Close
Menu

ਸਚਿਨ ਦੇ 200ਵੇਂ ਮੈਚ ਦੀ ਮੇਜ਼ਬਾਨੀ ਲਈ ਕਈ ਦਾਅਵੇਦਾਰ

-- 19 September,2013

images (1)

ਕਾਨਪੁਰ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਇਤਿਹਾਸਕ 200ਵੇਂ ਕ੍ਰਿਕਟ ਟੈਸਟ ਮੈਚ ਦੀ ਮੇਜ਼ਬਾਨੀ ਵਾਸਤੇ ਦੇਸ਼ ਦੀਆਂ ਕਈ ਕ੍ਰਿਕਟ ਐਸੋਸੀਏਸ਼ਨਾਂ ਤੇ ਸਟੇਡੀਅਮਾਂ ਨੇ ਦਾਅਵੇਦਾਰੀ ਪੇਸ਼ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਮੁਤਾਬਕ ਹਾਲਾਂਕਿ ਇਨ੍ਹਾਂ ਵਿਚੋਂ ਸਭ ਤੋਂ ਮਜ਼ਬੂਤ ਦਾਅਵੇਦਾਰੀ ਕੋਲਕਾਤਾ ਤੇ ਮੁੰਬਈ ਦੀ ਹੈ ਪਰ ਇਸ ਬਾਰੇ ਹਾਲੇ ਆਖਰੀ ਫੈਸਲਾ ਨਹੀਂ ਕੀਤਾ ਗਿਆ।
ਇਹ ਗੱਲ ਅੱਜ ਇਥੇ ਗਰੀਨ ਪਾਰਕ ਸਟੇਡੀਅਮ ਦਾ ਜਾਇਜ਼ਾ ਲੈਣ ਆਏ ਬੋਰਡ ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਕ੍ਰਿਕਟ ਐਸੋਸੀਏਸ਼ਨਾਂ ਇਸ ਯਾਦਗਾਰੀ ਮੈਚ ਦੀ ਮੇਜ਼ਬਾਨੀ ਦੀਆਂ ਚਾਹਵਾਨ ਹਨ।
ਉਨ੍ਹਾਂ ਕਿਹਾ ਕਿ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ ਵਿਚ ਇਕ ਲੱਖ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਮੁੰਬਈ ਦੇ ਸਟੇਡੀਅਮ ਵਿਚ 65 ਹਜ਼ਾਰ ਦਰਸ਼ਕ ਬੈਠ ਸਕਦੇ ਹਨ। ਇਸ ਕਾਰਨ ਇਨ੍ਹਾਂ ਦੋਵਾਂ ਸਟੇਡੀਅਮਾਂ ਦੀ ਦਾਅਵੇਦਾਰੀ ਸਭ ਤੋਂ ਵੱਧ ਹੈ।
ਇਹ ਮਾਣ ਗਰੀਨ ਪਾਰਕ ਨੂੰ ਦੇਣ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਗੱਲ ਟਾਲਦਿਆਂ ਕਿਹਾ ਕਿ ਇਹ ਸਟੇਡੀਅਮ ਕਾਫੀ ਛੋਟਾ ਹੈ ਜਿਸ ਵਿਚ 30 ਹਜ਼ਾਰ ਕੁ ਦਰਸ਼ਕ ਹੀ ਬੈਠ ਸਕਦੇ ਹਨ। ਉਂਜ ਉਨ੍ਹਾਂ ਸੰਕੇਤ ਦਿੱਤਾ ਕਿ ਉੱਤਰ ਪ੍ਰਦੇਸ਼ ਸਰਕਾਰ ਤੇ ਕ੍ਰਿਕਟ ਬੋਰਡ ਦਰਮਿਆਨ ਇਕ ਸਮਝੌਤ ਦੇ ਆਸਾਰ ਬਣ ਰਹੇ ਹਨ ਜਿਸ ਤੋਂ ਬਾਅਦ ਇਥੇ ਸ਼ਾਇਦ ਚਾਰ ਸਾਲਾਂ ਪਿੱਛੋਂ ਕੌਮਾਂਤਰੀ ਮੈਚ ਹੋ ਸਕਣ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵੈਸਟ ਇੰਡੀਜ਼ ਨਾਲ ਖੇਡੀ ਜਾਣ ਵਾਲੀ ਲੜੀ ਦਾ ਇਕ ਮੈਚ ਇਥੇ ਹੋਵੇ। ਇਹ ਉਤਰ ਪ੍ਰਦੇਸ਼ ਦਾ ਇਕੋ ਇਕ ਕੌਮਾਂਤਰੀ ਸਟੇਡੀਅਮ ਹੈ। ਗੌਰਤਲਬ ਹੈ ਕਿ ਇਹ ਸਟੇਡੀਅਮ ਬੀਤੇ ਚਾਰ ਸਾਲਾਂ ਤੋਂ ਬਣ ਰਿਹਾ ਹੈ ਜਿਸ ਕਾਰਨ ਇਥੇ ਕੋਈ ਮੈਚ ਨਹੀਂ ਹੋ ਸਕਿਆ। ਇਸ ਦੀ ਉਸਾਰੀ ਹਾਲੇ ਵੀ ਜਾਰੀ ਹੈ। ਸਟੇਡੀਅਮ ਦਾ ਜਾਇਜ਼ਾ ਲੈਣ ਪਿੱਛੋਂ ਸ੍ਰੀ ਸ਼ੁਕਲਾ ਤੇ ਸੂਬਾਈ ਖੇਡ ਮੰਤਰੀ ਨਾਰਦ ਰਾਏ ਨੇ ਦੱਸਿਆ ਕਿ ਇਥੇ ਮੈਚ ਸ਼ੁਰੂ ਕਰਵਾਉਣ ਲਈ ਯੂਪੀ ਸਰਕਾਰ ਤੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦਰਮਿਆਨ ਇਕ ਸਮਝੌਤਾ ਸਹੀਬੰਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

Facebook Comment
Project by : XtremeStudioz