Close
Menu

ਸਰਕਾਰੀ ਸੰਸਥਾਵਾਂ ਲੋਕਾਂ ਦਾ ਭਰੋਸਾ ਬਹਾਲ ਕਰਨ: ਮੁਖਰਜੀ

-- 24 November,2018

ਨਵੀਂ ਦਿੱਲੀ, 24 ਨਵੰਬਰ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਰਕਾਰ ਤੇ ਸਰਕਾਰੀ ਸੰਸਥਾਵਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਨੂੰ ਲੈ ਕੇ ਬਣਿਆ ਭਰਮ ਟੁੱਟਣ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਸਰਕਾਰੀ ਸੰਸਥਾਵਾਂ ਕੌਮੀ ਕਿਰਦਾਰ ਦਾ ਚਿਹਰਾ ਹੁੰਦੀਆਂ ਹਨ ਤੇ ਭਾਰਤੀ ਜਮਹੂਰੀਅਤ ਨੂੰ ਬਚਾਉਣ ਅਤੇ ਲੋਕਾਂ ਦੇ ਇਨ੍ਹਾਂ ਸੰਸਥਾਵਾਂ ’ਤੇ ਬਣੇ ਭਰੋਸੇ ਦੀ ਬਹਾਲੀ ਲਈ ਫ਼ੌਰੀ ਲਾਜ਼ਮੀ ਕਦਮ ਚੁੱਕਣੇ ਹੋਣਗੇ। ਸ੍ਰੀ ਮੁਖਰਜੀ ਇਥੇ ‘ਟੂਵਰਡਜ਼ ਪੀਸ, ਹਾਰਮਨੀ ਤੇ ਹੈਪੀਨੈੱਸ: ਟਰਾਂਜ਼ਿਸ਼ਨ ਟੂ ਟਰਾਂਸਫਰਮੇਸ਼ਨ’ ਵਿਸ਼ੇ ’ਤੇ ਰੱਖੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਜ਼ੋਰ ਦਿੱਤਾ ਕਿ ਸੰਵਿਧਾਨ ਮੁਤਾਬਕ ਰਾਜਾਂ ਤੇ ਸਰਕਾਰੀ ਸੰਸਥਾਵਾਂ ਦਰਮਿਆਨ ਤਾਕਤ ਦੇ ਨਾਜ਼ੁਕ ਸੰਤੁਲਨ ਨੂੰ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ਸੋਧਾਂ ਇਨ੍ਹਾਂ ਸੰਸਥਾਵਾਂ ਅੰਦਰੋਂ ਹੀ ਨਿਕਲਣਗੀਆਂ। ਕਾਨਫਰੰਸ ਵਿੱਚ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਤੇ ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਵੀ ਮੌਜੂਦ ਸਨ।
ਪ੍ਰਣਬ ਮੁਖਰਜੀ ਫਾਊਂਡੇਸ਼ਨ ਅਤੇ ਪੇਂਡੂ ਵਿਕਾਸ ’ਤੇ ਖੋਜ ਬਾਰੇ ਕੇਂਦਰ (ਕਰਿੱਡ) ਵੱਲੋਂ ਵਿਉਂਤੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੁਖਰਜੀ ਨੇ ਕਿਹਾ, ‘ਸਾਡੇ ਸੰਵਿਧਾਨ ਨੇ ਵੱਖ ਵੱਖ ਸਰਕਾਰੀ ਸੰਸਥਾਵਾਂ ਦਰਮਿਆਨ ਤਾਕਤ ਦਾ ਨਾਜ਼ੁਕ ਸੰਤੁਲਨ ਮੁਹੱਈਆ ਕੀਤਾ ਹੈ, ਜਿਸ ਨੂੰ ਬਣਾ ਕੇ ਰੱਖਣਾ ਹੋਵੇਗਾ।’
ਉਨ੍ਹਾਂ ਕਿਹਾ ਕਿ ਪਿਛਲੇ ਸੱਤਰ ਸਾਲਾਂ ’ਚ ਮੁਲਕ ਨੇ ਸਫ਼ਲਤਾ ਨਾਲ ਸੰਸਦੀ ਜਮਹੂਰੀਅਤ, ਆਜ਼ਾਦ ਜੁਡੀਸ਼ਰੀ ਅਤੇ ਚੋਣ ਕਮਿਸ਼ਨ, ਕੈਗ, ਸੀਵੀਸੀ ਤੇ ਸੀਆਈਸੀ ਵਰਗੀਆਂ ਮਜ਼ਬੂਤ ਸੰਸਥਾਵਾਂ ਸਥਾਪਤ ਕੀਤੀਆਂ ਹਨ, ਜੋ ਸਾਡੇ ਜਮਹੂਰੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਕ ਨੂੰ ਅੱਜ ਅਜਿਹੀ ਸੰਸਦ ਦੀ ਲੋੜ ਹੈ ਜਿੱਥੇ ਵੱਖ ਵੱਖ ਮੁੱਦਿਆਂ ’ਤੇ ਬੇਰੋਕ ਚਰਚਾ ਤੇ ਫੈਸਲੇ ਹੋਣ, ਜਿੱਥੇ ਨਿਆਂ ਬਿਨਾਂ ਦੇਰੀ ਤੋਂ ਮਿਲੇ ਤੇ ਆਗੂ ਮੁਲਕ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੋਣ।

Facebook Comment
Project by : XtremeStudioz