Close
Menu

ਸਚਿਨ-ਦ੍ਰਾਵਿੜ ਦੀ ਟੀ-20 ਨੂੰ ਬਾਏ-ਬਾਏ

-- 07 October,2013

rahul-dravid-rajasthan-royalsਨਵੀਂ ਦਿੱਲੀ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ 6 ਅਕਤੂਬਰ 2013 ਦਾ ਦਿਨ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਿਆ, ਜਦੋਂ ਉਸ ਦੇ ਦੋ ਮਹਾਨ ਬੱਲੇਬਾਜ਼ਾਂ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਨੇ ਇਕੱਠਿਆਂ ਮੈਦਾਨ ਤੋਂ ਵਿਦਾਈ ਲਈ।  ਹਾਲਾਂਕਿ ਸਚਿਨ ਤੇ ਦ੍ਰਾਵਿੜ ਦੀ ਮੈਦਾਨ ਤੋਂ ਇਕੱਠਿਆਂ ਵਿਦਾਈ ਕੌਮਾਂਤਰੀ ਕ੍ਰਿਕਟ ‘ਚੋਂ ਨਹੀਂ ਸਗੋਂ ਕਲੱਬ ਕ੍ਰਿਕਟ ਤੋਂ ਹੋਈ, ਫਿਰ ਵੀ ਇਨ੍ਹਾਂ ਦੋਵਾਂ ਦਿੱਗਜ ਬੱਲੇਬਾਜ਼ਾਂ ਨੂੰ ਰਾਜਧਾਨੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਤੋਂ ਹਜ਼ਾਰਾਂ ਦਰਸ਼ਕਾਂ ਵਿਚਾਲੇ ਇਕੱਠੇ ਵਿਦਾਈ ਲੈਂਦੇ ਹੋਏ ਦੇਖਣਾ ਇਕ  ਸ਼ਾਨਦਾਰ ਪਲ ਸੀ। ਬੱਲੇਬਾਜ਼ੀ ਦੇ ਇਨ੍ਹਾਂ ਦੋਵਾਂ ਮਹਾਰਥੀਆਂ ਨੇ ਚੈਂਪੀਅਨਜ਼ ਲੀਗ ਦੇ ਖਿਤਾਬੀ ਮੁਕਾਬਲੇ ਵਿਚ ਉਤਰਨ ਤੋਂ ਬਾਅਦ ਟੀ-20 ਕ੍ਰਿਕਟ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਸਚਿਨ ਦੀ ਟੀਮ ਮੁੰਬਈ ਇੰਡੀਅਨਜ਼ ਤੇ ਦ੍ਰਾਵਿੜ ਦੀ ਟੀਮ ਰਾਜਸਥਾਨ ਰਾਇਲਜ਼ ਵਿਚਾਲੇ ਇਸ ਮੈਚ ਦੇ ਨਾਲ ਦ੍ਰਾਵਿੜ ਨੇ ਕ੍ਰਿਕਟ ਦੇ ਮੈਦਾਨ ਨੂੰ ਪੂਰੀ ਤਰ੍ਹਾਂ ਬਾਏ-ਬਾਏ ਕਹਿ ਦਿੱਤਾ, ਜਦਕਿ ਸਚਿਨ ਅਜੇ ਟੈਸਟ ਕ੍ਰਿਕਟ ਖੇਡਣਾ ਜਾਰੀ ਰੱਖੇਗਾ।
ਵਿਰੋਧੀ ਬਣ ਕੇ ਮਿਲੇ, ਵਿਰੋਧੀ ਬਣ ਕੇ ਹੀ ਹੋਏ ਵੱਖ

