Close
Menu

ਸ਼ਬਰੀਮਾਲਾ ਮੰਦਿਰ ਟੀਡੀਬੀ ਦਾ ਨਹੀਂ, ਲੋਕਾਂ ਦਾ: ਪੰਡਾਲਮ

-- 25 October,2018

ਤਿਰੂਵਨੰਤਪੁਰਮ, 25 ਅਕਤੂਬਰ
ਸ਼ਬਰੀਮਾਲਾ ਮੰਦਿਰ ਵਿਚ ਦਸ ਤੋਂ ਪੰਜਾਹ ਸਾਲ ਉਮਰ ਵਰਗ ਦੀਆਂ ਔਰਤਾਂ ਦੇ ਦਾਖ਼ਲੇ ’ਤੇ ਲੱਗੀ ਪਾਬੰਦੀ ਨੂੰ ਜਾਇਜ਼ ਦੱਸਣ ਵਾਲੇ ਪੰਡਾਲਮ ਦੇ ਸ਼ਾਹੀ ਪਰਿਵਾਰ ਨੇ ਅੱਜ ਕਿਹਾ ਕਿ ਉਹ ਆਪਣੇ ਇਸ ਫ਼ੈਸਲੇ ’ਤੇ ਡੱਟ ਕੇ ਖੜ੍ਹਾ ਹੈ। ਸ਼ਾਹੀ ਪਰਿਵਾਰ ਨੇ ਸਾਫ਼ ਕਰ ਦਿੱਤਾ ਕਿ ਉਹ ਅਯੱਪਾ ਮੰਦਰ ਦੇ ਸਦੀਆਂ ਪੁਰਾਣੇ ਰੀਤੀ ਰਿਵਾਜ਼ਾਂ ਤੇ ਰਵਾਇਤਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਨਾ ਹੀ ਕੋਈ ਸਮਝੌਤਾ ਕਰੇਗਾ। ਇਸ ਦੇ ਨਾਲ ਹੀ ਸ਼ਾਹੀ ਪਰਿਵਾਰ ਨੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੇ ਉਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਤ੍ਰਾਵਨਕੋਰ ਦੇਵਾਸਵਮ ਬੋਰਡ(ਟੀਡੀਬੀ) ਅਯੱਪਾ ਮੰਦਿਰ ਦਾ ਨਿਗਰਾਨ ਹੈ। ਪਰਿਵਾਰ ਨੇ ਕਿਹਾ ਕਿ ਮੰਦਿਰ ਬੋਰਡ ਦਾ ਨਹੀਂ ਬਲਕਿ ਸ਼ਰਧਾਲੂਆਂ ਦਾ ਹੈ, ਜਿਨ੍ਹਾਂ ਨੂੰ ਸਦੀਆਂ ਪੁਰਾਣੇ ਰੀਤੀ ਰਿਵਾਜਾਂ ਨਾਲ ਹੁੰਦੀ ਛੇੜਖਾਨੀ ਖ਼ਿਲਾਫ਼ ਉਜਰ ਕਰਨ ਦਾ ਪੂਰਾ ਹੱਕ ਹੈ।
ਇਥੇ ਪੰਡਾਲਮ ਵਿਚ ਸ਼ਾਹੀ ਪਰਿਵਾਰ ਦੇ ਨੁਮਾਇੰਦੇ ਸ਼ਸ਼ੀਕੁਮਾਰ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਰਲਾ ਸਰਕਾਰ ਦੇ ਇਸ ਤਰਕ ਨੂੰ ਰੱਦ ਕਰ ਦਿੱਤਾ ਕਿ ਤ੍ਰਾਵਨਕੋਰ ਦੇਵਾਸਵਮ ਬੋਰਡ ਮੰਦਿਰ ਦਾ ਨਿਗਰਾਨ ਹੈ। ਉਨ੍ਹਾਂ ਕਿਹਾ ਕਿ ਕੇਰਲਾ ਸਰਕਾਰ ਦਾ ਇਹ ਦਾਅਵਾ ਸਰਾਸਰ ਗ਼ਲਤ ਹੈ। ਸ਼ਾਹੀ ਪਰਿਵਾਰ ਦੇ ਨੁਮਾਇੰਦੇ ਨੇ ਕਿਹਾ, ‘ਅਸੀਂ ਕਦੇ ਵੀ ਮੰਦਿਰ ਬੰਦ ਕਰਨ ਬਾਰੇ ਨਹੀਂ ਕਿਹਾ। ਅਸੀਂ ਰੀਤੀ ਰਿਵਾਜਾਂ ਤੇ ਰਵਾਇਤਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਾਂਗੇ। ਪਰਿਵਾਰ ਨੇ ਕਦੇ ਵੀ ਅਯੱਪਾ ਮੰਦਿਰ ਦੀ ਧਨ ਦੌਲਤ ’ਤੇ ਅੱਖ ਨਹੀਂ ਰੱਖੀ। ਵਰਮਾ ਨੇ ਕਿਹਾ ਕਿ ਮੰਦਿਰ ਵਿੱਚ ਮਹਿਲਾਵਾਂ ਦੇ ਦਾਖ਼ਲੇ ਦੇ ਨਾਂ ਉੱਤੇ ਹਿੰਦੂ ਸ਼ਰਧਾਲੂਆਂ ਨੂੰ ਉੱਚ ਤੇ ਨੀਵੇ ਦੋ ਵਰਗਾਂ ’ਚ ਵੰਡਣ ਦਾ ਯਤਨ ਕੀਤਾ ਜਾ ਰਿਹੈ।

ਚਾਰ ਮਹਿਲਾਵਾਂ ਨੇ ਹਾਈ ਕੋਰਟ ਤੋਂ ਸੁਰੱਖਿਆ ਮੰਗੀ

ਕੋਚੀ: ਦਸ ਤੋਂ ਪੰਜਾਹ ਸਾਲ ਉਮਰ ਵਰਗ ਦੀਆਂ ਚਾਰ ਔਰਤਾਂ ਨੇ ਅੱਜ ਕੇਰਲਾ ਹਾਈ ਕੋਰਟ ਵਲ ਰੁਖ਼ ਕਰਦਿਆਂ ਸ਼ਬਰੀਮਾਲਾ ਸਥਿਤ ਅਯੱਪਾ ਮੰਦਿਰ ਵਿੱਚ ਪੂਜਾ ਕਰਨ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਏ.ਕੇ.ਮਾਇਆ ਕ੍ਰਿਸ਼ਨਨ(37), ਰੇਖਾ ਐਸ.(45), ਜਲਾਜਾਮੋਲ ਪੀ.ਐਸ(35) ਤੇ ਜਯਾਮੋਲ ਪੀ ਐਸ(28) ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਜਸਟਿਸ ਪੀ.ਆਰ.ਰਾਮਚੰਦਰਾ ਮੈਨਨ ਤੇ ਦੇਵਨ ਰਾਮਚੰਦਰਾ ਦੇ ਡਿਵੀਜ਼ਨ ਬੈਂਚ ਨੇ ਰਾਜ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਹੈ। ਕੇਸ ਦੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ।

Facebook Comment
Project by : XtremeStudioz