Close
Menu

ਸਰਕਾਰੀ ਵਧੀਕੀਆਂ ਖਿਲਾਫ਼ ਨੌਸ਼ਹਿਰਾ ਪੰਨੂਆਂ ਵਿੱਚ ਹੋਵੇਗੀ ਇਨਸਾਫ਼ ਰੈਲੀ: ਮਾਨ

-- 01 September,2013

31ptnw74

ਅੰਮ੍ਰਿਤਸਰ, 1 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਿੱਚ ਲੋਕਾਂ ’ਤੇ ਹੋ ਰਹੇ ਤਸ਼ੱਦਦ ਅਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ਼ ਪਾਰਟੀ ਵੱਲੋਂ 28 ਸਤੰਬਰ ਨੂੰ ਮਾਝੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ‘ਇਨਸਾਫ਼ ਰੈਲੀ’ ਕੀਤੀ ਜਾਵੇਗੀ। ਇਸ ਰੈਲੀ ਵਿੱਚ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੇ ਵਿਰੋਧੀਆਂ ਖ਼ਿਲਾਫ਼ ਹਜ਼ਾਰਾਂ ਝੂਠੇ ਪਰਚੇ ਦਰਜ ਕਰਵਾਏ ਹਨ। ਇਨ੍ਹਾਂ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਇਹ ਰੈਲੀ ਅਹਿਮ ਭੂਮਿਕਾ ਨਿਭਾਏਗੀ।  ਸ੍ਰੀ ਮਾਨ ਅੱਜ ਇੱਥੇ ਅਕਾਲ ਤਖ਼ਤ ਵਿਖੇ ਭਾਈ ਦਿਲਾਵਰ ਸਿੰਘ ਦੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਅਤੇ ਨਾ ਹੀ ਅਕਾਲੀ ਦਲ ਦੇ ਕਿਸੇ ਆਗੂ ਨੇ ਹਿੱਸਾ ਲਿਆ।
ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਆਏ ਸ੍ਰੀ ਮਾਨ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਕੋਈ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ। ਦਲਿਤ ਲੋਕਾਂ ਦਾ ਮੰਦਾ ਹਾਲ ਹੈ, ਜਿਨ੍ਹਾਂ ਨੂੰ ਖਾਣ ਲਈ ਵੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕਿਸੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕੋਈ ਮੱਦਦ ਨਹੀਂ ਕੀਤੀ ਤੇ ਨਾ ਹੀ ਲੰਗਰ ਲਾਏ ਹਨ। ਉਨ੍ਹਾਂ ਕਾਰ ਸੇਵਾ ਵਾਲਿਆਂ ਬਾਬਿਆਂ ’ਤੇ ਗਿਲਾ ਕੀਤਾ ਕਿ ਉਨ੍ਹਾਂ ਨੇ ਵੀ ਕਿਸੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੰਗਰ ਨਹੀਂ ਲਾਏ।
ਗੁਜਰਾਤ ਦੇ ਸਿੱਖਾਂ ਵੱਲੋਂ ਪੰਜਾਬ ਸਰਕਾਰ ਪਾਸੋਂ ਕਾਨੂੰਨੀ ਮੱਦਦ ਲੈਣ ਤੋਂ ਇਨਕਾਰ ਕੀਤੇ ਜਾਣ ਨੂੰ ਵਧੀਆ ਫ਼ੈਸਲਾ ਦੱਸਦਿਆਂ ਸ੍ਰੀ ਮਾਨ ਨੇ ਕਿਹਾ ਕਿ ਮੋਦੀ ਅਤੇ ਬਾਦਲ ਦੀ ਦੋਸਤੀ ਸਿੱਖਾਂ ਦਾ ਵਿਗਾੜ ਤਾਂ ਸਕਦੀ ਹੈ ਪਰ ਕੁਝ ਸੰਵਾਰ ਨਹੀਂ ਸਕਦੀ।

Facebook Comment
Project by : XtremeStudioz