕਾਂ ਨੂੰ ਸ਼ਗਨ ਨਾ ਮਿਲਣ ਦੀ ਗੱਲ ਹੈ ਤਾਂ ਇਹ ਆਪਣੇ ਖਾਤਿਆਂ ਦੀਆਂ ਐਂਟਰੀਆਂ ਕਰਵਾ ਕੇ ਸਾਨੂੰ ਕਾਪੀ ਦੇ ਦੇਣ ਅਤੇ ਉਹ ਉੱਚ ਅਧਿਕਾਰੀਆਂ ਨੂੰ ਘੋਖ ਲਈ ਭੇਜ ਦੇਣਗੇ।
ਆਪਣੇ ਪਿੰਡ ਦੇ 13 ਪਰਿਵਾਰਾਂ ਨੂੰ ਸ਼ਗਨ ਨਾ ਮਿਲਣ ਬਾਰੇ ਬਲਾਕ ਸਮਿਤੀ ਮੈਂਬਰ ਭਗਤ ਰਾਮ ਨੇ ਕਿਹਾ ਕਿ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਅਧਿਕਾਰੀ ਉਨ੍ਹਾਂ ਸੁਣਨ ਲਈ ਤਿਆਰ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਦੀ ਸਹੂਲਤ ਮਿਲੀ ਹੈ। ਇਸ ਲਈ ਅੱਜ ਇਹ ਮਾਮਲਾ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

Facebook Comment
Project by : XtremeStudioz