Close
Menu

ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ’ਚ ਫ਼ੈਸਲਾ ਅੱਗੇ ਪਾਇਆ

-- 12 March,2019

ਪੰਚਕੂਲਾ, 12 ਮਾਰਚ
ਐਨਆਈਏ (ਕੌਮੀ ਜਾਂਚ ਏਜੰਸੀ) ਦੀ ਵਿਸ਼ੇਸ਼ ਅਦਾਲਤ ਨੇ 2007 ਸਮਝੌਤਾ ਐਕਸਪ੍ਰੈੱਸ ਬੰਬ ਧਮਾਕਾ ਕੇਸ ਵਿੱਚ ਅੱਜ ਸੁਣਾਏ ਜਾਣ ਵਾਲੇ ਫੈਸਲੇ ਨੂੰ ਅੱਗੇ ਪਾ ਦਿੱਤਾ ਹੈ। ਕੇਸ ਉੱਤੇ ਅਗਲੀ ਸੁਣਵਾਈ 14 ਮਾਰਚ ਨੂੰ ਹੋਵੇਗੀ।
ਐਨਆਈਏ ਅਦਾਲਤ ਨੇ ਫੈਸਲੇ ਨੂੰ ਅੱਗੇ ਪਾਉਣ ਦਾ ਫੈਸਲਾ ਇਕ ਪਾਕਿਸਤਾਨੀ ਮਹਿਲਾ ਵੱਲੋਂ ਦਾਇਰ ਪਟੀਸ਼ਨ ਮਗਰੋਂ ਲਿਆ ਹੈ। ਪਟੀਸ਼ਨ ਵਿੱਚ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਕੇਸ ਨਾਲ ਸਬੰਧਤ ਕੁਝ ਢੁੱਕਵੇਂ ਸਬੂਤ ਮੌਜੂਦ ਹਨ। ਐਨਆਈਏ ਦੇ ਵਕੀਲ ਰੰਜਨ ਮਲਹੋਤਰਾ ਨੇ ਕਿਹਾ ਕਿ ਰਾਹਿਲਾ ਐਲ. ਵਕੀਲ ਨੇ ਪਟੀਸ਼ਨ ਆਪਣੇ ਵਕੀਲ ਰਾਹੀਂ ਦਾਖ਼ਲ ਕੀਤੀ ਹੈ। ਯਾਦ ਰਹੇ ਕਿ ਇਸ ਕੇਸ ਵਿੱਚ ਆਖਰੀ ਜਿਰ੍ਹਾ 6 ਮਾਰਚ ਨੂੰ ਪੂਰੀ ਹੋ ਗਈ ਸੀ, ਤੇ ਅੱਜ 11 ਮਾਰਚ ਨੂੰ ਫੈਸਲਾ ਸੁਣਾਇਆ ਜਾਣਾ ਸੀ। ਵਿਸ਼ੇਸ਼ ਐਨਆਈਏ ਜੱਜ ਜਗਦੀਪ ਸਿੰਘ ਨੇ ਸੱਜਰੀ ਪਟੀਸ਼ਨ ਦਾਇਰ ਹੋਣ ਮਗਰੋਂ ਕੇਸ ਦੀ ਅਗਲੀ ਸੁਣਵਾਈ 14 ਮਾਰਚ ਲਈ ਨਿਰਧਾਰਿਤ ਕਰ ਦਿੱੱਤੀ ਹੈ। ਕਾਬਿਲੇਗੌਰ ਹੈ ਕਿ 18 ਫਰਵਰੀ 2007 ਨੂੰ ਪਾਣੀਪਤ ਨੇੜੇ ਸਮਝੌਤਾ ਐਕਸਪ੍ਰੈੱਸ ਦੋ ਕੋਚਾਂ ਵਿੱਚ ਹੋਏ ਧਮਾਕਿਆਂ ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ। ਮੌਤਾਂ ਧਮਾਕੇ ਮਗਰੋਂ ਰੇਲ ਡੱਬਿਆਂ ਨੂੰ ਲੱਗੀ ਅੱਗ ਵਿੱਚ ਝੁਲਸਣ ਕਾਰਨ ਹੋਈਆਂ ਸਨ। ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਸਮਝੌਤਾ ਐਕਸਪ੍ਰੈੱਸ ਜਿਸ ਨੂੰ ਅਟਾਰੀ ਐਕਸਪ੍ਰੈੱਸ ਵੀ ਕਿਹਾ ਜਾਂਦਾ ਹੈ, ਹਫ਼ਤੇ ਵਿੱਚ ਦੋ-ਦੋ ਦਿਨ (ਬੁੱਧਵਾਰ ਤੇ ਐਤਵਾਰ) ਦਿੱਲੀ ਤੋਂ ਅਟਾਰੀ ਤੇ ਅੱਗੇ ਪਾਕਿਸਤਾਨ ਤਕ ਜਾਂਦੀ ਹੈ। ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਅੱਠ ਜਣਿਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ, ਇਨ੍ਹਾਂ ਵਿੱਚ ਨਾਭਾ ਕੁਮਾਰ ਸਰਕਾਰ ਉਰਫ਼ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਹੀ ਅਦਾਲਤ ਵਿੱਚ ਪੇਸ਼ ਹੋਏ ਜਦੋਂਕਿ ਸੁਨੀਲ ਜੋਸ਼ੀ, ਜੋ ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ, ਦੀ ਦਸੰਬਰ 2007 ਵਿੱਚ ਮੌਤ ਹੋ ਗਈ ਸੀ। ਤਿੰਨ ਹੋਰਨਾਂ ਮੁਲਜ਼ਮਾਂ ਰਾਮਚੰਦਰ ਕਲਸਾਂਗਰਾ, ਸੰਦੀਪ ਡਾਂਗੇ ਤੇ ਅਮਿਤ ਅਜੇ ਵੀ ਫਰਾਰ ਹਨ, ਜਿਨ੍ਹਾਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।

Facebook Comment
Project by : XtremeStudioz