Close
Menu

ਸ਼ਹਿਰੀ ਤੇ ਪੇਂਡੂ ਮਿਹਨਤਕਸ਼ਾਂ ’ਤੇ ਜਬਰ ਢਾਹ ਰਹੀ ਹੈ ਮੋਦੀ ਸਰਕਾਰ: ਰੈਡੀ

-- 19 September,2015

ਐਸ ਏ ਐਸ ਨਗਰ (ਮੁਹਾਲੀ), 19 ਸਤੰਬਰ
ਇੱਥੋਂ ਦੇ ਦੁਸਹਿਰਾ ਗਰਾਊਂਡ ਫੇਜ਼-8 ਵਿੱਚ ਅੱਜ ਭਾਰਤੀ ਖੇਤ ਮਜ਼ਦੂਰ ਯੂਨੀਅਨ ਦਾ ਤਿੰਨ ਰੋਜ਼ਾ 13ਵਾਂ ਕੌਮੀ ਸਮਾਗਮ ਰੈਲੀ ਨਾਲ ਸ਼ੁਰੂ ਹੋਇਆ। ਖੱਬੇ ਪੱਖੀ ਪਾਰਟੀ ਨਾਲ ਸਬੰਧਤ ਵੱਡੀ ਗਿਣਤੀ ਖੇਤ ਮਜ਼ਦੂਰ ਨਾਅਰੇ ਲਾਉਂਦੇ ਹੋਏ ਰੈਲੀ ਵਿੱਚ ਪਹੁੰਚੇ। ਰੈਲੀ ਵਿੱਚ ਅੌਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਸੁਧਾਕਰ ਰੈਡੀ ਨੇ ਰੈਲੀ ਦੌਰਾਨ ਸਾਮਰਾਜੀ ਤਾਕਤਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਇਰਾਕ, ਅਫ਼ਗਾਨਿਸਤਾਨ, ਲਿਬੀਆ ਨੂੰ ਜੰਗਾਂ ਨਾਲ ਤਬਾਹ ਕੀਤਾ ਤੇ ਫਿਰ ਅਤਿਵਾਦ ਦਹਿਸ਼ਤਗਰਦੀ ਨੂੰ ਸ਼ਹਿ ਦਿੱਤੀ, ਜਿਸਦੇ ਨਤੀਜੇ ਵਜੋਂ ਅੱਜ ਹਾਲਾਤ ਇਹ ਬਣ ਗਏ ਹਨ ਕਿ ਮੱਧ-ਪੂਰਬੀ ਦੇਸ਼ਾਂ ਵਿੱਚੋਂ ਲੱਖਾਂ ਲੋਕ ਸ਼ਰਨਾਰਥੀ ਬਣਕੇ ਯੂਰਪ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਸ਼ਹਿਰੀ ਤੇ ਪੇਂਡੂ ਮਿਹਨਤਕਸ਼ਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾ ਰਹੀ ਹੈ ਅਤੇ ਨਿਗਮਾਂ ਦੀ ਸੇਵਾ ’ਤੇ ਲੱਗੀ ਹੋੲੀ ਹੈ। ੳੁਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੇ ਜਥੇਬੰਦੀ ਬਣਾਉਣ ਦੇ ਹੱਕ ’ਤੇ ਵੀ ਹਮਲੇ ਕੀਤੇ ਜਾ ਰਹੇ ਹਨ, ਪਹਿਲਾਂ ਸਿਰਫ ਸੱਤ ਮਜ਼ਦੂਰ ਆਪਣੀ ਯੂਨੀਅਨ ਬਣਾ ਕੇ ਰਜਿਸਟਰ ਕਰਾ ਸਕਦੇ ਸਨ ਤੇ ਹੁਣ ਇਹ ਸ਼ਰਤ 100 ਮਜ਼ਦੂਰਾਂ ਤੱਕ ਵਧਾ ਦਿਤੀ ਹੈ। ਵੱਡਿਆਂ ਕਾਰਖਾਨਿਆਂ ਵਿੱਚ  ਘੱਟੋ-ਘੱਟ 1000 ਮਜ਼ਦੂਰ ਹੀ ਯੂਨੀਅਨ ਬਣਾ ਸਕਦੇ ਹਨ। ਪੇਂਡੂ ਮਿਹਨਤਕਸ਼ਾਂ ਉਤੇ ਵੀ ਮੋਦੀ ਸਰਕਾਰ ਨੇ ਹਮਲਾ ਕੀਤਾ ਹੈ ਪਹਿਲਾਂ ਮਨਰੇਗਾ ਲਈ 50000 ਕਰੋੜ ਰੁਪਏ ਰੱਖੇ ਗਏ ਸਨ ਪਰ ਹੁਣ ਘਟਾ ਕੇ ਸਿਰਫ 27000 ਕਰੋੜ ਕਰ ਦਿੱਤੇ ਗਏ ਹਨ। ੳੁਨ੍ਹਾਂ ਦੋਸ਼ ਲਾਇਅਾ ਕਿ ਕੇਂਦਰ ਸਰਕਾਰ ਲੋਕਾਂ ਦੇ ਖਾਣ-ਪੀਣ, ਪਹਿਨਣ ’ਤੇ ਬੰਦਿਸ਼ਾਂ ਲਾ ਰਹੀ ਹੈ, ਜਿਸ ਦੀ ਸੁਪਰੀਮ ਕੋਰਟ ਨੇ ਵੀ ਨਿਖੇਧੀ ਕੀਤੀ ਹੈ।
