Close
Menu

ਸਮਲਿੰਗੀਆਂ ਬਾਰੇ ਲਿਖੀ ਸੰਪਾਦਕੀ ਨੂੰ ਬਣਾਇਆ ਗਿਆ ਮੁੱਦਾ

-- 09 October,2015

ਟੋਰਾਂਟੋ— ਬੀਤੇ 15 ਸਾਲਾਂ ਤੋਂ ਭਾਰਤ ਤੋਂ ਬਾਹਰ ਚਲਾਏ ਜਾਂਦੇ ਪਹਿਲੇ ਰੋਜ਼ਾਨਾਂ ਇਕੋ-ਇਕ ਪੰਜਾਬੀ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ, ਜੋ ਕਿ ਇਨ੍ਹੀਂ ਦਿਨੀਂ ਕੈਨੇਡਾ ‘ਚ ਰਾਜ ਕਰ ਰਹੀ ਰੂਲਿੰਗ ਪਾਰਟੀ ਕੰਜ਼ਰਵੇਟਿਵ ਦੇ ਹਲਕਾ ਮਾਲਟਨ-ਮਿਸੀਸਾਗਾ ਤੋਂ ਉਮੀਦਵਾਰ ਹਨ। ਉਨ੍ਹਾਂ ਵਲੋਂ ਬੀਤੇ 23 ਮਾਰਚ 15 ਦੇ ਅਖਬਾਰ ‘ਚ ਲਿਖੀ ਸੰਪਾਦਕੀ ਜੋ ਕਿ ‘ਕੀ ਸਮਲਿੰਗੀ ਤੋਂ ਸਾਧਾਰਨ ਵਿਅਕਤੀ ਬਣਨਾ ਗਲਤ ਹੈ’ ਦੇ ਅਨੁਵਾਨ ਹੇਠ ਸੀ ਅਤੇ ਇਹ ਸੰਪਾਦਕੀ ਓਨਟਾਰੀਓ ਸੂਬੇ ਦੀ ਅਸੰਬਲੀ ‘ਚ ਸਮਲਿੰਗੀਆਂ ਬਾਰੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਐੱਨ. ਡੀ. ਪੀ. ਵੱਲੋਂ ਲਿਆਂਦੇ ਇਕ ਬਿੱਲ ਦੇ ਸੰਦਰਭ ਵਿਚ ਲਿਖੀ ਗਈ ਸੀ। ਮਿਸੀਸਾਗਾ ਮਾਲਟਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਗਦੀਸ਼ ਗਰੇਵਾਲ ਦੀ ਪਾਰਟੀ ਵਿਚੋਂ ਬਰਖਾਸਤੀ ਨੂੰ ਲੈ ਕੇ ਕਮਿਊਨਿਟੀ ਵਿਚ ਛਿੜੀ ਚਰਚਾ ਇਸ ਸਮੇਂ ਜ਼ੋਰਾਂ ‘ਤੇ ਹੈ, ਬੀਤੇ 24 ਘੰਟਿਆਂ ਦੌਰਾਨ ਭਾਰਤੀ ਭਾਈਚਾਰੇ ਦੇ ਚਲਦੇ ਦਰਜਨਾਂ ਰੇਡੀਓਜ਼ ‘ਤੇ ਜਗਦੀਸ਼ ਗਰੇਵਾਲ ਨੂੰ ਇਸ ਸੰਪਾਦਕੀ ਲਿਖਣ ਕਾਰਨ ਚੋਣ ਦੰਗਲ ‘ਚੋਂ ਬਾਹਰ ਦਾ ਰਸਤਾ ਵਿਖਾਉਣ ਦੀ ਪੁਰਜ਼ੋਰ ਸ਼ਬਦਾਂ ‘ਚ ਨਿੰਦਾ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸੰਪਾਦਕੀ ‘ਚ ਲਿਖੇ ਸ਼ਬਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੰਚਾਉਣ ਵਾਲੇ ਨਹੀਂ ਸਗੋਂ ਕਿਸੇ ਨੇ ਇਸ ਪੰਜਾਬੀ ਲੇਖ ਦਾ ਅੰਗਰੇਜ਼ੀ ਅਨੁਵਾਦ ਸਹੀ ਢੰਗ ਨਾਲ ਨਾ ਕਰਕੇ ਅਰਥ ਦਾ ਅਨਰਥ ਕੀਤਾ ਹੈ । ਇਸ ਸਮੇਂ ਪੰਜਾਬੀ ਭਾਈਚਾਰੇ ‘ਚ ਇਸ ਗੱਲ ਦੀ ਚਰਚਾ ਵੀ ਜ਼ੋਰਾਂ ‘ਤੇ ਹੈ ਕੈਨੇਡਾ ਵਰਗੇ ਮੁਲਕ ਜਿੱਥੇ ਹਰ ਇਕ ਵਿਅਕਤੀ ਨੂੰ ਲਿਖਣ ਅਤੇ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਹੈ ਉੱਥੇ ਅਜਿਹਾ ਐਕਸ਼ਨ ਕੰਜ਼ਰਵੇਟਿਵਾਂ ਵੱਲੋਂ ਸਮਲਿੰਗੀਆਂ ਦੀ ਕਰੋਪੀ ਤੋਂ ਬਚਣ ਲਈ ਲਿਆ ਗਿਆ ਹੈ। ਜਦੋਂਕਿ ਇਸ ਬਾਰੇ ਜਗਦੀਸ਼ ਗਰੇਵਾਲ ਵਲੋਂ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਗਿਆ ਹੈ ਕਿ ਉਹ ਪਾਰਟੀ ਵਲੋਂ ਲਏ ਫੈਸਲੇ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਵਲੋਂ ਅਜਿਹਾ ਕੁੱਝ ਵੀ ਨਹੀਂ ਕੀਤਾ ਗਿਆ। ਜਿਸ ਸਦਕਾ ਉਹ ਇਸ ਚੋਣ ਦੰਗਲ ਤੋਂ ਕਿਨਾਰਾ ਕਰਨ। ਉਨ੍ਹਾਂ ਵਲੋਂ ਸੰਕਲਪ ਲਿਆ ਗਿਆ ਹੈ ਉਹ ਇਸ ਚੋਣ ਮੁਹਿੰਮ ਨੂੰ ਪਹਿਲਾਂ ਤੋਂ ਵੀ ਜ਼ੋਰ ਸ਼ੋਰ ਨਾਲ ਜਾਰੀ ਰੱਖਣਗੇ । ਉਨ੍ਹਾਂ ਕਿਹਾ ਹੈ ਕਿ ਮੀਡੀਆ ਅਤੇ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਦੇ ਪੰਜਾਬੀ ਪੋਸਟ ਅਖਬਾਰ ਵਿਚ ਲਿਖੇ ਸੰਪਾਦਕੀ ਲੇਖ ਨੂੰ ਗਲਤ ਢੰਗ ਨਾਲ ਸਮਝਿਆ ਅਤੇ ਪੇਸ਼ ਕੀਤਾ ਗਿਆ ਹੈ। 23 ਮਾਰਚ 2015 ਨੂੰ ਪੰਜਾਬੀ ਭਾਸ਼ਾ ਵਿਚ ਲਿਖੇ ਗਏ ਇਸ ਸੰਪਾਦਕੀ ਲੇਖ ਵਿਚ ਸਮਲਿੰਗੀਆਂ (ਐੱਲ. ਜੀ. ਬੀ. ਟੀ. ਕਿਉ.) ਦੇ ਅਧਿਕਾਰਾਂ ਦੀ ਤਰ੍ਹਾਂ ਹੀ ‘ਸਟਰੇਟ’ ਲੋਕਾਂ ਦੇ ਹੱਕਾਂ ਜਾਂ ਪੱਖ ਨੂੰ ਵੀ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ । ਸੰਪਾਦਕੀ ਵਿਚ ਅੰਗਰੇਜ਼ੀ ਦੇ ਸ਼ਬਦ ਸਟਰੇਟ ਦਾ ਪੰਜਾਬੀ ਭਾਸ਼ਾ ਵਿਚ ਤਰਜਮਾ ‘ਸਾਧਾਰਣ’ ਵਜੋਂ ਕੀਤਾ ਗਿਆ ਸੀ ਜੋ ਕਿ ਪੰਜਾਬੀ ਵਿਚ ਉਪਲਬਧ ਸਭ ਤੋਂ ਢੁਕਵਾਂ ਸ਼ਬਦ ਹੈ।
ਗਰੇਵਾਲ ਨੇ ਕਿਹਾ ਕਿ ਉਹ ਹਰ ਇਨਸਾਨ ਦਾ ਸਤਿਕਾਰ ਕਰਦੇ ਹਨ। ਸਾਡੇ ਧਰਮਾਂ ਵਿਚ ਕਿਸੇ ਵੀ ਵਿਅਕਤੀ ਦੇ ਧਰਮ, ਨਸਲ ਪ੍ਰਤੀ ਘ੍ਰਿਣਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਸਿਆਸਤ ਵਿਚ ਚੱਲ ਰਹੀ ਖਿਚੋਤਾਣ ਵਿਚ ਉਨ੍ਹਾਂ ਦੇ ਸ਼ਬਦਾਂ ਨੂੰ ਗਲਤ ਢੰਗ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਸਿਆਸਤੀ ਜੰਗ ਵਿਚ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਅਤੇ ਹੋ ਸਕਦਾ ਹੈ ਕਿ ਅੰਗਰੇਜ਼ੀ ਮੁਹਾਵਰੇ ਵਿਚ ਉਹ ਆਪਣੀ ਗੱਲ ਬਿਲਕੁੱਲ ਸਹੀ ਤਰੀਕੇ ਨਾਲ ਨਾ ਪ੍ਰਗਟ ਕਰ ਸਕੇ ਹੋਣ।   ਚੇਤੇ ਰਹੇ ਕਿ 19 ਅਕਤੂਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਇਲੈਕਸ਼ਨ ਕੈਨੇਡਾ ਵੱਲੋਂ ਬੈਲੇਟ ਪੇਪਰ ਜੋ ਕਿ ਛਪ ਚੁੱਕੇ ਹਨ ਨਾ ਤਾਂ ਉਹੀ ਬਦਲੇ ਜਾਣਗੇ ਅਤੇ ਨਾ ਹੀ ਜਗਦੀਸ਼ ਗਰੇਵਾਲ ਨੂੰ ਆਪਣਾ ਚੋਣ ਪ੍ਰਚਾਰ ਬੰਦ ਕਰਨ ਲਈ ਕਿਹਾ ਜਾਵੇਗਾ।

Facebook Comment
Project by : XtremeStudioz