Close
Menu

ਸਕੂਲਾਂ ਅੰਦਰ ਖੇਡ ਸਭਿਆਚਾਰ ਦੀ ਮਜਬੂਤੀ ਨੂੰ ਦਿੱਤੀ ਜਾ ਰਹੀ ਹੈ ਪੂਰੀ ਤਵੱਜੋ-ਡਾ. ਚੀਮਾ

-- 30 August,2015

ਜਲੰਧਰ, 30 ਅਗਸਤ- ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਜ਼ਮੀਨੀ ਪੱਧਰ ‘ਤੇ ਖੇਡਾਂ ਦੇ ਆਧਾਰ ਨੂੰ ਹੋਰ ਮਜਬੂਤ ਕਰਨ ਲਈ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਅੰਦਰ ਖੇਡ ਗਤੀਵਿਧੀਆਂ ਨੂੰ ਯੋਜਨਾਮਈ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ‘ਚ ਨਰੋਆ ਖੇਡ ਸਭਿਆਚਾਰ ਸਿਰਜਿਆ ਜਾ ਸਕੇ।
ਭਾਰਤੀ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੌਮੀ ਖੇਡ ਦਿਵਸ ਮੌਕੇ ਸਿੱਖਿਆ ਵਿਭਾਗ ਵੱਲੋਂ ਸਥਾਨਕ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ ਰਾਜ ਪੱਧਰੀ ਖੇਡ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸਕੂਲੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ ਅਤੇ ਸਕੂਲਾਂ ਅੰਦਰ ਖੇਡ ਸਭਿਆਚਾਰ ਦੀ ਹੋਰ ਮਜਬੂਤੀ ਲਈ ਸਕੂਲੀ ਵਿੱਦਿਆਰਥੀਆਂ ਦੀ ਖੇਡਾਂ ਅੰਦਰ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਖੇਡ ਗਤੀਵਿਧੀਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਡਾ. ਚੀਮਾ ਨੇ ਦੱਸਿਆ ਕਿ ਪਿਛਲੇ ਸਾਲ 60ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਕੁੱਲ 598 ਤਮਗੇ ਜਿੱਤਕੇ ਤਮਗਾ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ । ਉਨ੍ਹਾਂ ਦੱਸਿਆ ਕਿ ਸਕੂਲ ਗੇਮਜ਼ ਫੈਡੇਰੇਸ਼ਨ  ਆਫ ਇੰਡੀਆ ਵੱਲੋਂ ਪੰਜਾਬ ਨੂੰ 60ਵੀਆਂ ਨੈਸ਼ਲ ਸਕੂਲ ਖੇਡਾਂ ਕਰਵਾਉਣ ਲਈ ਵੈਸਟ ਹੋਸਟ ਦਾ ਐਵਾਰਡ ਵੀ ਦਿੱਤਾ ਹੈ। ਖੇਡਾਂ ਦੇ ਨਾਲ-ਨਾਲ ਅਗਲੇਰੀ ਪੜ੍ਹਾਈ ਪ੍ਰਤੀ ਵਿੱਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਸੁਧਾਰਾਂ ਬਾਰੇ ਡਾ. ਚੀਮਾ ਨੇ ਦੱਸਿਆ ਕਿ ਸਕੂਲੀ ਪੱਧਰ ‘ਤੇ ਗਾਈਡੈਂਸ ਕਾਉੰਸਲਿੰਗ ਨੂੰ ਮਜਬੂਤੀ ਦੇਣ ਲਈ 300 ਨਵੇਂ ਗਾਈਡੈਂਸ ਕੌਂਸਲਰ ਤਿਆਰ ਕੀਤੇ ਜਾ ਰਹੇ ਹਨ।