ਸ੍ਰੀ ਰੈਡੀ ਨੇ ਕਿਹਾ ਕਿ ਸਨਅਤੀ ਅਤੇ ਸੇਵਾਵਾਂ ਦੇ ਮਿਹਨਤਕਸ਼ਾਂ ਵਾਂਗ ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੀ ਲੜਾਈ ਲੜਨੀ ਪੈਣੀ ਹੈ ਤਾਂ ਜੋ ਉਨ੍ਹਾਂ ਦੀਆਂ ਜ਼ਮੀਨ, ਰੁਜ਼ਗਾਰ, ਮੁਨਾਸਬ ਉਜਰਤਾਂ, ਸਮਾਜਿਕ ਸੇਵਾਵਾਂ, ਘਰਾਂ,  3000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਆਦਿ ਮੰਗਾਂ ਮਨਵਾਈਆਂ ਜਾ ਸਕਣ। ਇਸ ਦੇ ਲੲੀ ਸਾਂਝੇ ਅੰਦੋਲਨ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ, ਜਿਸ ਦੇ ਲੲੀ ਭਾਰਤੀ ਕਮਿਊਨਿਸਟ ਪਾਰਟੀ ਪੂਰਾ ਸਮਰਥਨ ਦੇਵੇਗੀ।
ਰੈਲੀ ਨੂੰ ਸੂਬਾਈ ਆਗੂਆਂ ਡਾ. ਜੋਗਿੰਦਰ ਦਿਆਲ, ਨਿਰਮਲ ਸਿੰਘ ਧਾਲੀਵਾਲ, ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ, ਗੁਲਜ਼ਾਰ ਗੋਰੀਆ, ਭੁਪਿੰਦਰ ਸਾਂਬਰ ਨੇ ਵੀ ਸੰਬੋਧਨ ਕੀਤਾ। ਬੀਕੇਐਮਯੂ ਦੇ ਕੌਮੀ ਜਨਰਲ ਸਕੱਤਰ ਸਾਥੀ ਨਾਗਿੰਦਰ ਨਾਥ ਓਝਾ ਨੇ ਖੇਤ ਮਜ਼ਦੂਰਾਂ ਦੇ ਮੁੱਖ ਮਸਲਿਆਂ ਉਤੇ ਰੌਸ਼ਨੀ ਪਾਈ। ਇਸ ਮੌਕੇ ਸੀਪੀਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਏਟਕ ਦੇ ਕੌਮੀ ਸਕੱਤਰ ਕੇ. ਵਿਸ਼ਵਮ, ਕੌਮੀ ਸਕੱਤਰ ਨਾਗਿੰਦਰ ਨਾਥ ਓਝਾ, ਖ਼ਜ਼ਾਨਚੀ ਦਰਿਆਓ ਸਿੰਘ, ਵੀਵਲੇਸ਼, ਐਨ ਸ਼ਾਸਤਰੀ, ਸ੍ਰੀ ਇਲਮਾਇਲ , ਐਨੀ ਰਾਜਾ, ਐਚ. ਹਲੀਫਾ, ਏਰਾਮਾਮੂਰਤੀ, ਵੀਨਿਰਮਲ (ਸਾਰੇ ਬੀਕੇਐਮਯੂ ਦੇ ਅਹੁਦੇਦਾਰ) ਹਾਜ਼ਰ ਸਨ। ਰੈਲੀ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਖੇਤ ਮਜ਼ਦੂਰਾਂ, ਅਨਾਜ, ਟੈਕਸਟਾਈਲ ਦੀਆਂ ਸਬੰਧਤ ਸਨਅਤਾਂ ਦੀ ਕੌਮਾਂਤਰੀ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਜੂਲੀਅਨ ਹੱਕ ਅਤੇ ਫਰਾਂਸ ਦੇ ਕਾਮਿਆਂ ਦੇ ਜਨਰਲ ਸਕੱਤਰ ਨਿਕੋਲਸ ਜਾਓ ਸ਼ਾਮਲ ਹੋਏ।

Facebook Comment
Project by : XtremeStudioz