Close
Menu

ਸ਼ਾਹ ਦਾ ਬਿਆਨ ‘ਝੂਠਾ ਤੇ ਸ਼ਰਾਰਤਪੂਰਨ’: ਮਾਇਆਵਤੀ

-- 15 April,2019

ਲਖਨਊ, 15 ਅਪਰੈਲ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਉਸ ਬਿਆਨ ਨੂੰ ‘ਝੂਠਾ ਤੇ ਸ਼ਰਾਰਤਪੂਰਨ’ ਕਰਾਰ ਦਿੱਤਾ ਕਿ ਬਸਪਾ ਚੋਣਾਂ ਸਮੇਂ ਹੀ ਡਾ. ਬੀ.ਆਰ. ਅੰਬੇਡਕਰ ਨੂੰ ਯਾਦ ਕਰਦੀ ਹੈ। ਬਸਪਾ ਪ੍ਰਧਾਨ ਮਾਇਆਵਤੀ ਨੇ ਟਵੀਟ ਕੀਤਾ, ‘‘ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਕਹਿਣਾ ਕਿ ਬਸਪਾ ਚੋਣਾਂ ਸਮੇਂ ਹੀ ਡਾ. ਅੰਬੇਡਕਰ ਨੂੰ ਯਾਦ ਕਰਦੀ ਹੈ, ਝੂਠਾ ਤੇ ਸ਼ਰਾਰਤਪੂਰਨ ਹੈ।’’ ਉਨ੍ਹਾਂ ਕਿਹਾ ਕਿ ਬਸਪਾ ਸਾਲ ਵਿੱਚ 365 ਦਿਨ ਡਾ. ਅੰਬੇਡਕਰ ਤੋਂ ਪ੍ਰੇਰਣਾ ਲੈ ਕੇ ਸਰਬ-ਸਮਾਜ ਦੇ ਹਿੱਤ ਵਿੱਚ ਕੰਮ ਕਰਨ ਵਾਲਾ ਅੰਦੋਲਨ ਹੈ ਅਤੇ ਸਰਕਾਰ ’ਚ ਰਹਿ ਕੇ ਉਨ੍ਹਾਂ ਦੇ ਮਾਣ-ਸਨਮਾਨ ਵਿੱਚ ਇਤਿਹਾਸਕ ਕੰਮ ਕਰਦੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੀਤੇ ਦਿਨ ਇਕ ਚੋਣ ਸਭਾ ਵਿੱਚ ਕਿਹਾ ਸੀ, ‘‘ਜਦੋਂ ਚੋਣਾਂ ਆਉਂਦੀਆਂ ਹਨ ਤਾਂ ਭੈਣ ਜੀ ਨੂੰ ਡਾ. ਅੰਬੇਡਕਰ ਦੀ ਯਾਦ ਆਉਂਦੀ ਹੈ ਪਰ ਚੋਣਾਂ ਜਿੱਤਣ ’ਤੇ ਉਹ ਸਿਰਫ਼ ਆਪਣੀਆਂ ਮੂਰਤੀਆਂ ਹੀ ਲਗਵਾਉਂਦੀ ਹੈ।’’ ਮਾਇਆਵਤੀ ਨੇ ਇਕ ਹੋਰ ਟਵੀਟ ਕੀਤਾ, ‘‘ਭਾਜਪਾ ਆਗੂਆਂ ਨੇ ਵਿਕਾਸ, ਕਾਲੇ ਧਨ, ਭ੍ਰਿਸ਼ਟਾਚਾਰ, ਗ਼ਰੀਬੀ, ਬੇਰੁਜ਼ਗਾਰੀ ਅਤੇ ਕਿਸਾਨਾਂ ਆਦਿ ਨੂੰ ਭੁੱਲ ਕੇ ਰਾਸ਼ਟਰਵਾਦ ਤੇ ਕੌਮੀ ਸੁਰੱਖਿਆ ਨੂੰ ਇਨ੍ਹਾਂ ਚੋਣਾਂ ’ਚ ਮੁੱਖ ਮੁੱਦਾ ਬਣਾਇਆ ਹੈ। ਉਸ ਵਿੱਚ ਵੀ ਨਾਕਾਮ ਹੋਣ ’ਤੇ ਹੁਣ ਵੋਟਰਾਂ ਨੂੰ ਉਨ੍ਹਾਂ ਦਾ ਕੰਮ ਨਾ ਕਰਨ ਦੀ ਧਮਕੀ ਦੇਣਾ ਜਿਵੇਂ ਕਿ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੱਲੋਂ ਕੀਤਾ ਗਿਆ, ਅਤਿ ਨਿੰਦਣਯੋਗ ਹੈ।’’

Facebook Comment
Project by : XtremeStudioz