ਉਹ 10 ਅਕਤੂਬਰ 1993 ਦਾ ਦਿਨ ਸੀ, ਜਦੋਂ ਪਹਿਲੀ ਵਾਰ ਕ੍ਰਿਕਟ ਦੇ ਦੋ ਸਿਤਾਰੇ ਇਕੱਠੇ ਕ੍ਰਿਕਟ ਦੇ ਮੈਦਾਨ ‘ਤੇ ਉਤਰੇ ਸਨ। ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਨਾਂ ਦੇ ਇਹ ਦੋ ਵਿਅਕਤੀ ਉਦੋਂ ਆਹਮੋ-ਸਾਹਮਣੇ ਸਨ। ਸੰਯੋਗ ਦੇਖੋ ਕਿ ਉਸ  ਅਣਜਾਣ ਜਿਹੀ ਘਟਨਾ ਦੇ ਠੀਕ 20 ਸਾਲ ਬਾਅਦ ਇਹ ਦੋਵੇਂ ਮਹਾਨ ਬੱਲੇਬਾਜ਼ ਇਕ-ਦੂਸਰੇ ਦੇ ਵਿਰੋਧੀ ਖੇਮੇ ‘ਚ ਖੇਡ ਕੇ ਵੱਖ ਹੋ ਹੋਏ ਤੇ ਇਹ ਇਤਿਹਾਸਕ ਪਲ ਸੀ।
ਤੇਂਦੁਲਕਰ ਤੇ ਦ੍ਰਾਵਿੜ ਭਾਰਤ ਹੀ ਨਹੀਂ, ਵਿਸ਼ਵ ਕ੍ਰਿਕਟ ਦੀਆਂ ਦੋ ਹਸਤੀਆਂ ਹਨ। ਇਨ੍ਹਾਂ ਦੋਵਾਂ ਦਾ ਕ੍ਰਿਕਟ ਦੇ ਮੈਦਾਨ ‘ਤੇ ਪਹਿਲਾ ਮਿਲਨ ਰਾਜਕੋਟ ਦੇ ਮਿਊਂਸੀਪਲ ਸਟੇਡੀਅਮ ‘ਚ 10 ਅਕਤੂਬਰ 1993 ਨੂੰ ਹੋਇਆ ਸੀ। ਦਲੀਪ ਟਰਾਫੀ ਦੇ ਇਸ ਮੈਚ ਵਿਚ ਤੇਂਦੁਲਕਰ ਪੱਛਮੀ ਖੇਤਰ ਤੇ ਦ੍ਰਾਵਿੜ ਦੱਖਣੀ ਖੇਤਰ ਵਲੋਂ ਖੇਡ ਰਿਹਾ ਸੀ। ਤੇਂਦੁਲਕਰ ਜਦੋਂ ਮੈਚ ਦੇ ਪਹਿਲੇ ਦਿਨ ਸ਼ਾਮ ਨੂੰ ਕ੍ਰੀਜ਼ ‘ਤੇ ਉਤਰਿਆ ਤਾਂ ਦ੍ਰਾਵਿੜ ਸੰਭਾਵਿਤ ਫੀਲਡਿੰਗ ਦੇ ਆਪਣੇ ਸਭ ਤੋਂ ਪਿਆਰੇ ਸਥਾਨ ਸਲਿੱਪ ‘ਤੇ ਖੜ੍ਹਾ ਰਿਹਾ ਹੋਵੇਗਾ।
ਦ੍ਰਾਵਿੜ ਨੂੰ ਉਦੋਂ ਵੀ ਤੇਂਦੁਲਕਰ ਦੀ ਵਿਕਟ ਦੀ ਲੋੜ ਸੀ ਤੇ 20 ਸਾਲ ਬਾਅਦ ਉਸ ਦੀ ਇਹੀ ਤਮੰਨਾ ਸੀ। ਇਨ੍ਹਾਂ 20 ਸਾਲਾਂ ‘ਚ ਹਾਲਾਂਕਿ ਦੁਨੀਆ ਨੇ ਤੇਂਦੁਲਕਰ ਤੇ ਦ੍ਰਾਵਿੜ ਨੂੰ ਵਿਰੋਧੀ ਕ੍ਰਮ ‘ਚ ਘੱਟ ਤੇ ਸਾਥੀ ਦੇ ਰੂਪ ਵਿਚ ਵੱਧ ਦੇਖਿਆ ਹੈ। ਆਖਿਰ 146 ਟੈਸਟ ਤੇ 245 ਇਕ ਦਿਨਾ ਮੈਚਾਂ ਵਿਚ ਉਨ੍ਹਾਂ ਨੇ ਇਕ-ਦੂਸਰੇ ਦਾ ਸਾਥ ਦਿੱਤਾ। ਟੈਸਟ ਮੈਚਾਂ ਵਿਚ 6920 ਦੌੜਾਂ ਇਕ-ਦੂਸਰੇ ਨਾਲ ਮਿਲ ਕੇ ਜੋੜੀਆਂ। ਇਨ੍ਹਾਂ ਦੋ ਬੱਲੇਬਾਜ਼ਾਂ ਵਿਚਾਲੇ ਸਾਂਝੇਦਾਰੀ ਦਾ ਇਹ ਵਿਸ਼ਵ ਰਿਕਾਰਡ ਹੈ।  ਦ੍ਰਾਵਿੜ ਨੇ ਤੇਂਦੁਲਕਰ ਨੂੰ ਟੈਸਟ ਮੈਚਾਂ ਵਿਚ 12586 ਦੌੜਾਂ ਤੇ 40 ਸੈਂਕੜੇ ਲਗਾਉਂਦੇ ਹੋਏ ਦੇਖਿਆ। ਦੂਸਰੇ ਪਾਸੇ ਤੇਂਦੁਲਕਰ ਵੀ ਦ੍ਰਾਵਿੜ ਦੀਆਂ 11894 ਟੈਸਟ ਦੌੜਾਂ ਤੇ 34 ਸੈਂਕੜਿਆਂ ਦਾ ਗਵਾਹ ਰਿਹਾ ਹੈ। ਸੰਯੋਗ ਨਾਲ, ਦੇਖਿਆ ਜਾਵੇ ਤਾਂ ਕ੍ਰਿਕਟ ਦੇ ਇਸ ਛੋਟੇ ਸਵਰੂਪ ਨੂੰ ਇਨ੍ਹਾਂ ਦੋਵਾਂ ਮਹਾਨ ਖਿਡਾਰੀਆਂ ਨੂੰ ਕਦੇ ਇਕ-ਦੂਜੇ ਦਾ ਸਾਥੀ ਬਣਨ ਦਾ ਮੌਕਾ ਨਹੀਂ ਮਿਲਿਆ। ਉਹ ਟੀ-20 ‘ਚ ਜਦੋਂ ਵੀ ਇਕੱਠੇ ਮੈਦਾਨ ‘ਤੇ ਉਤਰੇ ਤਾਂ ਇਕ-ਦੂਜੇ ਦੇ ਵਿਰੋਧੀ ਹੀ ਰਹੇ।
ਇਹ ਵੀ ਘੱਟ ਦਿਲਚਸਪ ਨਹੀਂ ਹੈ ਕਿ ਇਸ ਵਾਰ ਚੈਂਪੀਅਨਜ਼ ਲੀਗ ਦੀ ਸ਼ੁਰੂਆਤ ਇਨ੍ਹਾਂ ਦੋਵਾਂ ਦਿੱਗਜਾਂ ਦੀਆਂ ਟੀਮਾਂ ਦੇ ਮੁਕਾਬਲੇ ਨਾਲ ਹੋਈ ਤੇ ਖਾਤਮਾ ਵੀ ਇਨ੍ਹਾਂ ਦੋਵਾਂ ਦੀਆਂ ਟੀਮਾਂ ਕਰ ਰਹੀਆਂ ਹਨ। ਤੇਂਦੁਲਕਰ ਪਿਛਲੇ ਸਾਲ ਵਨ ਡੇ ਤੇ ਇਸ ਸਾਲ ਦੇ ਸ਼ੁਰੂ ਵਿਚ ਆਈ. ਪੀ. ਐੱਲ. ਤੋਂ ਸੰਨਿਆਸ ਲੈ ਚੁੱਕਾ ਹੈ।

Facebook Comment
Project by : XtremeStudioz