Close
Menu

ਸਥਾਨਕ ਲੀਡਰ ਨੂੰ ਟਿਕਟ ਨਿਵਾਜੀ ਜਾਵੇਗੀ ਤੇ ਅਕਾਲੀ ਦਲ ਤਕੜੇ ਹੋਣ : ਬਾਜਵਾ

-- 05 October,2015

ਡੇਰਾਬੱਸੀ – ਨਜ਼ਦੀਕੀ ਪਿੰਡ ਬਾਕਰਪੁਰ ਵਿਖੇ ਇਕ ਸ਼ਰਧਾਂਜਲੀ ਸਮਾਰੋਹ ‘ਚ ਪੁੱਜੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਸ਼ਰਧਾਂਜਲੀ ਸਮਾਰੋਹ ਵਿਚ ਦਿੱਤੇ ਬਿਆਨ ਨੇ ਹਲਕੇ ਵਿਚ ਸਿਆਸੀ ਭੂਚਾਲ ਲਿਆ ਦਿੱਤਾ ਹੈ। ਉਨ੍ਹਾਂ ਭਰੇ ਇਕੱਠ ਵਿਚ ਕਿਹਾ ਕਿ ਕਾਂਗਰਸ ਵੱਲੋਂ ਹਲਕੇ ਦੇ ਲੀਡਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਕਿਸੇ ਦੇ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਸਾਫ਼ ਸੀ।  ਇਸ ਮੌਕੇ ਮੁੱਖ ਸੰਸਦੀ ਸਕੱਤਰ ਤੇ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਕੁਲਜੀਤ ਰੰਧਾਵਾ ਵੱਲੋਂ ਪਿਛਲੀਆਂ ਚੋਣਾਂ ਵਿਚ ਇਲਾਕੇ ਦੇ ਉਮੀਦਵਾਰ ਨੂੰ ਕਾਂਗਰਸ ਪਾਰਟੀ ਨੂੰ ਟਿਕਟ ਦੇਣ ਦੀ ਮੰਗ ਚੁੱਕੀ ਗਈ ਸੀ ਪਰ ਉਨ੍ਹਾਂ ਦੀ ਇਸ ਮੰਗ ਨੂੰ ਕਾਂਗਰਸ ਨੇ ਤਾਂ ਨਹੀਂ ਮੰਨਿਆ ਪਰ ਅਕਾਲੀ ਦਲ ਨੇ ਇਸ ‘ਤੇ ਅਮਲ ਕਰਦੇ ਹੋਏ ਮੈਨੂੰ ਮਾਣ ਬਖਸ਼ਿਆ। ਇਸ ਬਿਆਨ ਤੋਂ ਬਾਜਵਾ ਨੇ ਕਿਹਾ ਕਿ ਸਥਾਨਕ ਲੀਡਰ ਨੂੰ ਟਿਕਟ ਨਿਵਾਜੀ ਜਾਵੇਗੀ ਤੇ ਉਨ੍ਹਾਂ ਅਕਾਲੀ ਦਲ ਨੂੰ ਤਕੜੇ ਹੋਣ ਲਈ ਕਿਹਾ।
ਇਸ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ-ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਜਿਹੜੇ ਇਹ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬਣਾਉਣ ਲਈ ਆਪਣੀ ਪਿੱਠ ਥਪਥਪਾ ਰਹੇ ਹਨ, ਇਹ ਸਾਰੀ ਦੀ ਸਾਰੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹੀ ਦੇਣ ਹੈ। ਉਨ੍ਹਾਂ ਨਰਮੇ ਦੀ ਫ਼ਸਲ ਤਬਾਹ ਹੋਣ ਪਿੱਛੇ ਦਵਾਈ ਦੀ ਖਰੀਦ ਵਿਚ ਕੀਤੇ ਗਏ ਘਪਲੇ ਵਿਚ ਸ਼ਾਮਲ ਖੇਤੀਬਾੜੀ ਮੰਤਰੀ ਤੋਤਾ ਸਿੰਘ ਤੇ ਉਸ ਦੇ ਸਾਥੀਆਂ ‘ਤੇ ਗੰਭੀਰ ਦੋਸ਼ ਲਗਾਏ।
ਉਨ੍ਹਾਂ ਆਮ ਆਦਮੀ ਪਾਰਟੀ ਨੂੰ ਨਕਾਰਦਿਆਂ ਕਿਹਾ ਕਿ ਇਸ ਪਾਰਟੀ ਦਾ ਕੋਈ ਵੀ ਸਿਆਸੀ ਪਿਛੋਕੜ ਨਹੀਂ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਤੀਜੀ ਸਿਆਸੀ ਗਲਤੀ ਨਾ ਕਰਨ ਬਾਰੇ ਅਪੀਲ ਕੀਤੀ। ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਗਾਇਆ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਉਧਰ ਕਬੱਡੀ ਕੱਪ ਕਰਵਾ ਕੇ ਕਰੋੜਾਂ ਰੁਪਏ ਲੁਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

Facebook Comment
Project by : XtremeStudioz