Close
Menu

ਸਰਜੀਕਲ ਹਮਲਿਆਂ ਨੂੰ ਮੋਦੀ ਨੇ ਸਿਆਸੀ ਲਾਹੇ ਲਈ ਵਰਤਿਆ: ਰਾਹੁਲ ਗਾਂਧੀ

-- 09 December,2018

ਨਵੀਂ ਦਿੱਲੀ, 9 ਦਸੰਬਰ
ਸੇਵਾਮੁਕਤ ਫ਼ੌਜੀ ਜਰਨੈਲ ਡੀ ਐਸ ਹੂੱਡਾ ਵਲੋਂ 2016 ਵਿਚ ਕੀਤੇ ਗਏ ਸਰਜੀਕਲ ਹਮਲਿਆਂ ਦਾ ਢੰਡੋਰਾ ਪਿੱਟਣ ’ਤੇ ਨਾਖੁਸ਼ੀ ਜਤਾਉਣ ਤੋਂ ਇਕ ਦਿਨ ਬਾਅਦ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਸਿਆਸੀ ਲਾਹਾ ਲੈਣ ਖਾਤਰ ਹੀ ਇਸ ਦਾ ਪ੍ਰਚਾਰ ਕੀਤਾ ਸੀ। ਕੱਲ੍ਹ ਚੰਡੀਗੜ੍ਹ ਵਿਚ ਫ਼ੌਜੀ ਸਾਹਿਤ ਮੇਲੇ ਦੌਰਾਨ ਇਕ ਸੈਮੀਨਾਰ ਵਿਚ ਹਿੱਸਾ ਲੈਂਦਿਆਂ ਲੈਫਟੀਨੈਂਟ ਜਨਰਲ (ਸੇਵਾਮੁਕਤ) ਹੂੱਡਾ ਨੇ ਕਿਹਾ ਸੀ ਕਿ ਚੰਗਾ ਹੁੰਦਾ ਜੇ ਅਸੀਂ ਸਰਜੀਕਲ ਹਮਲਿਆਂ ਦਾ ਭੇਤ ਬਰਕਰਾਰ ਰੱਖਦੇ। ਉਸ ਵੇਲੇ ਉਹ ਉੱਤਰੀ ਕਮਾਂਡ ਦੇ ਮੁਖੀ ਸਨ ਜਦੋਂ ਭਾਰਤੀ ਫ਼ੌਜ ਨੇ ਅਸਲ ਕੰਟਰੋਲ ਰੇਖਾ ਦੇ ਪਾਰ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਸਰਜੀਕਲ ਹਮਲੇ ਕੀਤੇ ਸਨ। ਕਾਂਗਰਸ ਆਗੂ ਨੇ ਟਵਿਟਰ ’ਤੇ ਆਖਿਆ ‘‘ਜਰਨੈਲ, ਤੁਸੀਂ ਇਕ ਸੱਚੇ ਫ਼ੌਜੀ ਵਾਂਗ ਗੱਲ ਕੀਤੀ ਹੈ। ਭਾਰਤ ਨੂੰ ਤੁਹਾਡੇ ’ਤੇ ਮਾਣ ਹੈ। ਸ੍ਰੀਮਾਨ 56 ਨੂੰ ਫ਼ੌਜ ਨੂੰ ਆਪਣੇ ਜ਼ਾਤੀ ਅਸਾਸੇ ਦੀ ਤਰ੍ਹਾਂ ਵਰਤਣ ਵਿਚ ਕੋਈ ਸੰਗ ਸ਼ਰਮ ਨਹੀਂ ਹੈ। ਉਹ ਸਰਜੀਕਲ ਹਮਲਿਆਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਦੇ ਹਨ ਤੇ ਰਾਫ਼ਾਲ ਸੌਦਾ ਕਰ ਕੇ ਅਨਿਲ ਅੰਬਾਨੀ ਦੀ ਅਸਲ ਪੂੰਜੀ ਵਿਚ 30 ਹਜ਼ਾਰ ਕਰੋੜ ਦਾ ਵਾਧਾ ਕਰਦੇ ਹਨ।’’ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਹੋਛੀ ਰਾਜਨੀਤੀ ਬੇਨਕਾਬ ਕਰਨ ਬਦਲੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਹੂੱਡਾ ਦੀ ਸ਼ਲਾਘਾ ਕੀਤੀ ਹੈ।

Facebook Comment
Project by : XtremeStudioz