Close
Menu

ਸਮਿਥ ਨੇ ਬਰੈਡਮੈਨ ਦਾ ਰਿਕਾਰਡ ਤੋੜਿਆ

-- 10 January,2015

ਸਿਡਨੀ, ਆਸਟਰੇਲੀਅਨ ਕਪਤਾਨ ਸਟੀਵਨ ਸਮਿਥ ਨੇ ਭਾਰਤ ਦੇ ਖਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿੱਚ 770 ਦੌੜਾਂ ਬਣਾ ਕੇ ਮਹਾਨ ਬੱਲੇਬਾਜ਼ ਸਰ ਡਾਨ ਬਰੈਡਮੈਨ ਦਾ ਰਿਕਾਰਡ ਤੋੜ ਦਿੱਤਾ ਹੈ। ਇਸੇ ਦੌਰਾਨ ਉਹ ਐਵਰਟਨ ਵਿਕਸ ਦਾ ਓਵਰਆਲ ਰਿਕਾਰਡ ਤੋੜਨ ਵਿੱਚ ਦਸ ਦੌੜਾਂ ਤੋਂ ਵਾਂਝਾ ਰਹਿ ਗਿਆ।
ਸਮਿਥ ਨੇ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਇੱਥੇ ਆਸਟਰੇਲੀਆ ਦੀ ਦੂਸਰੀ ਪਾਰੀ ਵਿੱਚ 71 ਦੌੜਾਂ ਬਣਾਈਆਂ ਅਤੇ ਇਸ ਤਰ੍ਹਾਂ ਉਸ ਨੇ ਸੀਰੀਜ਼ ਵਿੱਚ ਆਪਣੇ ਕੁਲ ਦੌੜਾਂ ਦੀ ਗਿਣਤੀ 770 ਤਕ ਪਹੁੰਚਾਈ। ਉਸ ਨੇ ਸੀਰੀਜ਼ ਵਿੱਚ 8 ਪਾਰੀਆਂ ਖੇਡੀਆਂ ਅਤੇ ਚਾਰ ਸੈਂਕੜੇ ਅਤੇ ਦੋ ਅਰਧ ਸੈਂਕੜੇ ਜੜੇ।
ਭਾਰਤ ਦੇ ਖਿਲਾਫ਼ ਇਹ ਕਿਸੇ ਇੱਕ ਸੀਰੀਜ਼ ਵਿੱਚ ਆਸਟਰੇਲੀਅਨ ਬੱਲੇਬਾਜ਼ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਡਾਨ ਬਰੈਡਮੈਨ ਦੇ ਨਾਂ ਸੀ ਜਿਸ ਨੇ 1947-48 ਦੀ ਸੀਰੀਜ਼ ਵਿੱਚ ਭਾਰਤ ਦੇ ਖਿਲਾਫ਼ ਪੰਜ ਮੈਚਾਂ ਦੀਆਂ ਛੇ ਪਾਰੀਆਂ ਵਿੱਚ 715 ਦੌੜਾਂ ਬਣਾਈਆਂ ਸਨ।
ਭਾਰਤ ਦੇ ਖਿਲਾਫ਼ ਇਕ ਸੀਰੀਜ਼ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਹਾਲਾਂਕਿ ਅਜੇ ਵੀ ਵੈਸਟ ਇੰਡੀਜ਼ ਦੇ ਐਵਰਟਨ ਵਿਕਸ ਦੇ ਨਾਂ ਹੈ ਜਿਸ ਨੇ 1948-49 ਵਿੱਚ 779 ਦੌੜਾਂ ਬਣਾਈਆਂ ਸਨ। ਸਮਿਥ ਜਦੋਂ ਇਸ ਰਿਕਾਰਡ ਨੂੰ ਤੋੜਨ ਦੀ ਸਥਿਤੀ ਵਿੱਚ ਦਿਖ ਰਿਹਾ ਸੀ ਤਾਂ ਮੁਹੰਮਦ ਸ਼ਮੀ ਨੇ ਉਸ ਨੂੰ ਐਲ.ਬੀ.ਡਬਲਿਊ ਆਊਟ ਕਰ ਦਿੱਤਾ।
ਸੀਰੀਜ਼ ਵਿੱਚ ਸਿਰਫ਼ ਚਾਰ ਟੈਸਟ ਮੈਚ ਖੇਡ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਰਿਕਾਰਡ ਦੀ ਸੂਚੀ ਵਿੱਚ ਵੀ ਸਮਿਥ ਤੀਸਰੇ ਨੰਬਰ ’ਤੇ ਪਹੁੰਚ ਗਿਆ ਹੈ। ਵੈਸਟ ਇੰਡੀਜ਼ ਦੇ ਵਿਵ ਰਿਚਰਡਸ ਨੇ 1976 ਵਿੱਚ ਇੰਗਲੈਂਡ ਦੇ ਖਿਲਾਫ਼ 829 ਅਤੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ 1971 ਵਿੱਚ ਵੈਸਟ ਇੰਡੀਜ਼ ਦੇ ਖਿਲਾਫ਼ 774 ਦੌੜਾਂ ਬਣਾਈਆਂ ਸਨ।

Facebook Comment
Project by : XtremeStudioz