Close
Menu

ਸਤਲੋਕ ਆਸ਼ਰਮ ਮਾਮਲੇ ’ਚ ਰਾਮਪਾਲ ਤੇ ਸਾਥੀਆਂ ਨੂੰ ਮੁੜ ਉਮਰ ਕੈਦ

-- 18 October,2018

ਟੋਹਾਣਾ, 18 ਅਕਤੂਬਰ
ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਸਤਲੋਕ ਆਸ਼ਰਮ ਬਰਵਾਲਾ ਦੇ ਮੁਖੀ ਰਾਮਪਾਲ ਅਤੇ ਉਸ ਦੇ 13 ਸ਼ਰਧਾਲੂਆਂ ਨੂੰ ਆਸ਼ਰਮ ਵਿੱਚ ਹੋਈ ਹਿੰਸਾ ਨਾਲ ਸਬੰਧਤ ਤੀਜੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਰਵਾਲਾ ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਹੱਤਿਆ, ਨਾਜਾਇਜ਼ ਬੰਧਕ ਬਣਾਉਣ ਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਹੇਠ 19 ਨਵੰਬਰ 2014 ਨੂੰ ਕੇਸ ਦਰਜ ਕੀਤਾ ਸੀ। ਵਧੀਕ ਸੈਸ਼ਨ ਜੱਜ ਡੀ.ਆਰ. ਚਾਲੀਆ ਦੀ ਵਿਸ਼ੇਸ਼ ਅਦਾਲਤ ਪਹਿਲੇ ਦੋ ਕੇਸਾਂ ਵਿੱਚ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਤੇ ਹਰੇਕ ਨੂੰ 2.05 ਲੱਖ ਰੁਪਏ ਜੁਰਮਾਨਾ ਲਾ ਚੁੱਕੀ ਹੈ। ਜੁਰਮਾਨੇ ਦੀ ਅਦਾਇਗੀ ਨਾ ਹੋਣ ’ਤੇ ਦੋ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ। ਰਾਮਪਾਲ ਦੇ ਵਕੀਲ ਏ.ਪੀ.ਸਿੰਘ ਨੇ ਦੱਸਿਆ ਕਿ ਧਾਰਾ 302 ਤਹਿਤ ਦੋਸ਼ੀਆਂ ਨੂੰ ਉਮਰ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ, ਧਾਰਾ 343 ਤਹਿਤ ਸਾਰਿਆਂ ਨੂੰ ਦੋ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨਾ, ਧਾਰਾ 120ਬੀ ਦੇ ਤਹਿਤ ਇਕ-ਇਕ ਲੱਖ ਜੁਰਮਾਨਾ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਾਰੀਆਂ ਸਜ਼ਾਵਾਂ ਇਕੋ ਵੇਲੇ ਇਕੱਠੀਆਂ ਚਲਣਗੀਆਂ।
ਕੇਸ ਮੁਤਾਬਕ ਸਾਲ 2014 ਵਿੱਚ 25 ਸਾਲਾ ਰਜਨੀ ਨਾਂ ਦੀ ਔਰਤ ਦੀ ਲਾਸ਼ ਸਤਲੋਕ ਆਸ਼ਰਮ ਵਿੱਚੋਂ ਮਿਲੀ ਸੀ। ਉਸ ਵੇਲੇ ਹਾਈ ਕੋਰਟ ਨੇ ਅਦਾਲਤੀ ਤੌਹੀਨ ਦੇ ਇਕ ਮਾਮਲੇ ਵਿੱਚ ਹਰਿਆਣਾ ਪੁਲੀਸ ਨੂੰ ਸਤਲੋਕ ਆਸ਼ਰਮ ਵਿੱਚ ਦਾਖ਼ਲ ਹੋਣ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਰਾਮਪਾਲ ਦੇ ਸ਼ਰਧਾਲੂਆਂ ਅਤੇ ਪੁਲੀਸ ਵਿਚਾਲੇ ਖੂਨੀ ਟਕਰਾਅ ਹੋ ਗਿਆ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਲਿਤਪੁਰ ਦੇ ਪਿੰਡ ਜਖੌਦਾ ਦੇ ਸੁਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਆਸ਼ਰਮ ਦੇ ਮੁਖੀ ਸਤਪਾਲ ਸਮੇਤ ਕੁਝ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਸੀ। ਸਜ਼ਾ ਦਾ ਫੈਸਲਾ ਆਉਣ ’ਤੇ ਐਡਵੋਕੇਟ ਏ.ਪੀ.ਸਿੰਘ ਨੇ ਕਿਹਾ ਕਿ ਉਹ ਫੈਸਲੇ ਖ਼ਿਲਾਫ਼ ਹਾਈ ਕੋਰਟ ਜਾਣਗੇ। ਉਂਜ ਫੈਸਲੇ ਦੇ ਮੱਦੇਨਜ਼ਰ ਅੱਜ ਹਿਸਾਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

Facebook Comment
Project by : XtremeStudioz