Close
Menu

ਸਰਕਾਰੀ ਬੈਂਕਾਂ ਨੂੰ 83 ਹਜ਼ਾਰ ਕਰੋੜ ਰੁਪਏ ਮਿਲਣਗੇ: ਜੇਤਲੀ

-- 21 December,2018

ਨਵੀਂ ਦਿੱਲੀ, 21 ਦਸੰਬਰ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਸਰਕਾਰ ਜਨਤਕ ਖੇਤਰ ਦੇ ਬੈਂਕਾਂ ਨੂੰ ਮੌਜੂਦਾ ਵਿੱਤੀ ਵਰ੍ਹੇ ਦੇ ਅਗਲੇ ਕੁਝ ਮਹੀਨਿਆਂ ਦੌਰਾਨ 83 ਹਜ਼ਾਰ ਕਰੋੜ ਰੁਪਏ ਦੇਵੇਗੀ।
ਇਸ ਤੋਂ ਪਹਿਲਾਂ ਦਿਨ ਵੇਲੇ ਸਰਕਾਰ ਨੇ ਅਨੁਦਾਨ ਲਈ ਪੂਰਕ ਮੰਗਾਂ ਦੀ ਦੂਜੀ ਕਿਸ਼ਤ ਰਾਹੀਂ ਸਰਕਾਰੀ ਬੈਂਕਾਂ ’ਚ 41 ਹਜ਼ਾਰ ਕਰੋੜ ਰੁਪਏ ਦੀ ਵਾਧੂ ਰਕਮ ਪਾਉਣ ਲਈ ਸੰਸਦ ਦੀ ਪ੍ਰਵਾਨਗੀ ਮੰਗੀ। ਇਸ ਨਾਲ ਮੌਜੂਦਾ ਵਿੱਤੀ ਵਰ੍ਹੇ ’ਚ ਮੁੜ ਪੂੰਜੀਕਰਨ ਦੀ ਰਾਸ਼ੀ 65 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ 1.06 ਲੱਖ ਕਰੋੜ ਰੁਪਏ ਹੋ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਦੱਸਿਆ ਕਿ ਮੁੜ ਪੂੰਜੀਕਰਨ ਨਾਲ ਸਰਕਾਰੀ ਬੈਂਕਾਂ ਦੀ ਕਰਜ਼ਾ ਦੇਣ ਦੀ ਸਮਰੱਥਾ ਵਧੇਗੀ ਅਤੇ ਉਨ੍ਹਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਤਤਕਾਲੀ ਸੁਧਾਰ ਕਾਰਵਾਈ (ਪੀਸੀਏ) ਰੂਪ ਰੇਖਾ ਤੋਂ ਬਾਹਰ ਨਿਕਲਣ ’ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ’ਚ ਐਨਪੀਏ (ਡੁੱਬੇ ਹੋਏ ਕਰਜ਼ੇ) ਦਾ ਪਤਾ ਲਾਉਣ ਦਾ ਅਮਲ ਮੁਕੰਮਲ ਹੋ ਗਿਆ ਹੈ ਅਤੇ ਡੁੱਬੇ ਹੋਏ ਕਰਜ਼ਿਆਂ ’ਚ ਗਿਰਾਵਟ ਦਰਜ ਹੋਣੀ ਸ਼ੁਰੂ ਹੋ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਡੁੱਬੇ ਕਰਜ਼ਿਆਂ ਦੀ ਮਾਰ ਹੇਠ ਆਏ 11 ਬੈਂਕ ਪੀਸੀਏ ਰੂਪ ਰੇਖਾ ਦੇ ਘੇਰੇ ’ਚ ਹਨ। ਕੇਂਦਰ ਸਰਕਾਰ ਵੱਲੋਂ ਦਬਾਅ ਬਣਾਏ ਜਾਣ ਮਗਰੋਂ ਆਰਬੀਆਈ ਬੋਰਡ ਦੀ ਛੇਤੀ ਬੈਠਕ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਅਕਤੂਬਰ 2017 ’ਚ ਜਨਤਕ ਖੇਤਰ ਦੇ ਬੈਂਕਾਂ ’ਚ ਅਗਲੇ ਦੋ ਸਾਲਾਂ ਦੌਰਾਨ 2.11 ਲੱਖ ਕਰੋੜ ਰੁਪਏ ਪਾਉਣ ਦਾ ਫ਼ੈਸਲਾ ਲਿਆ ਸੀ। ਇਸ ’ਚੋਂ 18,139 ਕਰੋੜ ਰੁਪਏ ਬਜਟ ਪ੍ਰਾਵਧਾਨਾਂ, 1.35 ਲੱਖ ਕਰੋੜ ਰੁਪਏ ਦੇ ਮੁੜ ਪੂੰਜੀਕਰਨ ਬਾਂਡਾਂ ਅਤੇ ਬਾਕੀ ਦਾ ਪੈਸਾ ਬਾਜ਼ਾਰ ’ਚੋਂ ਲੈਣਾ ਸੀ। ਸਰਕਾਰ ਨੂੰ ਉਮੀਦ ਸੀ ਕਿ ਜਨਤਕ ਖੇਤਰ ਦੇ ਬੈਂਕ ਬੇਸਿਲ 111 ਸ਼ਰਤਾਂ ਨੂੰ ਪੂਰਾ ਕਰਨ ਲਈ ਸ਼ੇਅਰ ਬਾਜ਼ਾਰ ’ਚੋਂ ਮਾਰਚ 2019 ਤਕ 58 ਹਜ਼ਾਰ ਕਰੋੜ ਰੁਪਏ ਇਕੱਠੇ ਕਰਨਗੇ ਪਰ ਬਾਜ਼ਾਰ ’ਚ ਮੰਦੀ ਦੇ ਦੌਰ ਕਾਰਨ ਬੈਂਕ ਅਜੇ ਤਕ ਮੋਟੇ ਫੰਡ ਉਗਰਾਹੁਣ ’ਚ ਨਾਕਾਮਯਾਬ ਰਹੇ ਹਨ। ਇਸ ਤੋਂ ਇਲਾਵਾ ਕਈ ਬੈਂਕਾਂ ਦੇ ਡੁੱਬੇ ਕਰਜ਼ਿਆਂ ਕਰਕੇ ਮਾਲੀ ਵਰ੍ਹੇ ਦੀਆਂ ਦੋ ਤਿਮਾਹੀਆਂ ’ਚ ਭਾਰੀ ਉਛਾਲ ਦੇਖਿਆ ਗਿਆ ਜਿਸ ਨਾਲ ਉਨ੍ਹਾਂ ’ਤੇ ਵਾਧੂ ਦਾ ਭਾਰ ਪੈ ਗਿਆ।
ਸਰਕਾਰ ਵੱਲੋਂ ਏਅਰ ਇੰਡੀਆ ਨੂੰ ਮੁਨਾਫ਼ੇ ’ਚ ਲਿਆਉਣ ਦੀ ਯੋਜਨਾ ਤਹਿਤ 2,345 ਕਰੋੜ ਰੁਪਏ ਦੇਣ ਦਾ ਵੀ ਪ੍ਰਸਤਾਵ ਹੈ। ਇਸ ਦੇ ਨਾਲ ਆਇਲ ਇੰਡੀਆ ਲਿਮਟਿਡ ਵੱਲੋਂ ਬੋਨਸ ਸ਼ੇਅਰਾਂ ਦੇ ਰੂਪ ’ਚ ਵਾਧੂ ਨਿਵੇਸ਼ ਮੁਹੱਈਆ ਕਰਾਉਣ ਲਈ 250.18 ਕਰੋੜ ਰੁਪਏ ਦੀ ਪ੍ਰਵਾਨਗੀ ਦੇਣ ਲਈ ਵੀ ਕਿਹਾ ਗਿਆ ਹੈ। ਰੇਲਵੇ ਮੰਤਰਾਲੇ ਦੇ ਵੱਖ ਵੱਖ ਪ੍ਰਾਜੈਕਟਾਂ ਅਤੇ ਯੋਜਨਾਵਾਂ ਲਈ 5,343.78 ਕਰੋੜ ਰੁਪਏ ਵਾਧੂ ਖ਼ਰਚੇ ਜਾਣ ਦੀ ਯੋਜਨਾ ਵੀ ਹੈ।

