Close
Menu

‘ਸਪੀਡਬ੍ਰੇਕਰ’ ਦੀਦੀ ਨੂੰ ਹਾਰ ਨਜ਼ਰ ਆਉਣ ਲੱਗੀ: ਮੋਦੀ

-- 08 April,2019

ਕੂਚ ਬਿਹਾਰ/ਉਦੈਪੁਰ (ਤ੍ਰਿਪੁਰਾ), 8 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਖ਼ਿਲਾਫ਼, ਚੋਣ ਕਮਿਸ਼ਨ ਤੇ ਉਨ੍ਹਾਂ ਦੇ ਨਾਲ ਕੰਮ ਕਰਦੇ ਅਧਿਕਾਰੀਆਂ ਵਿਰੁੱਧ ਭੜਾਸ ਕੱਢ ਰਹੀ ਹੈ, ਤੋਂ ਜ਼ਾਹਿਰ ਹੁੰਦਾ ਹੈ ਕਿ ‘ਦੀਦੀ’ ਨੂੰ ਹਾਰ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਡਰੀ ਹੋਈ ਹੈ। ਮੋਦੀ ਨੇ ਮਮਤਾ ਨੂੰ ‘ਬੰਗਾਲ ਦੀ ਸਪੀਡਬ੍ਰੇਕਰ ਦੀਦੀ’ ਕਰਾਰ ਦਿੰਦਿਆਂ ਕਿਹਾ ਕਿ ਰੈਲੀ ਵਿਚ ਲੋਕਾਂ ਦਾ ਉਤਸ਼ਾਹ ਭਾਜਪਾ ਦੇ ਹੱਕ ਵਿਚ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਕ ਰੈਲੀਆਂ ਵਿਚ ‘ਮੋਦੀ ਮੋਦੀ’ ਦੇ ਨਾਅਰੇ ਲਾਉਂਦੇ ਹਨ, ਮਮਤਾ ਬੈਨਰਜੀ ਦੀ ਨੀਂਦ ਉੱਡ ਜਾਂਦੀ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਸੂਬੇ ਦੇ00 ਵਿਕਾਸ ਵਿਚ ਅੜਿੱਕਾ ਦੱਸਦਿਆਂ ‘ਸਪੀਡਬ੍ਰੇਕਰ’ ਕਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਰੈਲੀ ਵਿਚ ਅੜਿੱਕਾ ਪਾਉਣ ਦੇ ਯਤਨ ਕੀਤੇ ਗਏ ਹਨ। ਦੱਸਣਯੋਗ ਹੈ ਕਿ ਮੋਦੀ ਦੀ ਰੈਲੀ ਵਾਲੀ ਜਗ੍ਹਾ ਸੋਮਵਾਰ ਨੂੰ ਮਮਤਾ ਬੈਨਰਜੀ ਦੀ ਰੈਲੀ ਵੀ ਹੋਣੀ ਸੀ ਤੇ ਸ਼ਨਿਚਰਵਾਰ ਨੂੰ ਟੀਐਮਸੀ ਵਰਕਰਾਂ ਵੱਲੋਂ ਮੰਚ ਦੀ ਉਸਾਰੀ ਰੋਕਣ ਤੋਂ ਮਨ੍ਹਾਂ ਕਰਨ ’ਤੇ ਪ੍ਰਧਾਨ ਮੰਤਰੀ ਦੀ ਰੈਲੀ ਬਾਰੇ ਮਾਹੌਲ ਟਕਰਾਅ ਵਾਲਾ ਬਣ ਗਿਆ ਸੀ। ਤ੍ਰਿਪੁਰਾ ਦੇ ਉਦੈਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਖੱਬੇ ਪੱਖੀ ਧਿਰਾਂ ਦੀ ਆਲੋਚਨਾ ਵੀ ਕੀਤੀ। ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਪੂਰਾ ਜ਼ੋਰ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਲੱਗਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਨੇ 25 ਵਰ੍ਹਿਆਂ ਬਾਅਦ ਖੱਬੀਆਂ ਧਿਰਾਂ ਦੀ ਸਰਕਾਰ ਨੂੰ ਲਾਂਭੇ ਕਰ ਕੇ ਦੇਸ਼ ਲਈ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਤ੍ਰਿਪੁਰਾ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਨਕਾਰ ਦਿੱਤਾ।

Facebook Comment
Project by : XtremeStudioz