Close
Menu

ਸਰਕਾਰ ਦੀ ਸ਼ਹਿ ਨਾਲ ਸੂਬੇ ਵਿੱਚ ਬੇਖ਼ੌਫ ਚੱਲ ਰਿਹਾ ਹੈ ਟਰਾਂਸਪੋਰਟ ਮਾਫ਼ੀਆ-ਭਗਵੰਤ ਮਾਨ

-- 08 March,2019

ਚੰਡੀਗੜ੍ਹ, 8 ਮਾਰਚ, 2019
ਸਰਕਾਰ ਅਤੇ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਨਾਲ ਸੂਬੇ ਵਿੱਚ ਚੱਲ ਰਹੇ ਟਰਾਂਸਪੋਰਟ ਮਾਫ਼ੀਆ ਵੱਲੋਂ ਸੂਬੇ ਦੇ ਸਰਕਾਰੀ ਤੰਤਰ ਨੂੰ ਲਗਾਏ ਜਾ ਰਹੇ ਖੌਰੇ ਬਾਰੇ ਬੋਲਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਮੀਡੀਆ ਵਿਚ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸ਼ਰਾਬ ਅਤੇ ਰੇਤ ਮਾਫ਼ੀਆ ਵਾਂਗ ਸੂਬੇ ਵਿੱਚ ਪਾਸਪੋਰਟ ਮਾਫ਼ੀਆ ਵੀ ਬੇਰੋਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਕਾਂਗਰਸੀ ਆਗੂ ਸੂਬੇ ਦੇ ਟਰਾਂਸਪੋਰਟ ਮਾਫ਼ੀਆ ਨੂੰ ਸ਼ਹਿ ਦੇ ਰਹੇ ਹਨ।
ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਹੋਣ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਵੀ ਬਾਦਲ ਆਪਣੀ ਕਾਲੀ ਕਮਾਈ ਰਾਹੀਂ ਟਰਾਂਸਪੋਰਟ ਮਾਫ਼ੀਆ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਾਦਲ ਪਰਿਵਾਰ ਟਰਾਂਸਪੋਰਟ ਮਾਫ਼ੀਆ ਦਾ ਸਭ ਤੋਂ ਵੱਡਾ ਸਰਗਨਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਡਰ ਕਾਰਨ ਹੀ ਛੋਟੇ ਟਰਾਂਸਪੋਰਟਰ ਜਾਂ ਤਾਂ ਬਿਜ਼ਨੈੱਸ ਛੱਡ ਰਹੇ ਹਨ ਜਾਂ ਉਨ੍ਹਾਂ ਨੂੰ ਬਾਦਲਾਂ ਨਾਲ ਮਿਲ ਕੇ ਕੰਮ ਕਰਨਾ ਪੈ ਰਿਹਾ ਹੈ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਕਾਰਨ ਹੀ ਸੂਬੇ ਦਾ ਸਰਕਾਰੀ ਤੰਤਰ ਬਾਦਲਾਂ ਸਾਹਮਣੇ ਬੌਣਾ ਮਹਿਸੂਸ ਕਰ ਰਿਹਾ ਹੈ ਅਤੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਬਾਦਲ ਆਪਣੇ ਕਾਲੇ ਧਨ ਨੂੰ ਟਰਾਂਸਪੋਰਟ ਦੇ ਬਿਜ਼ਨੈੱਸ ਵਿੱਚ ਲਗਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਸੂਬੇ ਦੇ ਕਿਸੇ ਵੀ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲਾਂ ਦੀਆਂ ਬੱਸਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਮੁੱਦੇ ਉੱਤੇ ਸਪਸ਼ਟੀਕਰਨ ਦੇਣ ਦੀ ਮੰਗ ਕਰਦਿਆਂ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਨ੍ਹਾਂ ਨੂੰ ਬਾਦਲਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੌਣ ਰੋਕ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਾਦਲਾਂ ਦੁਆਰਾ ਗ਼ਲਤ ਢੰਗ ਨਾਲ ਚਲਾਏ ਜਾ ਰਹੇ ਰੂਟਾਂ ਤੇ ਉਨ੍ਹਾਂ ਦੀਆਂ ਬੱਸਾਂ ਨੂੰ ਬੰਦ ਕਰਵਾਏ ਅਤੇ ਕਾਨੂੰਨ ਦੇ ਅਨੁਸਾਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇ।

Facebook Comment
Project by : XtremeStudioz