Close
Menu

ਸਰਕਾਰਾਂ ਹੀ ਵਿਕਾਉਂਦਿਆਂ ਨੇ ਨਸ਼ਾ, ਤਾਂ ਹੀ ਸ਼ਰੇਆਮ ਵਿਕਦਾ-ਭਗਵੰਤ ਮਾਨ

-- 12 March,2019

ਵਿਧਾਇਕ ਸੁਖਪਾਲ ਭੁੱਲਰ ਨੂੰ ਪਾਰਟੀ ‘ਚੋਂ ਕੱਢੇ ਕਾਂਗਰਸ

ਹੁਣ ਭੁੱਲਰ ਦਾ ਘਰ ਘੇਰਨ ਜ਼ੀਰਾ,  ਦੂਲੋ ਦੇ ਸੱਚ ਨੇ ‘ਆਪ’ ਦੇ ਦੋਸ਼ਾਂ ‘ਤੇ ਲਾਈ ਮੋਹਰ

ਚੰਡੀਗੜ੍ਹ, 12 ਮਾਰਚ, 2019

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਕਰੀਬੀ ਅਤੇ ਸਥਾਨਕ ਯੂਥ ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਕੋਲੋਂ ਕਰੀਬ 5 ਕਰੋੜ ਰੁਪਏ ਦੀ ਹੈਰੋਇਨ ਫੜੇ ਜਾਣ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਸਰਕਾਰ ਬਦਲ ਗਈ ਹੈ ਪਰੰਤੂ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਲਾ ਕਾਰੋਬਾਰ ਬਦਸਤੂਰ ਜਾਰੀ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਦੇ 10 ਸਾਲਾਂ ਸ਼ਾਸਨ ਦੌਰਾਨ ਜਾਣੇ-ਅਣਜਾਣੇ ਜਦ ਵੀ ਕੋਈ ਨਸ਼ਾ ਤਸਕਰ ਜਾਂ ਸਪਲਾਇਰ ਫੜਿਆ ਜਾਂਦਾ ਸੀ ਤਾਂ ਉਸ ਦਾ ਸੱਤਾਧਾਰੀ ਅਕਾਲੀ ਦਲ ਬਾਦਲ ਨਾਲ ਸਿੱਧਾ-ਅਸਿੱਧਾ ਸੰਬੰਧ ਜੁੜ ਜਾਂਦਾ ਸੀ। ਉਸੇ ਤਰ੍ਹਾਂ 2 ਸਾਲਾਂ ਤੋਂ ਭੁੱਲੇ-ਭਟਕੇ ਜੇ ਕੋਈ ਨਸ਼ਾ ਤਸਕਰ ਗ੍ਰਿਫ਼ਤਾਰ ਹੁੰਦਾ ਹੈ ਤਾਂ ਉਸ ਦੇ ਸੰਬੰਧ ਸੱਤਾਧਾਰੀ ਕਾਂਗਰਸੀਆਂ ਨਾਲ ਜਾ ਜੁੜਦੇ ਹਨ। ਇਸ ਤੋਂ ਸਾਫ਼ ਹੈ ਕਿ ਸਰਕਾਰਾਂ ਹੀ ਵਿਕਾਉਂਦੀਆਂ ਨੇ ਨਸ਼ਾ, ਤਾਂ ਹੀ ਤਾਂ ਸ਼ਰੇਆਮ ਵਿਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਹਿੰਦੀ ਆਈ ਹੈ ਕਿ ਸੱਤਾਧਾਰੀਆਂ ਦੀ ਸ਼ਮੂਲੀਅਤ ਤੋਂ ਬਗੈਰ ਸੂਬੇ ‘ਚ ਨਸ਼ਿਆਂ ਦਾ ਧੰਦਾ ਮੁਮਕਿਨ ਨਹੀਂ।

ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਸੁਖਪਾਲ ਸਿੰਘ ਭੁੱਲਰ ਨੂੰ ਤੁਰੰਤ ਪਾਰਟੀ ‘ਚ ਬਰਖ਼ਾਸਤ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਤਾਂ ਕਿ ਨਸ਼ਾ ਤਸਕਰੀ ਦੀ ਹੇਠਾਂ ਤੋਂ ਲੈ ਕੇ ਉੱਤੇ ਤੱਕ ਬਣੀ ਚੇਨ (ਕੜੀ) ਦਾ ਪਰਦਾਫਾਸ਼ ਹੋ ਸਕੇ।

ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ 4 ਹਫ਼ਤਿਆਂ ‘ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਅਤੇ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ  ਤਾਂ ਨਸ਼ਾ ਮੁਕਤ ਨਹੀਂ ਕਰ ਸਕੇ, ਘੱਟੋਂ ਘੱਟ ਕਾਂਗਰਸ ਪਾਰਟੀ ਨੂੰ ਹੀ ਨਸ਼ਾ ਤਸਕਰੀ ਤੋਂ ਮੁਕਤ ਕਰ ਲੈਣ। ਮਾਨ ਨੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਤਾਹਨਾ ਮਾਰਦਿਆਂ ਕਿਹਾ ਕਿ ਹੁਣ ਉਹ ਸੁਖਪਾਲ ਸਿੰਘ ਭੁੱਲਰ ਦੇ ਘਰ ਦਾ ਘਿਰਾਓ ਕਿਉਂ ਨਹੀਂ ਕਰਦੇ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਬੀਤੇ ਕੱਲ੍ਹ ਖੰਨਾ ‘ਚ ਸਾਫ਼-ਸਾਫ਼ ਕਿਹਾ ਹੈ ਕਿ ਪੰਜਾਬ ‘ਚ ਨਸ਼ਾ ਖ਼ਤਮ ਨਹੀਂ ਹੋਇਆ, ਸਗੋਂ ਵਧਿਆ ਹੈ। ਦੂਲੋ ਨੇ ‘ਆਪ’ ਦੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਇਹ ਵੀ ਕਿਹਾ ਕਿ ਸਰਕਾਰ ਛੋਟੇ ਮੋਟੇ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਆਪਣੀ ਪਿੱਠ ਥੱਪ ਥਪਾਉਂਦੀ ਰਹਿੰਦੀ ਹੈ ਪਰੰਤੂ ਨਸ਼ਾ ਤਸਕਰੀ ਦੇ ਵੱਡੇ ਮਗਰ-ਮੱਛਾਂ ਨੂੰ ਹੱਥ ਨਹੀਂ ਪਾਉਂਦੀ।

Facebook Comment
Project by : XtremeStudioz