Close
Menu

ਸ਼ੇਨ ਵਾਰਨ ਦਾ ਨਵਾਂ ‘ਸਿਲਸਿਲਾ’

-- 20 December,2013

ਸਿਡਨੀ – ਕ੍ਰਿਕਟ ਤੋਂ ਵੱਧ ਪ੍ਰੇਮਿਕਾਵਾਂ ਨਾਲ ਬਦਲਦੇ ਰਿਸ਼ਤਿਆਂ ਅਤੇ ਵਿਵਾਦਾਂ ਕਾਰਨ ਸੁਰਖੀਆਂ ਵਿਚ ਰਹਿਣ ਵਾਲਾ ਆਸਟ੍ਰੇਲੀਆ ਦਾ ਸਾਬਕਾ ਦਿੱਗਜ਼ ਲੈੱਗ ਸਪਿਨਰ ਸ਼ੇਨ ਵਾਰਨ ਇਕ ਵਾਰ ਫਿਰ ਪ੍ਰੇਮ ਤ੍ਰਿਕੋਣ ਵਿਚ ਫਸ ਗਿਆ ਹੈ।
ਬ੍ਰਿਟਿਸ਼ ਅਭਿਨੇਤਰੀ ਅਤੇ ਵਾਰਨ ਦੀ ਪ੍ਰੇਮਿਕਾ ਲਿਜ਼ ਹਰਲੇ ਨੇ ਹਾਲ ਹੀ ਵਿਚ ਉਨ੍ਹਾਂ ਦੇ ਰਿਸ਼ਤੇ ਵਿਚਾਲੇ ਆਈ ਦਰਾੜ ਦਾ ਖੁਲਾਸਾ ਕੀਤਾ ਹੈ। ਲਿਜ਼ ਨੇ ਟਵਿੱਟਰ ‘ਤੇ ਇਕ ਬਿਆਨ ਵਿਚ ਵਾਰਨ ਅਤੇ ਉਸਦੇ ਬ੍ਰੇਕਅਪ ਦਾ ਕਾਰਨ ਅਸੁਰੱਖਿਆ ਦੀ ਭਾਵਨਾ ਦੱਸਿਆ। ਉਸ ਦੇ ਇਸ ਬਿਆਨ ਨੇ ਮੀਡੀਆ ਵਿਚ ਕਾਫੀ ਸੁਰਖੀਆਂ ਬਟੋਰੀਆਂ।
ਇਸੇ ਦਰਮਿਆਨ ਯੂ. ਕੇ. ਡੇਲੀ ਨੇ ਬੁੱਧਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਕਿ ਵਾਰਨ ਦੀ ਸਾਬਕਾ ਪਤਨੀ ਅਤੇ ਉਸਦੇ ਤਿੰਨ ਬੱਚਿਆਂ ਦੀ ਮਾਂ ਸਿਮੋਨ ਕੈਲਾਹਨ ਸਾਬਕਾ ਕ੍ਰਿਕਟਰ ਦੇ ਘਰ ‘ਤੇ ਦੇਖੀ ਗਈ। ਇਸਦੇ ਠੀਕ ਇਕ ਹਫਤੇ ਬਾਅਦ ਹੀ ਹਰਲੇ ਅਤੇ ਵਾਰਨ ਨੇ ਆਪਣੀ ਮੰਗਣੀ ਤੋੜ ਦਿੱਤੀ।
ਹਰਲੇ ਨੇ 17 ਦਸੰਬਰ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ, ”ਮੈਂ ਆਪਣੇ ਦੋਸਤ ਨੂੰ ਦੱਸਿਆ ਹੈ ਕਿ ਮੈਂ ਠੀਕ ਹਾਂ। ਮੈਂ ਇਸ ਸਮੇਂ ਭਾਵੁਕ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹਾਂ।”
44 ਸਾਲਾ ਵਾਰਨ ਅਤੇ 48 ਸਾਲਾ ਹਰਲੇ ਇਸ ਸਾਲ ਲਗਾਤਾਰ ਆਪਣੇ ਬਣਦੇ-ਵਿਗੜਦੇ ਰਿਸ਼ਤਿਆਂ ਨੂੰ ਸੁਧਾਰਨ ਵਿਚ ਹੀ ਲੱਗੇ ਰਹੇ। ਕਈ ਵਾਰ ਉਨ੍ਹਾਂ ਦੇ ਵੱਖ ਹੋਣ ਅਤੇ ਫਿਰ ਇਕ ਹੋਣ ਦੀਆਂ ਖਬਰਾਂ ਮੀਡੀਆ ਵਿਚ ਛਾਈਆਂ ਰਹੀਆਂ ਪਰ ਇਸ ਲੋਕਪ੍ਰਿਯ ਪ੍ਰੇਮੀ ਜੋੜੀ ਵਿਚਾਲੇ ਹੁਣ ਕਿਸੇ ਤੀਜੇ ਦੇ ਆਉਣ ਨਾਲ ਫਿਰ ਤੋਂ ਦੋਵਾਂ ਵਿਚਾਲੇ ਲਕੀਰ ਖਿੱਚੀ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸਿਮੋਨ ਨੂੰ ਹੀ ਵਾਰਨ ਅਤੇ ਹਰਲੇ ਵਿਚਾਲੇ ਵਿਵਾਦ ਦਾ ਕਾਰਨ ਮੰਨਿਆ ਜਾ ਰਿਹਾ ਹੈ। ਵਾਰਨ ਨੇ 11 ਸਾਲ ਦੇ ਆਪਣੇ ਵਿਆਹ ਨੂੰ ਸਾਲ 2006 ਵਿਚ ਖਤਮ ਕਰ ਦਿੱਤਾ ਸੀ। ਬ੍ਰੇਕਅਪ ਤੋਂ ਬਾਅਦ ਹੁਣ ਵਾਰਨ ਵੀ ਹਰਲੇ ਨਾਲ ਟਵਿੱਟਰ ਰਾਹੀਂ ਹੀ ਗੱਲ ਕਰ ਰਿਹਾ ਹੈ। ਹਾਲ ਹੀ ਵਿਚ ਵਾਰਨ ਨੇ ਇਕ ਟਵਿੱਟਰ ਬਿਆਨ ਵਿਚ ਕਿਹਾ, ”ਤੁਸੀਂ ਆਪਣੀ ਜ਼ਿੰਦਗੀ ਵਿਚ ਨਵੇਂ ਅਧਿਆਏ ਨੂੰ ਉਦੋਂ ਤਕ ਸ਼ੁਰੂ ਨਹੀਂ ਕਰ ਸਕਦੇ, ਜਦੋਂ ਤਕ ਕਿ ਪਿਛਲੇ ਅਧਿਆਏ ਵੱਲ ਦੇਖਣਾ ਬੰਦ ਨਾ ਕਰਦੇ। ਤੁਸੀਂ ਇਸ ਬਾਰੇ ਸੋਚਿਓ ਅਤੇ ਖੁਦ ‘ਤੇ ਵੀ ਇਸ ਨੂੰ ਲਾਗੂ ਕਰਕੇ ਦੇਖਿਓ।”

Facebook Comment
Project by : XtremeStudioz