Close
Menu

ਸ਼ਹੀਦ ਜਵਾਨਾਂ ਦੀਆਂ ਵਰਦੀਆਂ ਕੂੜੇ ‘ਚੋਂ ਮਿਲਣ ਦਾ ਸਖ਼ਤ ਨੋਟਿਸ

-- 04 December,2014

*ਕੇਂਦਰ ਨੇ ਰਾਜ ਸਰਕਾਰ ਨੂੰ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ

ਰਾਏਪੁਰ/ਨਵੀਂ ਦਿੱਲੀ, ਸੀਆਰਪੀਐਫ ਦੇ ਮਾਰੇ ਗਏ ਜਵਾਨਾਂ ਦੀਆਂ ਖੂਨ ਨਾਲ ਲਿੱਬੜੀਆਂ ਵਰਦੀਆਂ ਤੇ ਬੂਟ ਸਰਕਾਰੀ ਹਸਪਤਾਲ ਦੇ ਕੂੜੇ ਦੇ ਢੇਰ ਵਿੱਚੋਂ ਮਿਲਣ ‘ਤੇ ਨਮੋਸ਼ੀ ਦੀ ਮਾਰੀ ਛੱਤੀਸਗੜ੍ਹ ਸਰਕਾਰ ਨੇ ਅੱਜ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰ ਵੱਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਛੱਤੀਸਗੜ੍ਹ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੇ ਸੈਨਿਕਾਂ ਦੀ ਤੌਹੀਨ ਕਰਨ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਲਈ ਕਿਹਾ ਹੈ।
ਅੱਜ ਰਾਜ ਸਰਕਾਰ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰਮਨ ਸਿੰਘ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ ਕਿ ਮਾਓਵਾਦੀ ਹਮਲੇ ‘ਚ ਮਾਰੇ ਗਏ ਸੀਆਰਪੀਐਫ ਦੇ ਜਵਾਨਾਂ ਦੀ ਲਹੂ ਭਿੱਜੀਆਂ ਵਰਦੀਆਂ ਤੇ ਬੂਟ ਡਾ. ਭੀਮਰਾਓ ਅੰਬੇਦਕਰ ਸਰਕਾਰੀ ਹਸਪਤਾਲ ਰਾਏਪੁਰ ਦੇ ਕੂੜੇ ਦੇ ਢੇਰ ਵਿੱਚ ਸੁੱਟੇ ਪਏ ਮਿਲੇ ਸਨ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਰਾਏਪੁਰ ਦੇ ਐਸਡੀਐਮ ਸੁਰੇਸ਼ ਕੁਮਾਰ ਅਗਰਵਾਲ ਨੂੰ 15 ਦਿਨ ਦੇ ਅੰਦਰ-ਅੰਦਰ ਘਟਨਾ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਹ ਜਾਂਚ ਕਈ ਪੱਖਾਂ ‘ਤੇ ਕੇਂਦਰਤ ਰਹੇਗੀ।
ਵਿਰੋਧੀ ਕਾਂਗਰਸ ਪਾਰਟੀ ਵਾਲੇ ਕੂੜੇ ਦੇ ਢੇਰ ਵਿੱਚੋਂ ਵਰਦੀਆਂ ਤੇ ਬੂਟ ਚੁੱਕ ਕੇ ਰਾਏਪੁਰ ਹੈੱਡਕੁਆਰਟਰ ਲੈ ਗਏ ਅਤੇ ਇਨ੍ਹਾਂ ਨੂੰ ਪਾਰਟੀ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਫਿਰ ਸੀਆਰਪੀਐਫ ਨੂੰ ਇਹ ਸੌਂਪ ਦਿੱਤੀਆਂ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਬਾਰੇ ਮੁੱਖ ਮੰਤਰੀ ਰਮਨ ਸਿੰਘ ਨਾਲ ਗੱਲ ਕੀਤੀ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਲਈ ਕਿਹਾ।
ਸੀਆਰਪੀਐਫ ਨੇ ਵੀ ਇਸ ਬਾਰੇ ਜਾਂਚ ਸ਼ੁਰੂ ਕੀਤੀ ਹੈ। ਸੀਆਰਪੀਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਲੜਾਕੂ ਸੈਨਿਕਾਂ ਵੱਲੋਂ ਪਹਿਨੇ ਜਾਂਦੇ ਕੱਪੜੇ ਤੇ ਹੋਰ ਵਸਤਾਂ ‘ਕੇਸ਼ ਪ੍ਰਾਪਟੀ’ ਵਜੋਂ ਸਥਾਨਕ ਪੁਲੀਸ ਨੂੰ ਸੌਂਪੀਆਂ ਗਈਆਂ ਸਨ।

Facebook Comment
Project by : XtremeStudioz