ਸਿੱਖਿਆ ਮੰਤਰੀ ਵੱਲੋਂ ਅੱਜ ਜਲੰਧਰ, ਰੋਪੜ ਅਤੇ ਅੰਮ੍ਰਿਤਸਰ ਦੇ ਖੇਡ ਵਿੰਗਾਂ ਲਈ ਕਿੱਟਾਂ ਦੀ ਵੰਡ ਕਰਕੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਖੇਡ ਵਿੰਗਾਂ ਨੂੰ ਕਿੱਟਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਖੇਡ ਵਿੰਗਾਂ ਲਈ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਿੱਖਿਆ ਮੰਤਰੀ ਵੱਲੋਂ ਸਮਾਗਮ ਦੌਰਾਨ ਵੱਖ-ਵੱਖ ਖੇਡਾਂ ਦੇ ਖੇਤਰ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਵਰਿੰਦਰ ਸਿੰਘ (1975 ਹਾਕੀ ਵਿਸ਼ਵ ਕੱਪ ਜੇਤੂ), ਗੁਰਮੇਲ ਸਿੰਘ (1980 ਮਾਸਕੋ ਓਲੰਪਿਕ ਸੋਨ ਤਮਗਾ ਜੇਤੂ), ਰਾਜਿੰਦਰ ਸਿੰਘ ਜੂਨੀਅਰ (ਹਾਕੀ ਓਲੰਪੀਅਨ ਤੇ ਸਾਬਕਾ ਕੌਮੀ ਕੋਚ), ਗੁਣਦੀਪ ਕੁਮਾਰ (ਹਾਕੀ ਓਲੰਪੀਅਨ), ਹਰਪ੍ਰੀਤ ਮੰਡੇਰ (ਹਾਕੀ ਓਲੰਪੀਅਨ), ਰਾਜਬੀਰ ਕੌਰ (ਏਸ਼ੀਅਨ ਸੋਨ ਤਮਗਾ ਜੇਤੂ ਹਾਕੀ ਖਿਡਾਰਨ), ਈਸ਼ਰ ਸਿੰਘ ਦਿਓਲ (ਅਥਲੈਟਿਕਸ), ਸੁਸ਼ੀਲ ਕੋਹਲੀ (ਤੈਰਾਕੀ ਏਸ਼ੀਅਨ ਤਮਗਾ ਜੇਤੂ), ਰਾਮ ਕੁਮਾਰ (ਬਾਸਕਟਬਾਲ),  ਪਰਮਿੰਦਰ ਸਿੰਘ ਭੰਡਾਲ (ਬਾਸਕਟਬਾਲ ਅਰਜੁਨਾ ਐਵਾਰਡ ਜੇਤੂ ਖਿਡਾਰੀ) ਅਤੇ ਹਾਕੀ ਓਲੰਪੀਅਨ ਮੁਖਵੈਨ ਸਿੰਘ ਸ਼ਾਮਲ ਹਨ।
ਇਸ ਮੌਕੇ ਜਲੰਧਰ ਜ਼ਿਲੇ ਦੇ ਉਨ੍ਹਾਂ ਖਿਡਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਪਿਛਲੇ ਸਾਲ 60ਵੀਆਂ ਕੌਮੀ ਖੇਡਾਂ ਵਿੱਚ ਤਮਗੇ ਜਿੱਤੇ ਹਨ। ਸਮਾਗਮ ਦੌਰਾਨ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਕੋਰਿਓਗ੍ਰਾਫੀ ਤੇ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਗੁਰਚਰਨ ਸਿੰਘ ਚੰਨ੍ਹੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ, ਡੀ.ਪੀ.ਆਈ ਸ੍ਰੀ ਬਲਵੀਰ ਸਿੰਘ, ਵਿਭਾਗ ਦੇ ਡਿਪਟੀ ਡਾਇਰੈਕਟਰ (ਖੇਡਾਂ) ਸ੍ਰੀ ਸਰਬਜੀਤ ਸਿੰਘ ਤੂਰ, ਅਕਾਲੀ ਆਗੂ ਸ੍ਰੀ ਰਣਜੀਤ ਸਿੰਘ ਕਾਹਲੋਂ, ਬੀਬੀ ਗੁਰਦੇਵ ਕੌਰ ਸੰਘਾ, ਐਡਵੋਕੇਟ ਸ੍ਰੀ ਪ੍ਰਤਾਪ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਹਰਿੰਦਰਪਾਲ ਸਿੰਘ, ਸ੍ਰੀ ਅਜੇ  ਭਾਟੀਆ, ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਸੁਰਜੀਤ ਲਾਲ, ਜ਼ਿਲ੍ਹਾ ਗਾਈਡੈਂਸ ਕੌਂਸਲਰ ਲੁਧਿਆਣਾ ਸ੍ਰੀ ਸੰਤੋਖ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Facebook Comment
Project by : XtremeStudioz