11 ਬੈਂਕ ਕਰਜ਼ ਦੇਣ ਦੇ ਅਯੋਗ
ਦੇਸ਼ ਦੇ ਜਿਹੜੇ ਬੈਂਕ ਪੀਸੀਏ ਦੇ ਘੇਰੇ ’ਚ ਆ ਜਾਂਦੇ ਹਨ, ਉਨ੍ਹਾਂ ਵੱਲੋਂ ਕਰਜ਼ੇ ਦੇਣ ’ਤੇ ਆਰਬੀਆਈ ਪਾਬੰਦੀ ਲਗਾ ਦਿੰਦਾ ਹੈ। ਵਿੱਤੀ ਸੇਵਾਵਾਂ ਬਾਰੇ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਤਿੰਨ ਬੈਂਕਾਂ ਦੇ ਪੀਸੀਏ ਦੇ ਘੇਰੇ ’ਚ ਆਉਣ ਦਾ ਖ਼ਦਸ਼ਾ ਬਣ ਗਿਆ ਹੈ ਪਰ ਉਨ੍ਹਾਂ ਨੂੰ ਰਾਸ਼ੀ ਦਿੱਤੇ ਜਾਣ ਨਾਲ ਉਹ ਸੁਰੱਖਿਅਤ ਰਹਿਣਗੇ। ਇਸ ਸਮੇਂ ਜਨਤਕ ਖੇਤਰ ਦੇ 21 ਬੈਂਕਾਂ ’ਚੋਂ 11 ਪੀਸਏ ਦੇ ਦਾਇਰੇ ’ਚ ਆਉਂਦੇ ਹਨ। ਨੀਰਵ ਮੋਦੀ ਵੱਲੋਂ ਕੀਤੇ ਗਏ ਘੁਟਾਲੇ ਦੀ ਮਾਰ ਹੇਠ ਆਏ ਪੰਜਾਬ ਨੈਸ਼ਨਲ ਬੈਂਕ ਨੂੰ ਰਾਸ਼ੀ ਦੇਣ ਬਾਰੇ ਪੁੱਛੇ ਗਏ ਸਵਾਲ ’ਤੇ ਸ੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਪੀਐਨਬੀ ਨੂੰ ਵੀ ਫੰਡ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਟੇਟ ਬੈਂਕ, ਬੈਂਕ ਆਫ਼ ਬੜੌਦਾ, ਇੰਡੀਅਨ ਬੈਂਕ ਅਤੇ ਵਿਜਯਾ ਬੈਂਕ ਨੂੰ ਪੂੰਜੀ ਦੀ ਸ਼ਾਇਦ ਹੀ ਲੋੜ ਪਏਗੀ।

Facebook Comment
Project by : XtremeStudioz