Close
Menu

ਸਭ ਤੋਂ ਤੇਜ਼ ਦੋਹਰੇ ਸੈਂਕੜੇ ਤੋਂ ਖੁੰਝਿਆ ਮੈਕੂਲਮ

-- 26 December,2014

ਕ੍ਰਾਈਸਟਚਰਚ- ਬ੍ਰੈਂਡਨ ਮੈਕੂਲਮ ਸਿਰਫ 5 ਦੌੜਾਂ ਤੋਂ ਟੈਸਟ ਮੈਚਾਂ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸ ਦੀ ਤੂਫ਼ਾਨੀ ਪਾਰੀ ਨਾਲ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਅੱਜ ਇੱਥੇ 7 ਵਿਕਟਾਂ ‘ਤੇ 429 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
ਮੈਕੂਲਮ ਨੇ 134 ਗੇਂਦਾਂ ‘ਤੇ 18 ਚੌਕਿਆਂ ਤੇ 11 ਛੱਕਿਆਂ ਦੀ ਮਦਦ ਨਾਲ 195 ਦੌੜਾਂ ਬਣਾਈਆਂ। ਜਦੋਂ ਉਹ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦੇ ਰਿਕਾਰਡ ਨੂੰ ਤੋੜਨ ਦੇ ਨਜਦੀਕ ਸੀ ਤਦ ਉਹ ਲਾਂਗ ਆਫ ‘ਤੇ ਕੈਚ ਦੇ ਬੈਠਾ। ਟੈਸਟ ਮੈਚਾਂ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਹੀ ਇਕ ਹੋਰ ਬੱਲੇਬਾਜ਼ ਨਾਥਨ ਐਸਟਲ (153 ਗੇਂਦਾਂ) ਦੇ ਨਾਂ ਹੈ।
ਮੈਕਲੂਮ ਨੇ ਉਸ ਸਮੇਂ ਤੂਫ਼ਾਨੀ ਬੱਲੇਬਾਜ਼ੀ ਕੀਤੀ ਜਦੋਂ 88 ਦੇ ਸਕੋਰ ‘ਤੇ ਉਸ ਦੀ ਟੀਮ ਦੀਆਂ 3 ਵਿਕਟਾਂ ਡਿੱਗ ਗਈਆਂ ਸਨ। ਉਸ ਨੇ ਕੇਨ ਵਿਲੀਅਮਸਨ (54) ਨਾਲ ਚੌਥੀ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ‘ਚ ਵਿਲੀਅਮਸਨ ਦਾ ਯੋਗਦਾਨ ਸਿਰਫ 20 ਦੌੜਾਂ ਸੀ। ਮੈਕੂਲਮ ਨੇ ਇਸ ਤੋਂ ਬਾਅਦ ਜੇਮਸ ਨੀਸ਼ਾਮ ਨਾਲ ਪੰਜਵੀਂ ਵਿਕਟ ਲਈ 153 ਦੌੜਾਂ ਦੀ ਸਾਂਝੇਦਾਰੀ ਨਿਭਾਈ। ਨੀਸ਼ਾਮ ਨੇ ਵੀ ਆਪਣੇ ਕਪਤਾਨ ਦੀ ਤਰਜ਼ ‘ਤੇ ਤੂਫ਼ਾਨੀ ਤੇਵਰ ਦਿਖਾਉਂਦੇ ਹੋਏ 80 ਗੇਂਦਾਂ ‘ਤੇ 85 ਦੌੜਾਂ ਬਣਾਈਆਂ।
ਮੈਕੂਲਮ ਨੇ ਆਪਣੀ ਪਾਰੀ ‘ਚ ਕਈ ਰਿਕਾਰਡ ਬਣਾਏ। ਉਸ ਨੇ ਆਪਣਾ ਸੈਂਕੜਾ ਸਿਰਫ 74 ਗੇਂਦਾਂ ‘ਚ ਪੂਰਾ ਕੀਤਾ ਜੋ ਟੈਸਟ ਕ੍ਰਿਕਟ ‘ਚ ਨਿਊਜ਼ੀਲੈਂਡ ਦੇ ਕਿਸੇ ਬੱਲੇਬਾਜ਼ਾਂ ਦਾ ਰਿਕਾਰਡ ਹੈ। ਉਸ ਨੇ 150 ਦੌੜਾਂ ਸਿਰਫ 103 ਗੇਂਦਾਂ ‘ਚ ਪੂਰੀਆਂ ਕੀਤੀਆਂ। ਮੈਕੂਲਮ ਇਕ ਸਾਲ ‘ਚ ਇਕ ਹਜ਼ਾਰ ਟੈਸਟ ਰਨ ਬਣਾਉਣ ਵਾਲਾ ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਬਣਿਆ। ਇਸ ਦੇ ਨਾਲ ਹੀ ਇਸ ਸਾਲ ਟੈਸਟ ਕ੍ਰਿਕਟ ‘ਚ ਉਸ ਨੇ ਕੁੱਲ 33 ਛੱਕੇ ਲਾ ਕੇ ਨਵਾਂ ਰਿਕਾਰਡ ਆਪਣੇ ਨਾਂ ਕੀਤਾ।

Facebook Comment
Project by : XtremeStudioz