Close
Menu

ਸਰਕਾਰ ਦੀ ਅਣਦੇਖੀ ਕਾਰਨ ਸਾਬਕਾ ਫ਼ੌਜੀਆਂ ਵਿੱਚ ਸਖ਼ਤ ਰੋਸ : ਕਾਹਲੋਂ

-- 28 May,2015

ਚੰਡੀਗੜ੍ਹ, 28 ਮੲੀ
ਸਰਬ ਹਿੰਦ ਫੌਜੀ ਭਾਈਚਾਰਾ ਦੇ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕੌਮੀ ਜਮਹੂਰੀ ਗੱਠਜੋੜ(ਐਨ.ਡੀ.ਏ.) ਸਰਕਾਰ ਵੱਲੋਂ ਆਪਣਾ ਇੱਕ ਸਾਲ ਪੂਰਾ ਕਰ ਲੈਣ ਦੇ ਬਾਵਜੂਦ ‘ਇਕ ਰੈਂਕ ਇਕ ਪੈਨਸ਼ਨ’ ਲਾਗੂ ਨਾ ਕਰਨ ਕਰਕੇ ਫੌਜੀਆਂ ਤੇ ਸਾਬਕਾ ਫੌਜੀਆਂ ਵਿੱਚ ਗੁੱਸੇ ਦੀ ਲਹਿਰ ਹੈ। ਫੌਜੀਆਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਮਈ ਦੀ ਆਪਣੀ ਰੈਲੀ ਦੌਰਾਨ ਇੱਕ ਰੈਂਕ ਇਕ ਪੈਨਸ਼ਨ ਦਾ ਐਲਾਨ ਕਰ ਦੇਣਗੇ।
ਸ੍ਰੀ ਕਾਹਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਸਾਲ ਦੇ ਜਸ਼ਨ ਵਾਲੀ ਰੈਲੀ ਵਿੱਚ ਫੌਜੀਆਂ ਦੀਆਂ ਸਮੱਸਿਆਵਾਂ ਬਾਰੇ ਜ਼ਿਕਰ ਤੱਕ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਸਿਆਚਿਨ ਵਿੱਚ ਆਪਣੇ ਸੰਬੋਧਨ ਦੌਰਾਨ ਫੌਜੀਆਂ ਨੂੰ ਕਿਹਾ ਸੀ ਕਿ ‘ਇਕ ਰੈਂਕ ਇਕ ਪੈਨਸ਼ਨ’ ਲਾਗੂ ਕਰ ਦਿੱਤੀ ਗਈ ਹੈ ਜਦੋਂਕਿ ਹਕੀਕਤ ਇਹ ਹੈ ਕਿ ਅਜੇ ਤੱਕ ਇਸ ਸਬੰਧ ਵਿੱਚ ਕੋਈ ਕੰਮ ਨਹੀਂ ਹੋਇਆ ਹੈ। ਰੱਖਿਆ ਮੰਤਰੀ ਨੇ ਕਈ ਵਾਰ ਮੀਡੀਆ ਰਾਹੀਂ ਯਕੀਨ ਦਿਵਾਇਆ ਸੀ ਕਿ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਉੱਤੇ ਫੌਜੀਆਂ ਦੀ ਇਹ ਸਭ ਤੋਂ ਪ੍ਰਮੁੱਖ ਮੰਗ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਜਨਰਲ(ਸੇਵਾਮੁਕਤ) ਵੀ.ਕੇ. ਸਿੰਘ ਤੇ ਕੇਂਦਰੀ ਮੰਤਰੀ ਕਰਨਲ ਹਰਸ਼ਵਰਧਨ ਰਾਠੌਰ ਵੀ ਸੰਸਦ ਵਿੱਚ ਚੁੱਪ ਧਾਰ ਲੈਂਦੇ ਹਨ। ੳੁਨ੍ਹਾਂ ਕਿਹਾ ਕਿ ਘੱਟੋ ਘੱਟ ਉਨ੍ਹਾਂ ਨੂੰ ਤਾਂ ਫੌਜੀਆਂ ਦੀ ਸਥਿਤੀ ਦੀ ਜਾਣਕਾਰੀ ਹੈ ਅਤੇ ਇਸ ਨੂੰ ਸੰਸਦ ਸਾਹਮਣੇ ਰੱਖਣਾ ਚਾਹੀਦਾ ਹੈ। ਬ੍ਰਿਗੇਡੀਅਰ ਕਾਹਲੋਂ ਨੇ ਸਾਬਕਾ ਫੌਜੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਨੂੰ ਇੱਕ ਮੰਚ ਉੱਤੇ ਆ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੰਘਰਸ਼ ਤੋਂ ਬਿਨਾਂ ਹੁਣ ਕੋਈ ਰਸਤਾ ਨਹੀਂ ਹੈ।

Facebook Comment
Project by : XtremeStudioz